ਜਲਿ੍ਹਆਂਵਾਲਾ ਬਾਗ ਦੀ ਮੂਲ ਦਿੱਖ ਨਾਲ ਖ਼ਿਲਵਾੜ ਦਾ ਵਿਰੋਧ ਕਰੇਗੀ ‘ਆਮ ਆਦਮੀ ਪਾਰਟੀ’

ਚੰਡੀਗੜ੍ਹ , 2 ਜੁਲਾਈ 2019:
ਇਤਿਹਾਸਕ ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਨਵੀਨੀਕਰਨ ਦੇ ਨਾਮ ਉੱਤੇ ਇਸ ਬਾਗ਼ ਦਾ ਰੂਪ ਬਦਲੇ ਜਾਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ।

‘ਆਪ’ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਅਤੇ ਮਹਿਲਾ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਕਰੋੜਾਂ ਰੁਪਏ ਖ਼ਰਚ ਕੇ ਦਿੱਖ ਬਦਲਣ ਦੇ ਨਾਮ ਉੱਤੇ ਜੱਲਿਆਂਵਾਲਾ ਬਾਗ਼ ਦਾ ਇਤਿਹਾਸਕ ਅਤੇ ਮੂਲ ਰੂਪ ਵਿਗਾੜਿਆ ਜਾ ਰਿਹਾ ਹੈ, ਜੋ ਨਾ ਕੇਵਲ ਨਿਖੇਧੀਜਨਕ ਹੈ ਕਿ ਬਲਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਇਤਿਹਾਸਕ ਮਹੱਤਤਾ ਵਾਲੀਆਂ ਅਹਿਮ ਥਾਵਾਂ ਪ੍ਰਤੀ ਦੀਵਾਲੀਆ ਸੋਚ ਦੀ ਨਿਸ਼ਾਨੀ ਹੈ।

‘ਆਪ’ ਮਹਿਲਾ ਆਗੂ ਨੇ ਕਿਹਾ ਕਿ ਅਕਾਲੀ ਦਲ- ਭਾਜਪਾ ਅਤੇ ਕਾਂਗਰਸ ਨਵੀਨੀਕਰਨ ਦੇ ਨਾਮ ਉੱਤੇ ਇਤਿਹਾਸਕ ਸਥਾਨਾਂ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਭਾਵਨਾਵਾਂ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਮਲੀਆਮੇਟ ਕਰਦੀਆਂ ਆਈਆਂ ਹਨ।

ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਅਤੇ ਆਪਣੇ ਕਾਰ ਸੇਵਕਾਂ ਰਾਹੀਂ ਦਰਜਨਾਂ ਇਤਿਹਾਸਿਕ ਗੁਰਧਾਮਾਂ ਦਾ ਮੂਲ ਰੂਪ ਜਿਸ ਨੂੰ ਗੁਰੂ ਸਾਹਿਬਾਨਾਂ ਦੇ ਪਵਿੱਤਰ ਚਰਨਾਂ ਦੀ ਅਸਲੀਅਤ ਵਿੱਚ ਛੋਹ ਪ੍ਰਾਪਤ ਸੀ ਨੂੰ ਢਾਹ ਢੇਰੀ ਕਰਕੇ ਉੱਥੇ ਸੰਗਮਰਮਰ ਦੇ ਮਹਿੰਗੇ ਪੱਥਰ ਅਤੇ ਬੇਸ਼ਕੀਮਤੀ ਧਾਤਾਂ ਦੀ ਚਕਾਚੌਂਧ ਵਿੱਚ ਹਮੇਸ਼ਾ ਲਈ ਦਫ਼ਨ ਕਰ ਦਿੱਤਾ ਹੈ।

ਇਸ ਕੜੀ ਵਿੱਚ ਤਾਜ਼ਾ ਮਿਸਾਲ ਤਰਨ ਤਾਰਨ ਦੇ ਇਤਿਹਾਸਕ ਗੁਰਦੁਆਰੇ ਦੀ ਕਰੀਬ ਦੋ ਸੌ ਸਾਲ ਪੁਰਾਣੀ ਡਿਊਢੀ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਸੀ ਹਾਲਾਂਕਿ ਸੰਗਤਾਂ ਦੇ ਵਿਰੋਧ ਕਾਰਨ ਬਾਕੀ ਹਿੱਸਾ ਫ਼ਿਲਹਾਲ ਬਚ ਗਿਆ।

ਜੀਵਨਜੋਤ ਕੌਰ ਨੇ ਕਿਹਾ ਕਿ ਇਸੇ ਤਰ੍ਹਾਂ ਕੇਂਦਰ ਸਰਕਾਰ ਅਧੀਨ ਆਉਂਦੇ ਆਰਕਾਲੋਜੀ ਸਰਵੇ ਆਫ਼ ਰਾਹੀਂ 20 ਕਰੋੜ ਰੁਪਏ ਖ਼ਰਚ ਕਰਨ ਲਈ ਜੱਲਿਆਂਵਾਲਾ ਬਾਗ਼ ਦੇ ਇਤਿਹਾਸਕ ਖੂਹ ਸਮੇਤ ਕਈ ਹੋਰ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਇਆ ਜਾ ਰਿਹਾ ਹੈ।

ਜੀਵਨ ਜੋਤ ਕੌਰ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਉੱਤੇ ਕਰੋੜਾਂ ਖ਼ਰਚ ਕਰਕੇ ਲਿਆਂਦੀ ਜਾ ਰਹੀ ਚਮਕ ਦਮਕ ਦੇਸ਼ ਦੁਨੀਆ ਤੋਂ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੇ ਲੱਖਾਂ ਲੋਕਾਂ ਨੂੰ ਮੂਲ ਨਿਸ਼ਾਨੀਆਂ ਅਤੇ ਭਾਵਨਾਤਮਕ ਅਹਿਸਾਸ ਨਾਲੋਂ ਤੋੜੇਗੀ।

ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਜੱਲਿਆਂਵਾਲਾ ਬਾਗ਼ ਵਿੱਚ ਤੋੜਫੋੜ ਕੀਤੀ ਜਾ ਰਹੀ ਹੈ। ਇਸ ਤੋਂ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ। ਜਿਸ ਲਈ ਸੁਚੇਤ ਰਹਿਣ ਦੀ ਜ਼ਰੂਰਤ ਹੈ। ਮਾਣੂਕੇ ਨੇ ਕਿਹਾ ਕਿ ਇਹ ਮਾਮਲਾ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਉਠਾਇਆ ਜਾਵੇਗਾ।

Share News / Article

Yes Punjab - TOP STORIES