ਚੰਨੀ ਵਲੋਂ ਸੰਤ ਸਮਾਜ ਨਾਲ ਮੀਟਿੰਗ – ਸ਼ਤਾਬਦੀ ਸਮਾਗਮਾਂ ਲਈ ਮੁਕੰਮਲ ਸਹਿਯੋਗ ਦਾ ਭਰੋਸਾ

ਸੁਲਤਾਨਪੁਰ ਲੋਧੀ, 20 ਅਕਤੂਬਰ, 2019:
ਪੰਜਾਬ ਦੇ ਸੈਰ ਸਪਾਟਾ, ਸੱਭਿਆਚਾਰਕ ਮਾਮਲਿਆਂ ਤੇ ਤਕਨੀਕੀ ਸਿੱਖਿਆ ਬਾਰੇ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵਲੋਂ ਅੱਜ ਸੰਤ ਸਮਾਜ ਨਾਲ ਮੀਟਿੰਗ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪ ਰੇਖਾ ਤੇ ਲੰਗਰ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਸੁਲਤਾਨਪੁਰ ਲੋਧੀ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ.ਪੀ.ਐਸ. ਖਰਬੰਦਾ, ਬਾਬਾ ਅਮਰੀਕ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਬਾਬਾ ਸਤਨਾਮ ਸਿੰਘ ਸੰਤਘਾਟ ਵਾਲੇ, ਬਾਬਾ ਗੁਰਚਰਨ ਸਿੰਘ ਦੇ ਪ੍ਰਤੀਨਿਧੀ , ਸੰਤ ਜਗਜੀਤ ਸਿੰਘ ਭੂਰੀ ਵਾਲੇ ਹਾਜ਼ਰ ਸਨ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਨੂੰ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਵਿਸ਼ਵ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਵਲੋਂ ਸ਼ਿਰਕਤ ਕੀਤੀ ਜਾਣੀ ਹੈ।

ਉਨਾਂ ਸ਼ਤਾਬਦੀ ਸਮਾਗਮਾਂ ਲਈ ਸੰਤ ਸਮਾਜ ਕੋਲੋਂ ਪੂਰਨ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੰਗਰ ਵਿਵਸਥਾ, ਜੋੜੇ ਘਰਾਂ, ਗਠੜੀ ਘਰਾਂ ਲਈ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਸਥਾਨ ਅਲਾਟ ਕਰ ਦਿੱਤੇ ਗਏ ਹਨ ਅਤੇ ਵਿਸ਼ੇਸ਼ ਕਰਕੇ ਲੰਗਰਾਂ ਲਈ ਬਿਜਲੀ, ਪੀਣ ਵਾਲੇ ਪਾਣੀ ਤੇ ਰੌਸ਼ਨੀ ਦਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਗਮਾਂ ਦੀ ਸਫਲਤਾ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਸੰਤ ਸਮਾਜ ਨੂੰ ਪੂਰਨ ਸਹਿਯੋੋਗ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਸੰਤ ਸਮਾਜ ਵਲੋਂ ਲੰਗਰ ਪ੍ਰਬੰਧਾਂ ਲਈ ਉਠਾਏ ਮੁੱਦਿਆਂ ’ਤੇ ਤੁਰੰਤ ਕਾਰਵਾਈ ਕਰਦਿਆਂ ਕੈਬਨਿਟ ਮੰਤਰੀ ਨੇ ਜਿਲਾ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਕਿ ਲੰਗਰ ਲਈ ਸਾਜੋ ਸਮਾਨ ਢੋਣ ਵਾਲੇ ਵਾਹਨਾਂ ਨੂੰ ਬਿਲਕੁਲ ਨਾ ਰੋਕਿਆ ਜਾਵੇ ਅਤੇ ਉਨਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣ।

ਜਿਲਾ ਪ੍ਰਸ਼ਾਸ਼ਨ ਵਲੋਂ ਸੜਕ ਕੰਢੇ ਲੰਗਰ ਨਾ ਲਾਉਣ ਸਬੰਧੀ ਅਪੀਲ ’ਤੇ ਸੰਤ ਸਮਾਜ ਨੇ ਕਿਹਾ ਕਿ ਲੰਗਰ ਦੌਰਾਨ ਸੰਗਤ ਦੀ ਸੁਰੱਖਿਆ ਤੇ ਸੁਚਾਰੂ ਆਵਾਜਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਸੰਤ ਸਮਾਜ ਨੇ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਨੂੰ ਸਮਾਗਮਾਂ ਦੀ ਸਫਲਤਾ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਵਿਸ਼ਵਾਸ਼ ਵੀ ਦਿਵਾਇਆ।

ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਗੁਰਦੁਆਰਾ ਸਾਹਿਬ ਦੇ ਨੇੜਲੇ ਖੇਤਰਾਂ ਵਿਚ 37 ਲੰਗਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਵਲੋਂ ਹਰੇਕ ਲੰਗਰ ਲਈ ਇਕ-ਇਕ ਨੋਡਲ ਅਫਸਰ ਵੀ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਸੰਤ ਸਮਾਜ ਨੂੰ ਸੇਵਾ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਵਲੋਂ ਲੰਗਰਾਂ ਲਈ ਬਿਜਲੀ ਕੁੁਨੈਕਸ਼ਨ ਜਾਰੀ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ 8 ਏਕੜ ਵਿਚ ਲੱਗ ਰਹੇ ਲੰਗਰ ਲਈ 600 ਕਿਲੋਵਾਟ ਦਾ ਬਿਜਲੀ ਕੁਨੈਕਸ਼ਨ ਦਿੱਤਾ ਜਾ ਚੁੱਕਾ ਹੈ।ਇਸ ਪਿੱਛੋਂ ਕੈਬਨਿਟ ਮੰਤਰੀ ਵਲੋਂ ਮੁੱਖ ਸਮਾਗਮਾਂ ਲਈ ਤਿਆਰ ਕੀਤੇ ਜਾ ਰਹੇ ਪੰਡਾਲ, ਟੈਂਟ ਸਿਟੀ, ਸੰਗਤ ਦੀ ਸਹੂਲਤ ਲਈ ਸਾਰੀਆਂ 9 ਪਾਰਕਿੰਗਾਂ ਤੋਂ ਸ਼ੁਰੂ ਕੀਤੀ ਗਈ ਮੁਫਤ ਬੱਸ ਸੇਵਾ ਆਦਿ ਦਾ ਜਾਇਜ਼ਾ ਵੀ ਲਿਆ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਮੋਗਲਾ, ਐਸ.ਡੀ.ਐਮ. ਡਾ. ਚਾਰੂਮਿਤਾ, ਪਰਮਜੀਤ ਸਿੰਘ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਐਕਸੀਅਨ ਵਰਿੰਦਰ ਕੁਮਾਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Yes Punjab - Top Stories