‘ਜਾਗੋ’ ਨੇ ਰਾਜੋਆਣਾ ਦੀ ਸਜਾ ਮਾਫੀ ਮਨਾਹੀ ਦਾ ਠੀਕਰਾ ਅਕਾਲੀ ਦਲ ਸਿਰ ਭੰਨਿਆ

ਨਵੀਂ ਦਿੱਲੀ, 3 ਦਸੰਬਰ 2019:

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿੱਚ ਦੋਸ਼ੀ ਕਰਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਲੋਂ ਲੋਕਸਭਾ ਵਿੱਚ ਅੱਜ ਦਿੱਤੀ ਗਈ ਸਫਾਈ ਦੇ ਬਾਅਦ ‘ਜਾਗੋ’ ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਈਆ ਹੈ।

ਦਰਅਸਲ ਸ਼ਾਹ ਨੇ ਕਾਂਗਰਸ ਦੇ ਲੋਕਸਭਾ ਸਾਂਸਦ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਦੇ ਸਵਾਲ ਦੇ ਜਵਾਬ ਵਿੱਚ ਸਾਫ਼ ਕਿਹਾ ਸੀ ਕਿ ਭਾਈ ਰਾਜੋਆਣਾ ਦੀ ਉਮਰ ਕੈਦ ਦੀ ਸਜਾ ਨੂੰ ਮਾਫ ਨਹੀਂ ਕੀਤਾ ਗਿਆ ਹੈ। ਜਿਸ ਵਜ੍ਹਾ ਕਰਕੇ ਜਾਗੋ – ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਮਸਲਿਆਂ ਉੱਤੇ ਸੰਭਲ ਕੇ ਬੋਲਣ ਦੀ ਨਸੀਹਤ ਦਿੱਤੀ ਹੈ।

ਜੀਕੇ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਉਮਰ ਕੈਦ ਦੀ ਸਜਾ ਮਾਫੀ ਦੀ ਮੀਡੀਆ ਵਲੋਂ ਜਾਰੀ ਕੀਤੀ ਗਈ ਗੈਰ ਆਧਿਕਾਰਿਕ ਅਤੇ ਗੈਰ ਪੁਸਟ ਖਬਰ ਉੱਤੇ ਹੀ ਅਕਾਲੀ ਦਲ ਦੇ ਆਗੂਆਂ ਨੇ ਪੁੰਨ ਖੱਟਣ ਦੀ ਜਲਦੀ ਵਿੱਚ ਕੌਮ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਕਿਉਂਕਿ ਇਹਨਾਂ ਦੀ ਇਸ ਗਲਤੀ ਨਾਲ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰ ਉੱਤੇ ਦਬਾਅ ਪਾਉਣ ਦਾ ਬੇਲੌੜਾ ਮੌਕਾ ਮਿਲ ਗਿਆ।

ਜੀਕੇ ਨੇ ਕਿਹਾ ਕਿ ਕਮਾਲ ਇਸ ਗੱਲ ਦੀ ਹੈ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਹੋਣ ਦੇ ਬਾਵਜੂਦ ਇਹ ਲੋਕ ਗ੍ਰਹਿ ਮੰਤਰਾਲੇ ਤੋਂ ਖਬਰ ਦੀ ਪੁਸ਼ਟੀ ਨਹੀਂ ਕਰ ਪਾਏ ਸਗੋਂ ਪੁੰਨ ਖੱਟਣ ਦੀ ਹੋੜ ਵਿੱਚ ਧੜਾਧੜ ਟਵੀਟ ਕਰਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕਰ ਦਿੱਤਾ। ਇਹ ਅਕਾਲੀ ਦਲ ਦੀ ਖੋਖਲੇ ਹੋਏ ਵੈਚਾਰਕ ਸਭਿਆਚਾਰ ਦੀ ਝਲਕੀ ਹੈ।

ਜੀਕੇ ਨੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਵੱਡੀ ਗਲਤੀ ਲਈ ਆਪਣੇ ਮੀਡੀਆ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਤੋਂ ਜਵਾਬਤਲਬੀ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਿਰਸਾ ਦੀ ਦਖਲਅੰਦਾਜੀ ਸਿੱਖ ਮਸਲਿਆਂ ਉੱਤੇ ਰਹੇਗੀ, ਇਸ ਤਰ੍ਹਾਂ ਤੁਹਾਡੀ ਜਗ ਹੰਸਾਈ ਹੁੰਦੀ ਰਹੇਗੀ।

ਜੀਕੇ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਬਿਆਨ ਦਿੰਦੇ ਹੋਏ ਦੁੱਖ ਹੋ ਰਹੀਆਂ ਹੈ ਕਿਉਂਕਿ ਕੌਮ ਦੇ ਹੀਰੇ ਭਾਈ ਰਾਜੋਆਣਾ ਦਾ ਇਹਨਾਂ ਦੀ ਗਲਤੀ ਕਾਰਨ ਖੁੱਲੀ ਹਵਾ ਵਿੱਚ ਸਾਹ ਲੈਣ ਦਾ ਮੌਕਾ ਖੁੱਸ ਗਿਆ ਹੈ। ਜੀਕੇ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਤੋਂ ਇਹ ਸਾਬਤ ਹੋ ਗਿਆ ਹੈ ਕਿ ਸਿੱਖ ਮਸਲਿਆਂਂ ਉੱਤੇ ਸਰਕਾਰ ਵਿੱਚ ਅਕਾਲੀ ਦਲ ਦੀ ਕੋਈ ਪੁੱਛ ਨਹੀਂ ਹੈ।

ਇਨ੍ਹਾਂ ਦਾ ਕੰਮ ਤਾਂ ਸਿਰਫ ਸਰਕਾਰ ਦੇ ਸਿੱਖ ਪੱਖੀ ਫੈਸਲਿਆਂ ਉੱਤੇ ਆਪਣਾ ਲੇਬਲ ਲਗਾਉਣ ਦਾ ਰਹਿ ਗਿਆ ਹੈ। ਇਸਤੋਂ ਪਹਿਲਾਂ ਕਦੇ ਵੀ ਅਕਾਲੀ ਦਲ ਨੂੰ ਸਿੱਖ ਮਾਮਲਿਆਂਂ ਉੱਤੇ ਖੁੰਝੇ ਲਾਉਣ ਦੀ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਸੀ।

ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਹਮੇਸ਼ਾ ਸਿੱਖ ਮਸਲਿਆਂਂ ਨੂੰ ਚੁੱਕਣ ਅਤੇ ਹੱਲ ਕਰਵਾਉਣ ਲਈ ਜਾਣੀ ਜਾਂਦੀ ਸੀ ਪਰ ਹੁਣ ਇੱਕ ਪਰਿਵਾਰ ਦੀ ਅਗਵਾਈ ਵਿੱਚ ਚੱਲ ਰਹੀ ਪਾਰਟੀ ਸਿੱਖ ਮੁੱਦਿਆਂਂ ਉੱਤੇ ਉਤਪਾਦਕ ਦੀ ਜਗ੍ਹਾ ਦੂਜੇ ਉਤਪਾਦਕ ਦੇ ਮਾਲ ਦੀ ਮਾਰਕਿਟਿੰਗ ਕਰਨ ਤੱਕ ਸੀਮਿਤ ਹੋਣ ਦੇ ਨਾਲ ਸਿਰਫ ਪੁੰਨ ਖੱਟਣ ਲਈ ਕੰਮ ਕਰਣ ਵਾਲੀ ਪਾਰਟੀ ਹੋ ਗਈ ਹੈ।