ਜਲਿ੍ਹਆਂਵਾਲਾ ਬਾਗ਼ ਸਾਕਾ ਸ਼ਤਾਬਦੀ ਨੂੰ ਸਮਰਪਤ ਹੋਏਗਾ ਦੋ ਰੋਜ਼ਾ 28ਵਾਂ ਮੇਲਾ ਗ਼ਦਰੀ ਬਾਬਿਆਂ ਦਾ

ਜਲੰਧਰ, 25 ਸਤੰਬਰ, 2019 –

ਆਜ਼ਾਦੀ ਸੰਗਰਾਮ ’ਚ ਇਨਕਲਾਬੀ ਵਰਕਿਆਂ ਦੀ ਨਿਰੰਤਰ ਲੜੀ ਜੋੜਨ ਵਾਲੇ ਜਲਿ੍ਹਆਂਵਾਲਾ ਬਾਗ਼ ਸਾਕਾ ਦੀ ਪਹਿਲੀ ਸ਼ਤਾਬਦੀ (1919-2019) ਨੂੰ ਸਮਰਪਤ ਹੋਏਗਾ, ਇਸ ਵਾਰ 31 ਅਕਤੂਬਰ ਅਤੇ 1 ਨਵੰਬਰ ਨੂੰ ਲੱਗਣ ਵਾਲਾ 28ਵਾਂ ਦੋ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ। ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ‘ਜਲਿ੍ਹਆਂਵਾਲਾ ਬਾਗ਼ ਨਗਰ’ ਦਾ
ਨਾਂਅ ਦਿੱਤਾ ਜਾਏਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ
’ਚ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਦੇ ਫੈਸਲਿਆਂ
ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਸਵੇਰੇ 10 ਵਜੇ
ਜਲਿ੍ਹਆਂਵਾਲਾ ਬਾਗ਼ ਅਤੇ ਗ਼ਦਰ ਲਹਿਰ ਦੇ ਸਮੂਹ ਅਮਰ ਸ਼ਹੀਦਾਂ ਦੀ ਯਾਦ ’ਚ ਸ਼ਮ੍ਹਾਂ ਰੌਸ਼ਨ ਹੋਏਗੀ।
ਇਸ ਉਪਰੰਤ ਕੁਇਜ਼, ਪੇਂਟਿੰਗ, ਭਾਸ਼ਣ ਮੁਕਾਬਲਾ, ਸ਼ਾਮ ਠੀਕ 4 ਵਜੇ ਕਵੀ ਦਰਬਾਰ ਅਤੇ 7
ਵਜੇ ਪੀਪਲਜ਼ ਵਾਇਸ ਵੱਲੋਂ ਫ਼ਿਲਮ ਸ਼ੋਅ ਹੋਏਗਾ।
ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰ ਲਹਿਰ ਦਾ ਗੌਰਵਮਈ ਝੰਡਾ ਲਹਿਰਾਉਣ ਦੀ ਰਸਮ
ਅਦਾ ਕਰਨਗੇ ਕਮੇਟੀ ਦੇ ਸਹਾਇਕ ਸਕੱਤਰ ਡਾ.ਪਰਮਿੰਦਰ। ਇਸ ਮੌਕੇ ਉਹ ਆਪਣੇ ਭਾਸ਼ਣ ਰਾਹੀਂ
ਜਲਿ੍ਹਆਂਵਾਲਾ ਬਾਗ਼ ਦੀ ਮਹਾਨ ਵਿਰਾਸਤ ਵੱਲੋਂ ਦਰਸਾਏ ਮਾਰਗ ਦੀ ਰੌਸ਼ਨੀ ’ਚ, ਲੋਕਾਂ ਅੱਗੇ
ਅਜੋਕੇ ਸਮੇਂ ਅਤੇ ਭਵਿੱਖ ਦੀਆਂ ਤਿੱਖੀਆਂ ਚੁਣੌਤੀਆਂ ਨੂੰ ਮੁਖ਼ਾਤਬ ਹੋਣਗੇ।
ਝੰਡੇ ਦੀ ਰਸਮ ਉਪਰੰਤ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ
ਵੱਲੋਂ ਲਿਖਿਆ ਝੰਡੇ ਦਾ ਗੀਤ ‘‘ਮਿੱਟੀ ਦੀ ਵੰਗਾਰ’’ ਸੰਗੀਤ-ਨਾਟ ਦੇ ਰੂਪ ’ਚ ਪੇਸ਼
ਕੀਤਾ ਜਾਏਗਾ।
ਦਿਨ ਭਰ ਨਾਟਕ, ਗੀਤ-ਸੰਗੀਤ, ‘ਫਾਸੀਵਾਦ ਦੀ ਚੁਣੌਤੀ ਅਤੇ ਲੋਕ’ ਵਿਸ਼ੇ ਉਪਰ ਮੁੱਖ
ਭਾਸ਼ਣ ਹੋਏਗਾ। ਡਾ.ਪਰਮਿੰਦਰ ਦੁਆਰਾ ਲਿਖੀ ਪੁਸਤਕ ‘‘ਸਾਕਾ ਜਲਿ੍ਹਆਂਵਾਲਾ ਬਾਗ਼
(ਸਾਮਰਾਜਵਾਦ ਅਤੇ ਲੋਕ)’’, ਅਮੋਲਕ ਸਿੰਘ ਵੱਲੋਂ ਲਿਖੇ 1995 ਤੋਂ 2019 ਤੱਕ ਦੇ ਮੇਲਿਆਂ ’ਤੇ
ਪੇਸ਼ ‘ਝੰਡੇ ਦੇ ਗੀਤ’ ਪੁਸਤਕਾਂ ਅਤੇ ਸੋਵੀਨਰ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੋਕ ਅਰਪਣ
ਕੀਤੀਆਂ ਜਾਣਗੀਆਂ।
ਬਾਅਦ ਦੁਪਹਿਰ 4 ਵਜੇ ਬਾਬਾ ਨਾਨਕ ਦੀ 550ਵੀਂ ਵਰੇ੍ਹ ਗੰਢ ਨੂੰ ਸਮਰਪਤ ‘‘ਬਾਬਾ ਨਾਨਕ ਅਤੇ
ਅੱਜ’’ ਵਿਸ਼ੇ ਨੂੰ ਸੰਬੋਧਤ ਹੁੰਦਿਆਂ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ’ਚ ਵਿਚਾਰ-ਚਰਚਾ
ਹੋਏਗੀ।
ਪਹਿਲੀ ਨਵੰਬਰ ਸ਼ਾਮ ਨੂੰ ਯਾਦਗਾਰ ਹਾਲ ਦੇ ਮੁੱਖ ਦੁਆਰ ਤੋਂ ਹੁੰਦੀ ‘ਜਾਗੋ’ ਕੱਢੀ
ਜਾਏਗੀ। ਕਮੇਟੀ ਦੇ ਪ੍ਰਤੀਨਿਧ ਵੱਲੋਂ ਸੰਬੋਧਨ ਉਪਰੰਤ ਸਾਰੀ ਰਾਤ ਨਾਟਕ ਅਤੇ ਗੀਤ-ਸੰਗੀਤ
ਹੋਏਗਾ, ਜੋ 2 ਨਵੰਬਰ ਸਰਘੀ ਵੇਲੇ ਤੱਕ ਚੱਲੇਗਾ।
ਮੇਲੇ ’ਚ ਇੱਕ ਨਿਵੇਕਲਾ ਮੇਲਾ ਹੋਏਗਾ ‘ਪੁਸਤਕ ਮੇਲਾ’, ਜਿਸ ਵਿਚ ਨਵਾਂ ਅਤੇ
ਪ੍ਰਸੰਗਕ ਸਾਹਿਤ ਲੋਕਾਂ ਲਈ ਖਿੱਚ ਦਾ ਕੇਂਦਰ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ-ਬਦੇਸ ਵਸਦੇ ਸਮੂਹ ਲੋਕਾਂ, ਸੰਸਥਾਵਾਂ ਨੂੰ ਮੇਲੇ ’ਚ
ਆਰਥਕ, ਲੰਗਰ ਸੇਵਾ ਅਤੇ ਵੱਧ ਤੋਂ ਵੱਧ ਹਾਜ਼ਰੀ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

ਜਾਰੀ ਕਰਤਾ:

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES