ਜਲੰਧਰ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ‘ਚ ਤੇਜ਼ੀ ਲਿਆ ਕੇ ਤੈਅ ਸਮੇਂ ‘ਚ ਮੁਕੰਮਲ ਕੀਤੇ ਜਾਣ: ਓ ਪੀ ਸੋਨੀ

ਯੈੱਸ ਪੰਜਾਬ
ਜਲੰਧਰ, 13 ਦਸੰਬਰ, 2021 –
ਪੰਜਾਬ ਦੇ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਅੱਜ ਜਲੰਧਰ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਲਾਭਪਾਤਰੀਆਂ ਤੱਕ ਪਹੁੰਚ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਵਿਕਾਸ ਪ੍ਰਾਜੈਕਟਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਂਦਿਆਂ ਇਨ੍ਹਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦਾ ਲਾਭ ਮਿਲ ਸਕੇ।

ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਕੰਮਾਂ ਦੀ ਸਮੀਖਿਆ ਕਰਦਿਆਂ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਨਗਰ ਨਿਗਮ, ਨਗਰ ਸੁਧਾਰ ਟਰੱਸਟ ਅਤੇ ਦਿਹਾਤੀ ਖੇਤਰ ਦੀਆਂ ਸਕੀਮਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾਂ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੇ ਟੀਚੇ ਨੂੰ ਹਰ ਹਾਲ ਹਾਸਲ ਕਰਨ।

ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਪੰਜਾਬ ਦੇ ਸਕੂਲ ਅਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ, ਮੇਅਰ ਜਗਦੀਸ਼ ਰਾਜ ਰਾਜਾ, ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਕੁਮਾਰ ਰਿੰਕੂ, ਅਵਤਾਰ ਸਿੰਘ ਬਾਵਾ ਹੈਨਰੀ ਅਤੇ ਚੌਧਰੀ ਸੁਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣੂੰ ਕਰਵਾਇਆ ਕਿ ਪੰਜਾਬ ਵਿੱਚ ਇੰਤਕਾਲ ਜਾਰੀ ਕਰਨ ਜਲੰਧਰ ਜ਼ਿਲ੍ਹਾ ਪੰਜਾਬ ਭਰ ਵਿੱਚ ਦੂਜੇ ਸਥਾਨ ‘ਤੇ ਹੈ। ਇਸੇ ਤਰ੍ਹਾਂ ਨਗਰ ਨਿਗਮ ਜਲੰਧਰ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਕੁੱਲ 128 ਅਲਾਟ ਕੀਤੇ ਕੰਮਾਂ ਵਿੱਚੋਂ 127 ਸ਼ੁਰੂ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ 122 ਮੁਕੰਮਲ ਕੀਤੇ ਜਾ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੱਲੋਂ ਅਲਾਟ ਕੀਤੇ 188 ਕੰਮਾਂ ਵਿੱਚੋਂ 185 ਕੰਮ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਨਗਰ ਨਿਗਮ ਵੱਲੋਂ ਅਲਾਟ ਕੀਤੇ 198 ਕੰਮਾਂ ਵਿੱਚੋਂ 124 ਕੰਮ ਮੁਕੰਮਲ ਹੋ ਗਏ ਹਨ ਜਦਕਿ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕਰਵਾਏ 237 ਕੰਮਾਂ ਵਿੱਚੋਂ 215 ਨੇਪਰੇ ਚਾੜ੍ਹੇ ਜਾ ਚੁੱਕੇ ਹਨ।ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਤਹਿਤ 85 ਫੀਸਦੀ ਲਾਭਪਾਤਰੀਆਂ ਨੂੰ 7 ਦਿਨਾਂ ਦੇ ਅੰਦਰ-ਅੰਦਰ ਅਦਾਇਗੀਆਂ ਯਕੀਨੀ ਬਣਾਈਆਂ ਗਈਆਂ ਹਨ ਅਤੇ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਤਹਿਤ ਸ਼ੁਰੂ ਕਰਵਾਏ 3075 ਕੰਮਾਂ ਵਿੱਚੋਂ 2780 ਯਾਨੀ ਕੁੱਲ ਪ੍ਰਾਪਤ ਗ੍ਰਾਂਟਾਂ ਦੀ 91 ਫੀਸਦੀ ਰਾਸ਼ੀ ਖਰਚ ਕਰਦਿਆਂ 90 ਫੀਸਦੀ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ।

ਕੋਵਿਡ ਟੀਕਾਕਰਨ ਦੀ ਸਮੀਖਿਆ ਦੌਰਾਨ ਉਪ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਜਲੰਧਰ ਵਿੱਚ ਕੁੱਲ 16.21 ਲੱਖ ਦੇ ਕਰੀਬ ਯੋਗ ਲਾਭਪਾਤਰੀ ਹਨ, ਜਿਨ੍ਹਾਂ ਵਿੱਚੋਂ 91.06 ਫੀਸਦੀ ਨੂੰ ਪਹਿਲੀ ਅਤੇ 54.08 ਫੀਸਦੀ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ।ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ 91.02 ਫੀਸਦੀ ਪਰਿਵਾਰਾਂ ਨੂੰ ਕਵਰ ਕਰਦਿਆਂ 263891 ਕਾਰਡ ਬਣਾਏ ਜਾ ਚੁੱਕੇ ਹਨ, ਜਿਸ ਤਹਿਤ 13 ਸਰਕਾਰੀ ਅਤੇ 71 ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ।

ਭਲਾਈ ਸਕੀਮਾਂ ਬਾਰੇ ਦੱਸਿਆ ਗਿਆ ਕਿ ਸਮਾਜਿਕ ਸੁਰੱਖਿਆ ਬੁਢਾਪਾ, ਵਿਧਵਾ, ਦਿਵਿਆਂਗ ਅਤੇ ਆਸ਼ਰਿਤ ਬੱਚਿਆਂ ਦੀਆਂ ਪੈਨਸ਼ਨਾਂ ਨਵੰਬਰ ਮਹੀਨੇ ਤੱਕ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਸੇਵਾ ਕੇਂਦਰਾਂ ਵਿੱਚ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਮੋਹਰੀ ਜਲੰਧਰ ਜ਼ਿਲ੍ਹੇ ਵਿੱਚ ਨਵੰਬਰ ਮਹੀਨੇ ਤੱਕ 3.68 ਲੱਖ ਦੇ ਕਰੀਬ ਪ੍ਰਾਪਤ ਅਰਜ਼ੀਆਂ ਵਿੱਚੋਂ 3.46 ਲੱਖ ਤੋਂ ਵੱਧ ਵਿੱਚ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਚੁੱਕੀਆਂ ਹਨ। ਦਿਵਿਆਂਗ ਵਿਅਕਤੀਆਂ ਨੂੰ ਜਾਰੀ ਕੀਤਾ ਜਾਂਦਾ ਵਿਲੱਖਣ ਪਛਾਣ ਪੱਤਰ ਦੇਣ ਸਬੰਧੀ ਜਲੰਧਰ ਜ਼ਿਲ੍ਹੇ ਵਿੱਚ ਕੁੱਲ 26 ਹਜ਼ਾਰ ਤੋਂ ਵੱਧ ਅਰਜ਼ੀਆਂ ਵਿੱਚ 19150 ਕਾਰਡ ਬਣਾਏ ਜਾ ਚੁੱਕੇ ਹਨ ਜਦਕਿ 6840 ਵੱਖ-ਵੱਖ ਕਾਰਨਾਂ ਕਰਕੇ ਰੱਦ ਹੋ ਚੁੱਕੇ ਹਨ।

ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਜ਼ਿਲ੍ਹੇ ਲਈ 1460.06 ਕਰੋੜ ਰੁਪਏ ਦੀ ਲਾਗਤ ਨਾਲ 71 ਪ੍ਰਾਜੈਕਟਾਂ ਨੂੰ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਜਲ ਜੀਵਨ ਮਿਸ਼ਨ, ਸਵੱਛ ਭਾਰਤ ਮਿਸ਼ਨ, ਮਾਡਲ ਖੇਡਾਂ ਦੇ ਮੈਦਾਨ, ਹਰਿਆਵਲ ਵਧਾਉਣ, ਸਮਾਰਟ ਸੜਕਾਂ, ਵਰਿਆਣਾ ਡੰਪ ਵਿਖੇ ਬਾਇਓਮਾਇਨਿੰਗ, ਸ਼ਹਿਰ ਵਿੱਚ ਐਲ.ਈ.ਡੀ. ਲਾਈਟਾਂ, ਡਰੇਨੇਜ ਸਿਸਟਮ, ਬਰਲਟਨ ਪਾਰਕ ਵਿਖੇ ਸਟੇਡੀਅਮ ਆਦਿ ਬਾਰੇ ਵੀ ਪ੍ਰਗਤੀ ਦਾ ਜਾਇਜ਼ਾ ਲਿਆ।

ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਆਈ.ਜੀ. ਜਲੰਧਰ ਜ਼ੋਨ ਜੀ.ਐਸ. ਢਿੱਲੋਂ, ਐਸ.ਐਸ.ਪੀ. (ਦਿਹਾਤੀ) ਸਤਿੰਦਰ ਸਿੰਘ, ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਆਦਿ ਮੌਜੂਦ ਸਨ।

ਕੇਜਰੀਵਾਲ ਦਾ ਸਿਹਤ ਮਾਡਲ ਬੁਰੀ ਤਰ੍ਹਾਂ ਫੇਲ ਹੋਇਆ : ਉਪ ਮੁੱਖ ਮੰਤਰੀ ਨੇ ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਕ-ਇਕ ਕਰਕੇ ਆਮ ਆਦਮੀ ਪਾਰਟੀ ਦੇ ਵੱਖੋ-ਵੱਖ ਮਾਡਲ ਫੇਲ ਹੋਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਮੌਕੇ ਦਿੱਲੀ ਦੇ ਸਿਹਤ ਸਿਸਟਮ ਦਾ ਕੀ ਹਾਲ ਸੀ, ਇਹ ਜਗ ਜ਼ਾਹਰ ਹੈ ਅਤੇ ਲੋਕਾਂ ਨੂੰ ਬੇਤਹਾਸ਼ਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਨਰਸਾਂ/ਆਸ਼ਾ ਵਰਕਰਾਂ ਦੀਆਂ ਮੰਗਾਂ ‘ਤੇ ਫੈਸਲਾ ਜਲਦ: ਉਪ ਮੁੱਖ ਮੰਤਰੀ ਓ ਪੀ ਸੋਨੀ, ਜੋ ਕਿ ਸਿਹਤ ਮੰਤਰੀ ਵੀ ਹਨ, ਨੇ ਨਰਸਾਂ/ਆਸ਼ਾ ਵਰਕਰਾਂ ਦੇ ਧਰਨਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਦੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਆਉਂਦੇ ਕੁਝ ਹੀ ਦਿਨਾਂ ਵਿੱਚ ਜਾਇਜ਼ ਮੰਗਾਂ ਸਬੰਧੀ ਜਲਦ ਹੀ ਫੈਸਲਾ ਲਿਆ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ