ਜਲੰਧਰ, 4 ਮਾਰਚ, 2020 –
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਕੇਵਲ 10 ਸਾਲ ਦੀ ਉਮਰ ਵਿਚ ਹੀ ਵਿਸ਼ਵ ਰਿਕਾਰਡ ਇੰਡੀਆ ਆਰਗੇਨਾਈਜੇਸ਼ਨ ਕੋਲੋਂ ‘ਯੰਗੈਸਟ ਵੈਬਸਾਇਟ ਡਿਵੈਲਪਰ ਦਾ ਐਵਾਰਡ ਜਿੱਤਣ ਵਾਲੇ ਮੀਧਾਂਸ਼ ਕੁਮਾਰ ਗੁਪਤਾ ਦਾ ਸਨਮਾਨ ਕੀਤਾ ਗਿਆ। ਮਾਸਟਰ ਮੀਧਾਂਸ਼ ਕੁਮਾਰ ਗੁਪਤਾ ਨੇ ਕੇਵਲ 9 ਸਾਲ ਦੀ ਉਮਰ ਵਿਚ ਹੀ ਦੋ ਵੈਬਸਾਇਟਾਂ21stjune.com and gsssjianchabbewal.com ਬਣਾਉਣ ਦਾ ਰਿਕਾਰਡ ਬਣਾਇਆ ਸੀ।
ਮੀਧਾਂਸ਼ ਦੀ ਇਸ ਪ੍ਰਾਪਤੀ ਨੂੰ ਬਾਕੀ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਦੱਸਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਵਰਤਮਾਨ ਸਮਾਂ ਤਕਨੀਕ ਦਾ ਯੁੱਗ ਹੈ ਅਤੇ ਮੀਧਾਂਸ਼ ਵਰਗੇ ਨੌਜਵਾਨਾਂ ਵਲੋਂ ਤਕਨੀਕ ਦੀ ਸੁਚੱਜੀ ਵਰਤੋਂ ਨੂੰ ਪ੍ਰਫੁੱਲਿਤ ਕਰਕੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਹਾਂਪੱਖੀ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੀਧਾਂਸ਼ ਵਲੋਂ ਤਕਨੀਕ ਦੇ ਖੇਤਰ ਵਿਚ ਕੀਤਾ ਜਾ ਰਿਹਾ ਕੰਮ ਦੇਸ਼ ਦੀ ਤਰੱਕੀ ਤੇ ਆਮ ਲੋਕਾਂ ਦੀ ਜਿੰਦਗੀ ਨੂੰ ਸੁਖਾਲਾ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ ।
ਇਸ ਮੌਕੇ ਮੀਧਾਂਸ਼ ਦੇ ਮਾਪਿਆਂ ਸੰਦੀਪ ਕੁਮਾਰ ਗੁਪਤਾ, ਮੋਨਿਕਾ ਗੁਪਤਾ ਤੇ ਦਾਦੀ ਨੀਲਮ ਰਾਣੀ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਧਾਂਸ਼ ਲੱਖਾਂ ਵਿਦਿਆਰਥੀਆਂ ਲਈ ਰਾਹ ਦਸੇਰਾ ਹੈ , ਜਿਸ ਉੱਪਰ ਸਾਰੇ ਸ਼ਹਿਰ ਨੂੰ ਮਾਣ ਹੈ। ਉਨ੍ਹਾਂ ਆਸ ਜਤਾਈ ਕਿ ਉਹ ਭਵਿੱਖ ਵਿਚ ਵੀ ਆਮ ਲੋਕਾਂ ਦੀ ਸਹੂਲਤ ਵਾਲੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਵੱਲ ਵਿਸ਼ੇਸ਼ ਯਤਨ ਕਰੇਗਾ ਤਾਂ ਜੋ ਆਮ ਲੋਕ ਵੀ ਤਕਨੀਕ ਦੀ ਸਹੀ ਵਰਤੋਂ ਦਾ ਲਾਭ ਲੈ ਸਕਣ।