ਜਰਖੜ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮਦਿਨ ਮਨਾਇਆ

ਲੁਧਿਆਣਾ, 29 ਅਗਸਤ, 2019 –

ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਹਾਕੀ ਦੇ ਜਾਦੂਗਰ ਓਲੰਪੀਅਨ ਧਿਆਨ ਚੰਦ ਦਾ 114ਵਾਂ ਜਨਮਦਿਨ ਖੇਡ ਦਿਵਸ ਵਜੋਂ ਮਨਾਇਆ। ਅੱਜ ਸਵੇਰੇ ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ, ਜੂਡੋ ਕੋਚ ਪਰਵੀਨ ਠਾਕੁਰ, ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖ਼ੜ ਅਤੇ ਹੋਰਨਾਂ ਪ੍ਰਬੰਧਕਾਂ ਤੇ ਵੱਡੀ ਗਿਣਤੀ ਪੁੱਜੇ ਖ਼ਿਡਾਰੀਆਂ ਨੇ ਹਾਕੀ ਦੇ ਜਾਦੂਗਰ ਧਿਆਨਚੰਦ ਦੇ ਜਰਖੜ ਸਟੇਡੀਅਮ ‘ਚ ਸਥਾਪਤ ਆਦਮਕੱਦ ਬੁੱਤ ‘ਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਜਰਖੜ ਅਕੈਡਮੀ ਤੇ ਕਿਲ੍ਹਾ ਰਾਏਪੁਰ ਅਕੈਡਮੀ ਦੇ ਖਿਡਾਰੀਆਂ ਨੇ ਉਨ੍ਹਾਂ ਵਰਗੇ ਮਹਾਨ ਖਿਡਾਰੀ ਬਣਨ ਦਾ ਪ੍ਰਣ ਕੀਤਾ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜੀਵਨ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਬਾਰੇ ਦੱਸਦਿਆਂ ਉਨ੍ਹਾਂ ਵਰਗੇ ਮਹਾਨ ਖਿਡਾਰੀ ਬਣਨ ਲਈ ਪ੍ਰੇਰਿਆ। ਉਨ੍ਹਾਂ ਆਖਿਆ ਕਿ ਧਿਆਨ ਚੰਦ ਇੱਕ ਆਮ ਪਰਿਵਾਰ ਚੋਂ ਉੱਠ ਕੇ ਹਾਕੀ ਦੇ ਜਾਦੂਗਰ ਬਣਨ ਦਾ ਸੁਪਨਾ ਸਾਕਾਰ ਕਰਨਾ ਦੁਨੀਆ ਭਰ ਦੇ ਹਾਕੀ ਪ੍ਰੇਮੀਆਂ ਲਈ ਇੱਕ ਮਾਣ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਧਿਆਨ ਚੰਦ ਤਿੰਨ ਓਲੰਪਿਕ ਖੇਡਿਆ ਤੇ ਤਿੰਨਾਂ ‘ਚ ਹੀ ਉਨ੍ਹਾਂ ਨੇ ਭਾਰਤ ਨੂੰ ਸੋਨ ਤਗਮਾ ਜਿਤਾਇਆ ਤੇ ਹਰ ਓਲੰਪਿਕ ‘ਚ ਉਹ ਟੌਪ ਸਕੋਰਰ ਰਹੇ। ਤਿੰਨਾ ਓਲੰਪਿਕ ‘ਚ ਉਨ੍ਹਾਂ ਵੱਲੋਂ ਕੀਤੇ 33 ਗੋਲਾਂ ਦਾ ਰਿਕਾਰਡ ਅੱਜ ਤੱਕ ਕੋਈ ਖਿਡਾਰੀ ਤੋੜ ਨਹੀਂ ਸਕਿਆ। ਭਾਰਤ ਸਰਕਾਰ ਉਨ੍ਹਾਂ ਦੇ ਜਨਮਦਿਨ ਨੂੰ ਹਰ ਸਾਲ ਖੇਡ ਦਿਵਸ ਵਜੋਂ ਮਨਾਉਂਦੀ ਹੈ। ਅਸੀਂ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜਰਖੜ ਸਟੇਡੀਅਮ ਤੇ ਲੁਧਿਆਣਾ ਵਿਖੇ ਉਨ੍ਹਾਂ ਦਾ ਜਨਮ ਦਿਹਾੜਾ ਖੇਡ ਦਿਵਸ ਵਜੋਂ ਮਨਾ ਰਹੇ ਹਾਂ।

ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਭਾਰਤ ਸਰਕਾਰ ਨੇ ‘ਫਿੱਟ ਇੰਡੀਆ ਮੂਵਮੈਂਟ” ਸ਼ੁਰੂ ਕੀਤੀ ਹੈ ਜਿਸਦਾ ਮੁੱਖ ਨਿਸ਼ਾਨਾ ਲੋਕਾਂ ਨੂੰ ਫਿੱਟ ਰਹਿ ਕੇ ਤੰਦਰੁਸਤ ਰੱਖਣਾ ਹੈ। ਇਸ ਮੌਕੇ ਜਰਖੜ ਹਾਕੀ ਅਕੈਡਮੀ ਤੇ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਵਿਚਕਾਰ ਹਾਕੀ ਦਾ ਇੱਕ ਪ੍ਰਦਰਸ਼ਨੀ ਮੈਚ ਵੀ ਕਰਾਇਆ ਗਿਆ। ਜੋ 2-2 ਗੋਲਾਂ ‘ਤੇ ਬਰਾਬਰ ਰਿਹਾ।

ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਜਗਰੂਪ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਗੁਰਦੀਪ ਸਿੰਘ ਟੀਟੂ, ਤੇਜਿੰਦਰ ਸਿੰਘ ਜਰਖੜ ਨੇ ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਤੇ ਕੋਚ ਪਰਵੀਨ ਠਾਕੁਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਰਣਜੀਤ ਸਿੰਘ ਦੁਲੇਅ, ਪਹਿਲਵਾਨ ਹਰਮੇਲ ਸਿੰਘ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸੰਦੀਪ ਸਿੰਘ ਪੰਧੇਰ, ਸ਼ਿੰਗਾਰਾ ਸਿੰਘ ਜਰਖੜ, ਜਸਮੇਲ ਸਿੰਘ ਨੋਕਵਾਲ, ਫੋਟੋਗ੍ਰਾਫਰ ਦਲਬੀਰ ਸਿੰਘ ਜਰਖੜ, ਮਨਜਿੰਦਰ ਸਿੰਘ ,ਇਆਲੀ, ਸੋਮਾ ਸਿੰਘ ਰੋਮੀ, ਸਾਹਿਬਜੀਤ ਸਿੰਘ ਸਾਬ੍ਹੀ, ਯਾਦਵਿੰਦਰ ਸਿੰਘ ਤੂਰ ਆਦਿ ਹੋਰ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕ ਹਾਜ਼ਰ ਸਨ।

ਮਾਤਾ ਸਾਹਿਬ ਕੌਰ ਸਪੋਰਟਸ ਟਰੱਸਟ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਰਖੜ ਅਕੈਡਮੀ ਤੇ ਜਰਖੜ ਖੇਡਾਂ ਦੀ ਅਗਲੀ ਰੂਪ ਰੇਖਾ ੳਲੀਕਣ ਲਈ ਪ੍ਰਬੰਧਕਾਂ ਦੀ ਮੀਟਿੰਗ 8 ਸਤੰਬਰ ਨੂੰ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਵੇਗੀ।

Share News / Article

Yes Punjab - TOP STORIES