ਜਲੰਧਰ ਦੇ ਡੀ.ਸੀ. ਅਤੇ ਐਸ.ਐਸ.ਪੀ. ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ. ਅਤੇ ਫੌਜ ਦੇ ਜਵਾਨਾਂ ਵੱਲੋਂ ਨਿਭਾਈ ਭੂਮਿਕਾ ਲਈ ਸਨਮਾਨ

ਲੋਹੀਆਂ (ਜਲੰਧਰ), 28 ਅਗਸਤ 2019:

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਵਲੋਂ ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਅਤੇ ਸਟੇਟ ਡਿਜਾਸਟਰ ਰਿਸਪੌਂਸ ਫੋਰਸ ਦੇ ਜਵਾਨਾਂ ਵਲੋਂ ਹੜ੍ਹਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਨਿਭਾਈ ਗਈ ਸ਼ਾਨਦਾਰ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ।

ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕਿਹਾ ਕਿ ਪੰਜਾਬੀ ਅਤੇ ਖਾਸ ਕਰਕੇ ਜਲੰਧਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਇਸ ਔਖੀ ਘੜੀ ਵਿੱਚ ਬਹਾਦਰੀ ਨਾਲ ਉਨਾਂ ਦੀਆਂ ਕੀਮਤੀ ਜਾਨਾਂ ਬਚਾਉਣ ਅਤੇ ਰਾਹਤ ਕਾਰਜਾਂ ਵਿੱਚ ਨਿਭਾਈ ਗਈਆਂ ਸ਼ਾਨਦਾਰ ਸੇਵਾਵਾਂ ਲਈ ਹਮੇਸਾਂ ਇਨਾਂ ਬਹਾਦਰ ਸਿਪਾਹੀਆਂ ਦੇ ਰਿਣੀ ਰਹਿਣਗੇ।

ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਚਿਤਾਵਨੀ ਮਿਲਣ ਉਪਰੰਤ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਭਾਰਤੀ ਫੌਜ, ਐਸ.ਡੀ.ਆਰ.ਐਫ. ਅਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਨੂੰ ਬੁਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਦੀਆਂ ਚਾਰ ਅਤੇ ਐਸ.ਡੀ.ਆਰ.ਐਫ. ਦੀਆਂ ਤਿੰਨ ਟੀਮਾਂ ਤੇ ਫੌਜ ਦੀਆਂ ਚਾਰ ਟੁਕੜੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਲਗਾਇਆ ਗਿਆ ਸੀ।

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ.ਨੇ ਕਿਹਾ ਕਿ ਖ਼ਰਾਬ ਮੌਸਮ ਅਤੇ ਭੈੜੇ ਹਲਾਤਾਂ ਵਿੱਚ ਇਨਾਂ ਜਵਾਨਾਂ ਵਲੋਂ ਨਾ ਸਿਰਫ ਫਿਲੌਰ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਬਲਕਿ ਜਦੋਂ ਲੋਹੀਆਂ ਵਿੱਚ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਤਾਂ ਇਨਾਂ ਵਲੋਂ ਉਥੇ ਵੀ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਨਾਂ ਬਹਾਦਰ ਸਿਪਾਹੀਆਂ ਵਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨਾਲ ਪੂਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਤੇ ਫੌਜ ਦੀਆਂ ਕਿਸ਼ਤੀਆਂ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਵੰਡੀ ਗਈ।

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਕਿਹਾ ਕਿ ਇਨਾਂਦੀਆਂ ਕਿਸ਼ਤੀਆਂ ਵਲੋਂ ਮੋਬਾਇਲ ਰਾਹਤ ਸੈਂਟਰਾਂ ਵਜੋਂ ਕੰਮ ਕੀਤਾ ਗਿਆ ਜਿਸ ਵਿੱਚ ਡਾਕਟਰਾਂ, ਪਸ਼ੂ ਪਾਲਣ ਅਫ਼ਸਰਾਂ, ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਭੋਜਨ, ਦਵਾਈਆਂ ਅਤੇ ਹਰਾ ਚਾਰਾ ਅਤੇ ਹੋਰ ਰਾਹਤ ਸਮੱਗਰੀ ਵੰਡੀ ਗਈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਜਲੰਧਰ ਵਾਸੀਆਂ ਵਲੋਂ ਬਹਾਦਰੀ ਨਾਲ ਕੀਤੀ ਗਈ ਮਨੁੱਖਤਾ ਦੀ ਸੇਵਾ ਲਈ ਇਨਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਉਨਾਂ ਨੇ ਪੂਰੇ ਜਲੰਧਰ ਵਾਸੀਆਂ ਦੀ ਤਰਫੋਂ ਇਨਾਂ ਜਵਾਨਾਂ ਨੂੰ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਉਪ ਮੰਡਲ ਮੈਜਿਸਟਰੇਟ ਪਰਮਵੀਰ ਸਿੰਘ ਤੇ ਚਾਰੂਮਿਤਾ, ਸਹਾਇਕ ਕਮਿਸ਼ਨਰ ਵਰਜੀਤ ਵਾਲੀਆ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਐਮ.ਪੀ. ਸਿੰਘ, ਮਾਲ ਅਫ਼ਸਰ ਇੰਦਰਦੇਵ ਮਿਨਹਾਸ, ਸਵਪਨਦੀਪ ਕੌਰ, ਲਵਦੀਪ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES