ਜਲਿ੍ਹਆਂਵਾਲਾ ਬਾਗ ਦੇ ਇਤਿਹਾਸ ਨੂੰ ਬੁਲੰਦ ਕਰੇਗਾ ਦੋ ਰੋਜ਼ਾ 28ਵਾਂ ਮੇਲਾ ਗ਼ਦਰੀ ਬਾਬਿਆਂ ਦਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ, ਅਕਤੂਬਰ 28, 2019:

ਆਜ਼ਾਦੀ ਸੰਗਰਾਮ ’ਚ ਇਨਕਲਾਬੀ ਵਰਕਿਆਂ ਦੀ ਨਿਰੰਤਰ ਲੜੀ ਜੋੜਨ ਵਾਲੇ ਜਲਿ੍ਹਆਂਵਾਲਾ ਬਾਗ਼ ਸਾਕਾ ਦੀ ਪਹਿਲੀ ਸ਼ਤਾਬਦੀ (1919-2019) ਨੂੰ ਸਮਰਪਤ 31 ਅਕਤੂਬਰ ਅਤੇ 1 ਨਵੰਬਰ ਨੂੰ ਲੱਗਣ ਵਾਲਾ 28ਵਾਂ ਦੋ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਫ਼ਿਰਕੂ ਫਾਸ਼ੀਪੁਣੇ ਅਤੇ ਭਖ਼ਦੇ ਲੋਕ ਮੁੱਦਿਆਂ ਨੂੰ ਕਲਾ-ਕਿਰਤਾਂ ਦੇ ਕਲਾਵੇ ਵਿੱਚ ਲਵੇਗਾ। ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ‘ਜਲਿ੍ਹਆਂਵਾਲਾ ਬਾਗ਼ ਨਗਰ’ ਅਤੇ ਖੁੱਲ੍ਹੇ ਰੰਗ-ਮੰਚ ਨੂੰ ‘ਮੁਹੰਮਦ ਸਿੰਘ ਆਜ਼ਾਦ ਪੰਡਾਲ’ ਦਾ ਨਾਂਅ ਦਿੱਤਾ ਜਾਏਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ ਅਤੇ ਖਜ਼ਾਨਚੀ ਰਣਜੀਤ ਸਿੰਘ ਔਲਖ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 31 ਅਕਤੂਬਰ ਸਵੇਰੇ 10 ਵਜੇ ਜਲਿ੍ਹਆਂਵਾਲਾ ਬਾਗ਼ ਅਤੇ ਗ਼ਦਰ ਲਹਿਰ ਦੇ ਸਮੂਹ ਅਮਰ ਸ਼ਹੀਦਾਂ ਦੀ ਯਾਦ ’ਚ ਸ਼ਮ੍ਹਾਂ ਰੌਸ਼ਨ ਹੋਏਗੀ।

ਕਮੇਟੀ ਆਗੂਆਂ ਨੇ ਕਿਹਾ ਕਿ ਗ਼ਦਰੀ ਬਾਬਿਆਂ ਦਾ ਮੇਲਾ, ਜਲਿ੍ਹਆਂਵਾਲਾ ਬਾਗ਼ ਦੀ ਪਰਸੰਗਕਤਾ ਉਭਾਰਦੇ ਹੋਏ ਅੰਧਰਾਸ਼ਟਰਵਾਦ, ਆਰਥਿਕ, ਸਮਾਜਿਕ ਪਾੜ੍ਹੇ, ਜ਼ਬਰ ਜ਼ੁਲਮ ਦੇ ਵਿਰੁੱਧ ਅਤੇ ਲੋਕਾਂ ਦੇ ਜੀਣ ਵਾਲਾ ਸਮਾਜ ਸਿਰਜਣ ਦਾ ਹੋਕਾ ਦੇਵੇਗਾ।

ਉਪਰੰਤ ਕੁਇਜ਼, ਪੇਂਟਿੰਗ, ਭਾਸ਼ਣ ਮੁਕਾਬਲੇ ਅਤੇ ਵਿਗਿਆਨਕ ਵਿਚਾਰਾਂ ਦੁਪਹਿਰ 2 ਵਜੇ, ਸ਼ਾਮ ਠੀਕ 4 ਵਜੇ ਕਵੀ ਦਰਬਾਰ ਅਤੇ 7 ਵਜੇ ਪੀਪਲਜ਼ ਵਾਇਸ ਵੱਲੋਂ ‘ਕਸ਼ਮੀਰ ਦਾ ਅੱਖੀਂ ਡਿੱਠਾ ਹਾਲ’ ਤੇ ਕਹਾਣੀਕਾਰ ਅਤਰਜੀਤ ਦੀ ਕਹਾਣੀ ’ਤੇ ਅਧਾਰਤ ‘ਸਬੂਤੇ ਕਦਮ’ ਫ਼ਿਲਮ ਸ਼ੋਅ ਹੋਏਗਾ।

ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰ ਲਹਿਰ ਦਾ ਗੌਰਵਮਈ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਕਮੇਟੀ ਦੇ ਸਹਾਇਕ ਸਕੱਤਰ ਡਾ.ਪਰਮਿੰਦਰ। ਉਨ੍ਹਾਂ ਸਮੇਤ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਮੇਲੇ ਦਾ ਸੁਨੇਹਾ ਦੇਣਗੇ।

ਉਪਰੰਤ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਲਿਖਿਆ ਝੰਡੇ ਦਾ ਗੀਤ ‘ਮਿੱਟੀ ਦੀ ਵੰਗਾਰ’ ਸੰਗੀਤ-ਨਾਟ ਦੇ ਰੂਪ ’ਚ ਦਰਜਣਾਂ ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਏਗਾ।

ਝੰਡੇ ਦੇ ਗੀਤ ਪਿੱਛੋਂ ਵੰਨ-ਸੁਵੰਨੀਆਂ ਕਲਾ-ਕਿਰਤਾਂ ਉਪਰੰਤ ਮੁਲਕ ਦੇ ਚੋਟੀ ਦੇ ਵਿਦਵਾਨ ਸਿਧਾਰਥ ਵਰਦਰਾਜਨ (‘ਦ ਵਾਇਰ’ ਦੇ ਸੰਪਾਦਕ) ਅਤੇ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਮੇਲੇ ਨੂੰ ਸੰਬੋਧਨ ਕਰਨਗੇ।

ਦਿਨ ਵੇਲੇ ਹੀ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਇਹ ਲਹੂ ਕਿਸਦਾ ਹੈ?’, ਚੰਡੀਗੜ੍ਹ ਸਕੂਲ ਆਫ਼ ਡਰਾਮਾ (ਇਕੱਤਰ ਸਿੰਘ) ਦੀ ਟੀਮ ਵੱਲੋਂ ਪੇਸ਼ ਹੋਏਗਾ। ਦੇਸ ਰਾਜ ਛਾਜਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨਿਰਮਾਣ ਗੀਤ-ਸੰਗੀਤ ਪੇਸ਼ ਕਰਨਗੇ।

ਡਾ.ਪਰਮਿੰਦਰ ਦੁਆਰਾ ਲਿਖੀ ‘ਸਾਕਾ ਜਲਿ੍ਹਆਂਵਾਲਾ ਬਾਗ਼ (ਸਾਮਰਾਜਵਾਦ ਅਤੇ ਲੋਕ ਲਹਿਰ)’, ਅਮੋਲਕ ਸਿੰਘ ਵੱਲੋਂ ਲਿਖੇ 1995 ਤੋਂ 2019 ਤੱਕ ਦੇ ਮੇਲਿਆਂ ’ਤੇ ਪੇਸ਼ ‘ਝੰਡੇ ਦੇ ਗੀਤ’, ਗੁਰਮੀਤ ਸਿੰਘ ਵੱਲੋਂ ਸੰਪਾਦਿਤ ‘ਜਲਿ੍ਹਆਂਵਾਲਾ ਬਾਗ਼: ਇਤਿਹਾਸਕ ਧਰੋਹਰ (ਵਿਰਾਸਤ ਸੰਭਾਲ ਲਈ ਸੰਘਰਸ਼)’, ਪੁਸਤਕਾਂ ਅਤੇ ਸੋਵੀਨਰ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੋਕ ਅਰਪਣ ਕੀਤੀਆਂ ਜਾਣਗੀਆਂ।

ਸ਼ਾਮ 4 ਤੋਂ 6 ਵਜੇ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਚਾਰ-ਚਰਚਾ, 6 ਵਜੇ ਫੁੱਲਵਾੜੀ ਕਲਾ ਕੇਂਦਰ ਲੋਹੀਆ (ਜਗੀਰ ਜੋਸਣ) ਵੱਲੋਂ ‘ਜਾਗੋ’ ਕੱਢੀ ਜਾਏਗੀ। ਇਸ ਵੇਲੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਸੰਬੋਧਨ ਕਰਨਗੇ।

ਨਾਟਕਾਂ ਭਰੀ ਰਾਤ ਦੌਰਾਨ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਸੁਚੇਤਕ ਰੰਗ ਮੰਚ ਮੁਹਾਲੀ (ਅਨੀਤਾ ਸ਼ਬਦੀਸ਼), ‘ਬੁੱਲਾ’ ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ), ‘ਸੰਮਾਂ ਵਾਲੀ ਡਾਂਗ’ ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ), ‘ਕਹਾਣੀ ਵਾਲਾ ਦਿਲਗੀਰ’ ਰੁਜ਼ਗਾਰ ਪ੍ਰਾਪਤੀ ਮੰਚ ਇਪਟਾ (ਵਿੱਕੀ ਮਹੇਸ਼ਰੀ) ਤੇ ‘ਦੇਸ਼-ਧ੍ਰੋਹੀ ਕੌਣ?’ ਮਾਨਵਤਾ ਕਲਾ ਮੰਚ ਨਗਰ (ਜਸਵਿੰਦਰ ਪੱਪੀ) ਨਾਟਕ ਖੇਡੇ ਜਾਣਗੇ। ਨਾਟਕਾਂ ਅਤੇ ਗੀਤਾਂ ਭਰੀ ਰਾਤ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗੀ।

ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਚ ਮਸਾਣੀ, ਲੋਕ ਸੰਗੀਤ ਮੰਡਲੀ ਜੀਦਾ ਤੋਂ ਇਲਾਵਾ ਅੰਮ੍ਰਿਤਪਾਲ ਬਠਿੰਡਾ, ਗ਼ੁਲਾਮ ਅਲੀ, ਅਜਮੇਰ ਅਕਲੀਆ, ਲਾਡੀ ਜਟਾਣਾ, ਲਵੀ ਬੁਢਲਾਡਾ ਆਦਿ ਗੀਤ-ਸੰਗੀਤ ਪੇਸ਼ ਕਰਨਗੇ।

ਮੇਲੇ ’ਚ ਇੱਕ ਨਿਵੇਕਲਾ ਮੇਲਾ ਹੋਏਗਾ ‘ਪੁਸਤਕ ਮੇਲਾ’, ਜਿਸ ਵਿਚ ਨਵਾਂ ਅਤੇ ਪ੍ਰਸੰਗਕ ਸਾਹਿਤ ਲੋਕਾਂ ਲਈ ਖਿੱਚ ਦਾ ਕੇਂਦਰ ਹੋਏਗਾ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •