ਜਾਪਾਨ ਦੇ ਰਾਜਦੂਤ ਵਲੋਂ ਕੈਪਟਨ ਨਾਲ ਮੁਲਾਕਾਤ, ਪੰਜਾਬ ਵਿੱਚ ਨਿਵੇਸ ਦੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ

ਚੰਡੀਗੜ, 6 ਦਸੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸ੍ਰੀ ਸਤੋਸ਼ੀ ਸੁਜ਼ੂਕੀ ਨੂੰ ਅਪੀਲ ਕੀਤੀ ਕਿ ਉਹ ਜਾਪਾਨੀ ਕੰਪਨੀਆਂ ਵਲੋਂ ਰਾਜਪੁਰਾ ਅਤੇ ਬਠਿੰਡਾ ਵਿੱਚ ਬਣਨ ਵਾਲੇ ਮੈਗਾ ਉਦਯੋਗਿਕ ਪਾਰਕਾਂ ਵਿੱਚ ਨਿਵੇਸ਼ ਲਈ ਜ਼ੋਰ ਦੇਣ।

ਸ੍ਰੀ ਸੁਜ਼ੂਕੀ ਨੇ ਮੋਹਾਲੀ ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਪਹਿਲੇ ਦਿਨ ਸ਼ਿਰਕਤ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਹੋਈ ਇਸ ਮਿਲਣੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਾਪਾਨੀ ਰਾਜਦੂਤ ਨੂੰ ਦੱਸਿਆ ਕਿ ਰਾਜਪੁਰਾ, ਮੋਹਾਲੀ ਦੇ ਬਿਲਕੁਲ ਨਾਲ ਵਸਿਆ ਹੋਇਆ ਹੈ ਜਿਸ ਨਾਲ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬਿਹਤਰੀਨ ਸੜਕੀ ਤੇ ਹਵਾਈ ਆਵਾਜਾਈ ਵੀ ਉਪਲਬਧ ਹੋਵੇਗੀ।

ਉਨਾਂ ਦੱਸਿਆ ਕਿ ਰਾਜਪੁਰਾ ਥਰਮਲ ਪਲਾਂਟ ਰਾਹੀਂ ਉਦਯੋਗਿਕ ਪਾਰਕ ਵਿੱਚ ਕੰਪਨੀ ਦੇ ਯੂਨਿਟ ਸਥਾਪਤ ਕਰਨ ਲਈ ਨਿਵੇਸ਼ਕਾਂ ਦੀਆਂ ਬਿਜਲੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।

ਇਸ ਮੌਕੇ ਸ੍ਰੀ ਸੁਜ਼ੂਕੀ ਨੇ ਪੰਜਾਬ ਵਿੱਚ ਨਿਵੇਸ਼ ਲਈ ਅਨੁਕੂਲ ਵਾਤਾਵਰਣ ਕਾਇਮ ਕਰਨ ’ਤੇ ਸਰਕਾਰ ਦੀ ਸਲਾਹੁਤਾ ਕਰਦਿਆਂ ਭਰੋਸਾ ਦਿੱਤਾ ਕਿ ਜਾਪਾਨੀ ਕੰਪਨੀਆਂ ਰਾਜ ਅੰਦਰ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਲਈ ਅੱਗੇ ਆਉਣਗੀਆਂ। ਉਨਾਂ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਕਿ ਉਹ ਜਾਪਾਨ ਆਉਣ ਅਤੇ ਉੱਥੋਂ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਾਉਣ।

ਉਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਸਰਕਾਰ ਇੱਕ ਸਮਰਪਤ ਅਧਿਕਾਰੀ ਨੂੰ ਜਾਪਾਨੀ ਕੰਪਨੀਆਂ ਅਤੇ ਜਾਪਾਨ ਵਿਦੇਸ਼ ਟਰੇਡ ਸੰਸਥਾ (ਜੈਟਰੋ) ਨਾਲ ਰਾਬਤੇ ਲਈ ਤਾਇਨਾਤ ਕਰਨ ਤਾਂ ਜੋ ਜਾਪਾਨੀ ਨਿਵੇਸ਼ ਦੇ ਨਾਲ-ਨਾਲ ਤਕਨੀਕੀ ਭਾਈਵਾਲੀਆਂ ਅਤੇ ਜਾਪਾਨੀ ਕੰਪਨੀਆਂ ਨਾਲ ਸਾਂਝ ਹੋਰ ਪੀਡੀ ਕੀਤਾ ਜਾ ਸਕੇ।

ਵਧੀਕ ਮੁੱਖ ਸਕੱਤਰ ਉਦਯੋਗ ਅਤੇ ਨਿਵੇਸ਼ ਪ੍ਰੋਤਸਾਹਨ ਸ੍ਰੀਮਤੀ ਵਿਨੀ ਮਹਾਜਨ ਨੇ ਸ੍ਰੀ ਸੁਜ਼ੂਕੀ ਨੂੰ ਜਾਣੂ ਕਰਾਇਆ ਕਿ ਜਾਪਾਨ ਦੀਆਂ ਕਈ ਨਾਮੀ ਕੰਪਨੀਆਂ ਜਿਨਾਂ ਵਿੱਚ ਆਇਚੀ, ਇਸੁਜ਼ੂ, ਯੈਨਮਾਰ ਅਤੇ ਕੰਸਾਈ ਨੇ ਪਹਿਲਾਂ ਹੀ ਪੰਜਾਬ ਦੀਆਂ ਮੋਹਰੀ ਕੰਪਨੀਆਂ ਵਰਧਮਾਨ ਗਰੁੱਪ, ਸਵਰਾਜ ਮਾਜ਼ਦਾ ਲਿਮਿਟਡ, ਸੋਨਾਲੀਕਾ ਅਤੇ ਨੈਰੋਲੈਕ ਪੇਂਟ ਨਾਲ ਕ੍ਰਮਵਾਰ ਸਾਂਝ ਬਣਾਈ ਹੋਈ ਹੈ।

ਉਨਾਂ ਕਿਹਾ ਕਿ ਜਾਪਾਨ ਦਾ ਪਹਿਲਾਂ ਹੀ ਮਜ਼ਬੂਤ ਆਧਾਰ ਹੋਣ ਸਦਕਾ ਪੰਜਾਬ ਵਿੱਚ ਹੋਰ ਵੱਡੇ ਨਿਵੇਸ਼ ਕੀਤੇ ਜਾ ਸਕਦੇ ਹਨ। ਉਨਾਂ ਸ੍ਰੀ ਸੁਜ਼ੂਕੀ ਨੂੰ ਸੱਦਾ ਦਿੱਤਾ ਕਿ ਉਹ ਮੋਹਾਲੀ ਸਥਿਤ ਐਸ.ਟੀ.ਪੀ.ਆਈ. ਇੰਕੂਬੇਸ਼ਨ ਸੈਂਟਰ ਦਾ ਦੌਰਾ ਕਰਨ ਅਤੇ ਰਾਜ ਵਿੱਚ ਉਦਯੋਗਿਕ ਵਿਕਾਸ ਦੇ ਭਾਈਵਾਲ ਬਣਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਨਿਵੇਸ਼ ਪੰਜਾਬ ਮੇਜਰ ਬੀ.ਐਸ. ਕੋਹਲੀ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਨਿਵੇਸ਼ ਪੰਜਾਬ ਦੇ ਵਧੀਕ ਸੀ.ਈ.ਓ. ਅਵਨੀਤ ਕੌਰ ਹਾਜ਼ਰ ਸਨ।

Share News / Article

Yes Punjab - TOP STORIES