ਜਲਿ੍ਹਆਂ ਵਾਲੇ ਬਾਗ ’ਚ ਹੋਏ ਕਤਲੇਆਮ ਦੀ ਪ੍ਰਦਰਸ਼ਨੀ ਲਹੂ ਭਿੱਜੇ ਇਤਿਹਾਸਕ ਪੰਨਿਆਂ ਤੋਂ ਜਾਣੂ ਕਰਵਾਏਗੀ: ਇਸਮਤ ਵਿਜੇ ਸਿੰਘ

ਪਟਿਆਲਾ, 22 ਸਤੰਬਰ, 2019:
ਜਲ੍ਹਿਆਂ ਵਾਲਾ ਬਾਗ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ (1919-2019) ਇੱਥੇ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਨੇੜੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ.ਜੈਡ.ਸੀ.ਸੀ.) ਵਿਖੇ ਅੱਜ ਅਰੰਭ ਹੋ ਗਈ।

3 ਅਕਤੂਬਰ 2019 ਤੱਕ ਆਮ ਲੋਕਾਂ ਲਈ ਮੁਫ਼ਤ ਦਾਖਲੇ ਤੇ ਇਤਿਹਾਸਕ ਮਹੱਤਤਾ ਵਾਲੀ ਇਸ ਅਹਿਮ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਇਸਮਤ ਵਿਜੇ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਾਨੂੰ, ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਤੇ ਵਿਦਿਆਰਥੀਆਂ ਨੂੰ ਸਾਡੇ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਲੜਾਈ ‘ਚ ਸ਼ਹੀਦ ਹੋਏ ਦੇਸ਼ ਵਾਸੀਆਂ ਤੋਂ ਜਾਣੂ ਕਰਵਾਏਗੀ।

ਸ੍ਰੀਮਤੀ ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਇਹ ਪ੍ਰਰਦਸ਼ਨੀ ਆਰਟਸ ਐਂਡ ਕਲਚਰ ਹੈਰੀਟੇਜ ਟਰਸਟ ਨਵੀਂ ਦਿੱਲੀ ਵੱਲੋਂ ਪੰਜਾਬ ਸਰਕਾਰ ਅਤੇ ਪਾਰਟੀਸ਼ਨ ਮਿਊਜੀਅਮ ਅੰਮ੍ਰਿਤਸਰ ਦੇ ਇੱਕ ਸਾਂਝੇ ਉਪਰਾਲੇ ਵਜੋਂ ਲਗਾਈ ਗਈ ਹੈ ਅਤੇ ਇੱਥੇ ਜਲ੍ਹਿਆਂ ਵਾਲਾ ਬਾਗ ਵਿਖੇ ਵਾਪਰੇ ਸਮੂਹਕ ਕਤਲੇਆਮ ਦੇ ਦੁਖਾਂਤ ਦੇ ਇਤਿਹਾਸ ਨੂੰ ਬਾਖੂਬੀ ਚਿਤਰਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਇਹ ਪ੍ਰਦਰਸ਼ਨੀ ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਦਿਖਾਈ ਜਾਵੇਗੀ ਤਾਂ ਕਿ ਉਹ ਵੀ ਲਹੂ ਭਿੱਜੇ ਇਤਿਹਾਸ ਦੇ ਪੰਨਿਆਂ ਤੋਂ ਵਾਕਫ਼ ਹੋ ਸਕਣ। ਉਨ੍ਹਾਂ ਨੇ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਇਹ ਪ੍ਰਦਰਸ਼ਨੀ ਦੇਖਣ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ।

ਇਸ ਮੌਕੇ ਆਰਟਸ ਐਂਡ ਕਲਚਰ ਹੈਰੀਟੇਜ ਟਰਸਟ ਨਵੀਂ ਦਿੱਲੀ ਦੀ ਉਪਰੇਸ਼ਨ ਅਧਿਕਾਰੀ ਮਿਸ. ਪਰੀ ਬਸ਼ਈਆ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਝਾਇਆ ਗਿਆ ਸੀ ਜਿਸ ਨੂੰ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਹੈਰੀਟੇਜ ਅਤੇ ਟੂਰਿਜਮ ਪ੍ਰਮੋਸ਼ਨ ਬੋਰਡ ਸ. ਐਮ.ਐਸ. ਜੱਗੀ ਵੱਲੋਂ ਸਿਰੇ ਚੜ੍ਹਾਇਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨੀ ਪਹਿਲਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਵਿਖੇ ਲਗਾਈ ਜਾ ਚੁੱਕੀ ਹੈ।

ਇਸ ਪ੍ਰਦਰਸ਼ਨੀ ਵਿੱਚ ਵੰਡ ਦੇ ਮਿਊਜੀਅਮ ਦੀ ਖੋਜ਼ ਵੱਲੋਂ ਸਾਹਮਣੇ ਲਿਆਂਦੇ ਗਈਆਂ ਤਤਕਾਲੀ ਅਖ਼ਬਾਰਾਂ ਦੀਆਂ ਖ਼ਬਰਾਂ, ਫੋਟੋਆਂ ਆਦਿ ਸਮੇਤ ਹੋਰ ਦਸਤਾਵੇਜ ਪ੍ਰਦਰਸ਼ਤ ਕੀਤੇ ਗਏ ਹਨ।

ਇਸ ਤੋਂ ਬਿਨ੍ਹਾਂ ਇੱਥੇ ਜਲ੍ਹਿਆਂਵਾਲਾ ਬਾਗ ਦੇ ਇਤਿਹਾਸ ਦੀ ਵਿਆਖਿਆ ਕਰਦਿਆਂ ਸ਼ਹੀਦ ਹੋਏ ਦੇਸ਼ ਵਾਸੀਆਂ ਬਾਰੇ ਜਾਣੂ ਕਰਵਾਇਆ ਗਿਆ ਹੈ। 1919 ਦੇ ਪੰਜਾਬ ਬਾਰੇ ਨਵੀਂ ਜਾਣਕਾਰੀ ਦਿੰਦੀ ਇਹ ਪ੍ਰਦਰਸ਼ਨੀ ਇਸ ਦੁਖਾਂਤ ਮਗਰੋਂ ਲੋਕਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਿਆ, ਬਾਰੇ ਵੀ ਦੱਸਦੀ ਹੈ।

ਇਸ ਪ੍ਰਦਰਸ਼ਨੀ ਦਾ ਮੁੱਖ ਮੰਤਵ ਬਸਤੀਵਾਦ ਰਾਹੀਂ ਪੰਜਾਬ ‘ਚ ਦਮਨਕਾਰੀ ਨੀਤੀਆਂ ਨੂੰ ਦਰਸਾਉਣਾ ਤੇ ਜਲ੍ਹਿਆਂ ਵਾਲਾ ਬਾਗ ਸਮੂਹਕ ਕਤਲੇਆਮ,ਜਿਸ ਦਾ ਪ੍ਰਭਾਵ ਲੰਮੇ ਅਰਸੇ ਤੱਕ ਪੰਜਾਬ ‘ਤੇ ਰਿਹਾ, ਨੂੰ ਬਾਖੂਬੀ ਵਿਖਾਇਆ ਗਿਆ ਹੈ।

Share News / Article

YP Headlines