ਚੰਨੀ ਸਰਕਾਰ ਹਰ ਵਰਗ ਦੀ ਬੇਹਤਰੀ ਲਈ ਯਤਨਸ਼ੀਲ, ਨਵਾਂਸ਼ਹਿਰ ’ਚ ਦੋ ਦਿਨਾਂ ’ਚ 3567 ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ 820.91 ਲੱਖ ਰੁਪਏ ਦੀ ਕਰਜ਼ਾ ਰਾਹਤ ਦੀ ਵੰਡ: ਅੰਗਦ ਸਿੰਘ

ਯੈੱਸ ਪੰਜਾਬ
ਨਵਾਂਸ਼ਹਿਰ, 16 ਦਸੰਬਰ, 2021 –
ਐਮ ਐਲ ਏ ਅੰਗਦ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਨਵਾਂਸ਼ਹਿਰ ਹਲਕੇ ’ਚ ਖੇਤ ਮਜ਼ਦੂਰ ਤੇ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਕੀਮ ਦੇ ਦੂਸਰੇ ਪੜਾਅ ਤਹਿਤ ਪਿਛਲੇ ਦੋ ਦਿਨਾਂ ’ਚ 8 ਸਹਿਕਾਰੀ ਖੇਤੀਬਾੜੀ ਸਭਾਵਾਂ ਤਹਿਤ ਪੈਂਦੇ 3567 ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ 820.91 ਲੱਖ ਰੁਪਏ ਦੀ ਕਰਜ਼ਾ ਰਾਹਤ ਦੀ ਵੰਡ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਸਰਕਾਰ ਹਰ ਵਰਗ ਦੀ ਬੇਹਤਰੀ ਲਈ ਯਤਨਸ਼ੀਲ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਹੋ ਸਕਣ।

ਵਿਧਾਇਕ ਅੰਗਦ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ, ਪਹਿਲੇ ਪੜਾਅ ਅਧੀਨ ਨਵਾਂਸ਼ਹਿਰ ਦੀਆਂ 21 ਸਹਿਕਾਰੀ ਸਭਾਵਾਂ ਦੇ 7818 ਖੇਤ ਮਜ਼ਦੂਰ ਤੇ ਬੇਜ਼ਮੀਨੇ ਕਿਸਾਨ ਮੈਂਬਰਾਂ ਨੂੰ 1584.93 ਲੱਖ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਸਹਿਕਾਰੀ ਖੇਤੀਬਾੜੀ ਸਭਾ ਕਰੀਮਪੁਰ, ਰਾਹੋਂ, ਘੱਕੇਵਾਲ, ਬੈਂਸ, ਰਸੂਲਪੁਰ, ਬਜ਼ੀਦਪੁਰ, ਭਾਰਟਾ ਕਲਾਂ ਤੇ ਹੁਸੈਨਪੁਰ ਦੇ ਖੇਤ ਮਜ਼ਦੂਰ ਤੇ ਬੇਜ਼ਮੀਨੇ ਕਿਸਾਨ ਮੈਂਬਰਾਂ ਨੂੰ ਕਰਜ਼ਾ ਰਾਹਤ ਦੇ ਲਾਭ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਦੂਸਰੇ ਪੜਾਅ ਤਹਿਤ 11 ਸਹਿਕਾਰੀ ਸਭਾਵਾਂ ਦੇ 4856 ਖੇਤ ਮਜ਼ਦੂਰ ਤੇ ਬੇਜ਼ਮੀਨੇ ਕਿਸਾਨ ਮੈਂਬਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਨੂੰ 1091.36 ਲੱਖ ਰੁਪਏ ਦੀ ਕਰਜ਼ਾ ਰਾਹਤ ਮੁਹੱਈਆ ਕਰਵਾਈ ਜਾਣੀ ਹੈ।

ਵਿਧਾਇਕ ਅੰਗਦ ਸਿੰਘ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਦੇ ਬਿਜਲੀ ਖ਼ਪਤਕਾਰਾਂ ਨੂੰ ਵੀ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਕਰੋੜਾਂ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ਼ ਕਰਕੇ, ਉਨ੍ਹਾਂ ਦੇ ਕੱਟੇ ਕੁਨੈਕਸ਼ਨ ਦੁਬਾਰਾ ਜੋੜਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ 7 ਕਿਲੋਵਾਟ ਤੱਕ ਲੋਡ ਦੇ ਖਾਤਾਧਾਰਕਾਂ ਨੂੰ ਬਿਜਲੀ ਦਰਾਂ ’ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਦੀ ਰਾਹਤ ਦਿੱਤੀ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ