ਜਲਾਲਾਬਾਦ ’ਚ ਚੋਣ ਜ਼ਾਬਤੇ ਦੀ ਉਲੰਘਣਾ ਲਈ ਕਾਂਗਰਸ ਅਤੇ ਇਸ ਦੇ ਉਮੀਦਵਾਰ ਵਿਰੁੱਧ ਕਾਰਵਾਈ ਕੀਤੀ ਜਾਵੇ: ਅਕਾਲੀ ਦਲ

ਚੰਡੀਗੜ੍ਹ, 14 ਅਕਤੂਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਜਲਾਲਬਾਦ ਹਲਕੇ ਅੰਦਰ ਕਾਂਗਰਸ ਪਾਰਟੀ ਵੱਲੋਂ ਵੋਟਰਾਂ ਨੂੰ ਬਿਜਲੀ ਬਿਲ ਮੁਆਫ ਕਰਵਾਉਣ ਲਈ ਪੀਐਸਪੀਸੀਐਲ ਦਫਤਰਾਂ ਵਿਚ ਸੱਦ ਕੇ ਕੀਤੀ ਜਾ ਰਹੀ ਚੋਣ ਜ਼ਾਬਤੇ ਦੀ ਉਲੰਘਣਾ ਲਈ ਪਾਰਟੀ ਅਤੇ ਇਸ ਦੇ ਉਮੀਦਵਾਰ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਮੁੱਖ ਚੋਣ ਅਧਿਕਾਰੀ ਕੋਲ ਰਸਮੀ ਤੌਰ ਤੇ ਸ਼ਿਕਾਇਤ ਦਿੰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਲਾਲਾਬਾਦ ਹਲਕੇ ਅੰਦਰ ਚੋਣ ਜ਼ਾਬਤੇ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਵੋਟਰਾਂ ਨਾਲ ਉਹਨਾਂ ਦੇ ਬਿਜਲੀ ਦੇ ਬਿਲ ਭਰਨ ਦਾ ਵਾਅਦਾ ਕਰਕੇ ਰਿਸ਼ਵਤ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਆਪਣੇ ਬਿਜਲੀ ਦੇ ਬਿਲ ਮੁਆਫ ਕਰਵਾਉਣ ਜਾਂ ਪਾਰਟੀ ਵੱਲੋਂ ਭਰਵਾਉਣ ਲਈ ਕਾਂਗਰਸੀ ਉਮੀਦਵਾਰ ਦਾ ਸਮਰਥਨ ਕਰਨ ਲਈ ਕਿਹਾ ਜਾ ਰਿਹਾ ਹੈ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਬਰਾੜ ਨੇ ਕਿਹਾ ਕਿ ਕਾਂਗਰਸੀ ਨੁੰਮਾਇਦੇ ਸ਼ਰੇਆਮ ਪਿੰਡਾਂ ਵਿਚੋਂ ਜਾ ਕੇ ਬਿਜਲੀ ਦੇ ਬਿੱਲ ਇਕੱਠੇ ਕਰ ਰਹੇ ਹਨ ਅਤੇ ਆਪਣੀਆਂ ਜੇਬਾਂ ਵਿਚੋਂ ਭਰ ਰਹੇ ਹਨ। ਉਹਨਾਂ ਕਿਹਾ ਕਿ ਸੁਨੀਲ ਕੁਮਾਰ ਨਾਂ ਦਾ ਇੱਕ ਵਿਅਕਤੀ ਬਿਜਲੀ ਦਫ਼ਤਰ ਵਿਚ ਬੈਠ ਕੇ ਲੋਕਾਂ ਦੇ ਫੋਨ ਨੰਬਰ ਅਤੇ ਬਿਜਲੀ ਦੇ ਬਿਲ ਇੱਕਠੇ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਬਿੱਲ ਭਰਨ ਮਗਰੋਂ ਵੋਟਰਾਂ ਨੂੰ ਫੋਨ ਕਰਕੇ ਜਾਂ ਐਸਐਮਐਸ ਭੇਜ ਕੇ ਸੂਚਿਤ ਕੀਤਾ ਜਾ ਰਿਹਾ ਹੈ।

ਇਸ ਨੂੰ ਚੋਣ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਵੋਟਰਾਂ ਨੂੰ ਪੈਸੇ ਨਾਲ ਭਰਮਾਉਣ ਲਈ ਕਾਂਗਰਸੀ ਉਮੀਦਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ ਅਤੇ ਹਲਕੇ ਅੰਦਰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਾਸਤੇ ਉਸ ਦੀ ਉਮੀਦਵਾਰੀ ਨੂੰ ਤੁਰੰਤ ਰੱਦ ਕੀਤਾ ਜਾਵੇ।

Share News / Article

Yes Punjab - TOP STORIES