ਜਲੰਧਰ ਪੁਲਿਸ ਵਲੋਂ ਗੰਨਾ ਪਿੰਡ ਵਿਖੇ ਵਿਸ਼ੇਸ਼ ਜਾਂਚ ਮੁਹਿੰਮ – 6 ਸ਼ੱਕੀ ਵਿਅਕਤੀ ਕਾਬੂ, ਹੈਰੋਇਨ ਅਤੇ ਨਜਾਇਜ਼ ਸ਼ਰਾਬ ਬਰਾਮਦ

ਜਲੰਧਰ, 18 ਜੁਲਾਈ, 2019:

ਜਲੰਧਰ ਵਿੱਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਦਿਹਾਤੀ ਪੁਲਿਸ ਨੇ ਫਿਲੌਰ ਦੇ ਨੇੜੇ ਗੰਨਾ ਪਿੰਡ ਵਿਖੇ ਘਰ ਘਰ ਜਾ ਕੇ ਇਕ ਵਿਸ਼ੇਸ਼ ਮੁਹਿੰਮ ਤਹਿਤ 6 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਸ਼੍ਰੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਇਹ ਮੁਹਿੰਮ ਤਿੰਨ ਘੰਟੇ ਜਾਰੀ ਰਹੀ , ਜਿਸਦੀ ਅਗਵਾਈ ਸੁਪਰਡੈਂਟ ਪੁਲਿਸ ਆਰ ਪੀ ਐਸ ਸੰਧੂ , ਪਰਮਿੰਦਰ ਸਿੰਘ ਅਤੇ ਏ.ਆਈ.ਜੀ ਐਸ.ਟੀ.ਪੀ ਹਰਵਿੰਦਰ ਸਿੰਘ ਨੇ ਕੀਤੀ।

ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ 200 ਦੇ ਕਰੀਬ ਪੁਲਿਸ ਜਵਾਨ ਵਲੋਂ ਜਿਥੇ ਅਨੇਕਾਂ ਘਰਾਂ ਵਿਚ ਜਾਂਚ ਕੀਤੀ ਗਈ ਉੱਥੇ ਹੀ ਡਾਗ ਸੁਕਐਡ ਅਤੇ ਦੰਗਾ ਵਿਰੋਧੀ ਟੀਮਾਂ ਵਲੋਂ ਵੀ ਜਾਂਚ ਮੁਹਿੰਮ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਈ ਗਈ।

ਸ਼੍ਰੀ ਮਾਹਲ ਨੇ ਕਿਹਾ ਕਿ ਪੁਲਿਸ ਨੇ ਸਵੇਰੇ ਪੰਜ ਵਜੇ ਪਿੰਡ ਵਿੱਚ ਦਾਖਲ ਹੋਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਨਾ ਤਾਂ ਪਿੰਡ ਵਿਚ ਦਾਖਲ ਹੋ ਸਕੇ ਅਤੇ ਨਾ ਹੀ ਬਚਕੇ ਨਿਕਲ ਸਕੇ। ਉਨ੍ਹਾਂ ਕਿਹਾ ਕਿ ਇਹ ਤਲਾਸ਼ੀ ਮੁਹਿੰਮ ਸਵੇਰੇ 8.30 ਵਜੇ ਤੱਕ ਜਾਰੀ ਰਹੀ।

ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਵੱਖ-ਵੱਖ ਟੀਮਾਂ ਵਲੋਂ ਪਿੰਡ ਵਾਸੀਆਂ ਨਾਲ ਵੀ ਵਿਸਥਾਰ ਵਿਚ ਗੱਲਬਾਤ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣ Ñਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਨਸ਼ਾ ਤਸਕਰਾਂ ਵਿਰੁੱਧ ਡਟਕੇ ਲੜਾਈ ਲੜਨ ਦਾ ਭਰੋਸਾ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਛਾਪੇ ਦੌਰਾਨ ਛੇ ਸ਼ੱਕੀ ਵਿਅਕਤੀ ਗੁਰਪਾਲ ਸਿੰਘ, ਸੁਖਵਿੰਦਰ ਕੁਮਾਰ, ਬਲਵਿੰਦਰ ਕੌਰ, ਭੌਲੀ, ਜਤਿੰਦਰ ਸਿੰਘ ਅਤੇ ਰਜਨੀਸ ਕੁਮਾਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਸ਼੍ਰੀ ਮਾਹਲ ਨੇ ਦੱਸਿਆ ਕਿ ਗੁਰਪਾਲ ਸਿੰਘ ਪਾਸੋ 5 ਗ੍ਰਾਮ ਹੈਰੋਇੰਨ, ਸੁਖਵਿੰਦਰ ਕੁਮਾਰ ਪਾਸੋਂ 9 ਬੋਤਲਾਂ ਨਜ਼ਾਇਜ਼ ਸ਼ਰਾਬ, ਬਲਵਿੰਦਰ ਕੌਰ ਤੋਂ 6 ਬੋਤਲਾਂ ਨਜ਼ਾਇਜ ਸ਼ਰਾਬ ਬਰਾਮਦ ਕੀਤੀ ਗਈ ਅਤੇ ਇਨ੍ਹਾਂ ਖਿਲਾਫ਼ ਫਿਲੌਰ ਪੁਲਿਸ ਥਾਣੇ ਵਿਖੇ ਐਫ.ਆਈ.ਆਰ ਦਰਜ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਬਾਕੀ ਸ਼ੱਕੀ ਵਿਅਕਤੀਆਂ ਬਾਰੇ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਖੋਜ ਮੁਹਿੰਮ ਜਾਰੀ ਰੱਖਣਗੇ।

ਇਸ ਮੌਕੇ ’ਤੇ ਹੋਰਨਾ ਤੋਂ ਇਲਾਵਾ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦਵਿੰਦਰ ਅੱਤਰੀ, ਹਰਨੀਲ ਸਿੰਘ ਅਤੇ ਸੁਰਿੰਦਰਪਾਲ ਹਾਜ਼ਰ ਸਨ।

Share News / Article

Yes Punjab - TOP STORIES