ਜਲੰਧਰ ਦੇ ਸੰਸਦ ਮੈਂਬਰ ਚੌਧਰੀ ਰੇਲਵੇ ਸਟੇਸ਼ਨ ਦੀ ਦੂਜੀ ‘ਐਂਟਰੀ’ ਲਈ ਪੰਜਾਬ ਸਰਕਾਰ ਨੂੰ ਕਰਨਗੇ ਅਪੀਲ

ਜਲੰਧਰ, ਜੁਲਾਈ, 27, 2019 –

ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਕਿਹਾ ਕਿ ਉਹ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਲਈ ਦੂਜਾ ਗੇਟ ਖੋਲਣ ਅਤੇ ਉਸਦੀ ਦਿਖ ਦੇ ਸੁਧਾਰਣ ਵਾਲੇ ਪ੍ਰਾਜੈਕਟਾਂ ਨੂੰ ਛੇਤੀ ਸ਼ੁਰੂ ਕਰਨ ਦੇ ਲਈ ਸੂਬਾ ਸਰਕਾਰ ਦੀ ਮਦਦ ਲੈਣਗੇ।

ਸੰਸਦ ਮੈਂਬਰ ਨੇ ਅੱਜ ਜਲੰਧਰ ਦੇ ਰੇਲਵੇ ਗੈਸਟ ਹਾਊਸ ਵਿਚ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਟੀ.ਪੀ ਸਿੰਘ ਨਾਲ ਬੈਠਕ ਕੀਤੀ ਅਤੇ ਇਸ ਮੁੱਦੇ ਨੂੰ ਵਿਚਾਰਿਆ। ਇਸ ਬੈਠਕ ਵਿਚ ਵਿਧਾਇਕ ਸ੍ਰੀ ਰਾਜਿੰਦਰ ਬੇਰੀ, ਨਿਗਮ ਕਮਿਸ਼ਨਰ ਸ੍ਰੀ ਦੀਪਰਵ ਲਾਕੜਾ, ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਜੇਤਿੰਦਰ ਜੋਰਵਾਲ,ਜਲੰਧਰ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਦਲਜੀਤ ਸਿੰਘ ਆਹਲੂਵਾਲੀਆ, ਫਿਰੋਜਪੁਰ ਤੋਂ ਡੀ.ਆਰ.ਐਮ ਸ੍ਰੀ ਰਾਜੇਸ਼ ਕੁਮਾਰ ਅੱਗਰਵਾਲ।

ਮੀਟਿੰਗ ਦੌਰਾਨ ਸੰਸਦ ਮੈਂਬਰ ਵਲੋਂ ਇਨਾਂ ਦੋਵਾਂ ਪ੍ਰਾਜੈਕਟਾਂ ਤੇ ਰੇਲਵੇ ਦੇ ਅਧਿਕਾਰੀਆਂ ਨਾਲ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਕਿਹਾ ਕਿ ਇਨਾਂ ਪ੍ਰਾਜੈਕਟਾਂ ਦੀ ਰੂਪ ਰੇਖਾ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਈ ਗਈ ਹੈ ਅਤੇ ਛੇਤੀ ਹੀ ਲੋਕਾਂ ਦੀ ਸਹੂਲਤ ਲਈ ਇਨਾਂ ਪ੍ਰਾਜੈਕਟਾਂ ਨੂੰ ਸ਼ੁਰੂ ਕੀਤਾ ਜਾਣਾ ਅਤਿ ਜ਼ਰੂਰੀ ਹੈ। ਉਨਾਂ ਕਿਹਾ ਕਿ ਇਨਾਂ ਪ੍ਰਾਜੈਕਟਾਂ ਲਈ ਜਲੰਧਰ ਇੰਮਪਰੂਵਮੈਂਟ ਟਰੱਸਟ ਵਲੋਂ ਜ਼ਮੀਨ ਟਰਾਂਸਫਰ ਕੀਤੀ ਜਾਣੀ ਹੈ ਅਤੇ ਅਜਿਹੇ ਕਈ ਹੋਰ ਨੁਕਤਿਆਂ ਸਬੰਧੀ ਉਹ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਅਤੇ ਉਨਾਂ ਪਾਸੋਂ ਇਨਾ ਪ੍ਰਾਜੈਕਟਾਂ ਨੂੰ ਛੇਤੀ ਸ਼ੁਰੂ ਕਰਨ ਦੀ ਬੇਨਤੀ ਕਰਨਗੇ।

ਉਨਾਂ ਕਿਹਾ ਕਿ ਜਲੰਧਰ ਸਟੇਸ਼ਨ ਦੀ ਦਿਖ ਸੁਧਾਰਨ ਲਈ ਸਮਾਰਟ ਸਿਟੀ ਪ੍ਰਾਜੈਕਟ ਅਧੀਨ 2.77 ਕਰੋੜ ਰੁਪਏ ਖਰਚ ਕਰਕੇ ਕੰਮ ਕੀਤਾ ਜਾਣਾ ਹੈ ਜਿਸਦੇ ਲਈ ਟੈਂਡਰ ਛੇਤੀ ਹੀ ਮੰਗੇ ਜਾਣਗੇ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦੇ ਨਾਲ ਜਿੱਥੇ ਜਲੰਧਰ ਰੇਲਵੇ ਸਟੇਸ਼ਨ ਦੀ ਦਿਖ ਵਧੀਆ ਹੋਵੇਗੀ ਉਥੇ ਨਾਲ ਦਾ ਨਾਲ ਲੋਕਾਂ ਨੂੰ ਆਉਣ ਜਾਣ ਵਿਚ ਵੀ ਵੱਡੀ ਸਹੂਲਤ ਮਿਲੇਗੀ। ਉਨਾਂ ਕਿਹਾ ਕਿ ਉਹ ਇਨਾਂ ਪ੍ਰਾਜੈਕਟਾਂ ਸਬੰਧੀ ਕੇਂਦਰ ਸਰਕਾਰ ਨਾਲ ਵੀ ਸਿੱਧੇ ਰਾਬਤੇ ਵਿਚ ਹਨ। ਇਸ ਮੌਕੇ ਤੇ ਸੰਸਦ ਮੈਂਬਰ ਨੇ ਜਨਰਲ ਮੈਨੇਜਰ ਨੂੰ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਦੇ ਮੱਦੇ ਨਜ਼ਰ ਰੇਲਵੇ ਲੁਧਿਆਣਾ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਵਾਇਆ ਨਕੌਦਰ ਸ਼ਤਾਬਦੀ ਐਕਸਪ੍ਰੈਸ ਸ਼ੁਰੂ ਕਰਨ ਤੇ ਵਿਚਾਰ ਕਰਨ ਤਾਂ ਜੋ ਸ਼ਰਧਾਲੂਆ ਨੂੰ ਵੱਡੀ ਸਹੂਲਤ ਮੁਹੱਈਆ ਕੀਤੀ ਜਾ ਸਕੇ।

Yes Punjab - Top Stories