ਚੰਡੀਗੜ੍ਹ ਨਗਰ ਨਿਗਮ ਚੋਣਾਂ: ‘ਆਪ’ ਸਭ ਤੋਂ ਵੱਡੀ ਪਾਰਟੀ ਪਰ ਬਹੁਮਤ ਤੋਂ ਦੂਰ

ਯੈੱਸ ਪੰਜਾਬ
ਨਵੀਂ ਦਿੱਲੀ, 27 ਦਸੰਬਰ, 2021:
ਚੰਡੀਗੜ੍ਹ ਨਗਰ ਨਿਗਮ ਲਈ ਬੀਤੇ ਦਿਨੀਂ ਪਈਆਂ ਵੋਟਾਂ ਦੇ ਨਤੀਜੇ ਸੋਮਵਾਰ ਦੁਪਹਿਰ ਤਕ ਸਾਹਮਣੇ ਆ ਗਏ ਹਨ।

‘ਆਮ ਆਦਮੀ ਪਾਰਟੀ’ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਤੌਰ ’ਤੇ ਸਾਹਮਣੇ ਆਈ ਹੈ ਪਰ ਬਹੁਮਤ ਤੋਂ ਦੂਰ ਰਹਿ ਗਈ ਹੈ। ਚੰਡੀਗੜ੍ਹ ਦੇ ਲੋਕਾਂ ਨੇ ਸਪਸ਼ਟ ਬਹੁਮਤ ਕਿਸੇ ਪਾਰਟੀ ਨੂੰ ਨਹੀਂ ਦਿੱਤਾ ਅਤੇ ‘ਲੰਗੜਾ’ ਹਾਊਸ ਸਾਹਮਣੇ ਆ ਰਿਹਾ ਹੈ।

ਚੰਡੀਗੜ੍ਹ ਦੇ 35 ਵਾਰਡਾਂ ਲਈ ਪਈਆਂ ਵੋਟਾਂ ਦੇ ਸਾਰੇ ਨਤੀਜੇ ਸਾਹਮਣੇ ਆ ਜਾਣ ਮਗਰੋਂ ਪਾਰਟੀਵਾਈਜ਼ ਸਥਿਤੀ ਹੇਠ ਅਨੁਸਾਰ ਰਹੀ ਹੈ:

ਆਮ ਆਦਮੀ ਪਾਰਟੀ 14

ਭਾਜਪਾ 12

ਕਾਂਗਰਸ 08

ਅਕਾਲੀ ਦਲ ਬਾਦਲ 01

ਉਕਤ ਸਥਿਤੀ ਤੋਂ ਸਪਸ਼ਟ ਹੈ ਕਿ ਹਾਊਸ ਵਿੱਚ ਬਹੁਮਤ ਸਾਬਤ ਕਰਨ ਲਈ ‘ਆਪ’, ਭਾਜਪਾ ਅਤੇ ਕਾਂਗਰਸ ਵਿੱਚੋਂ ਦੋ ਪਾਰਟੀਆਂ ਨੂੰ ਜਾਂ ਤਾਂ ਆਪਸ ਵਿੱਚ ਮਿਲਣਾ ਹੋਵੇਗਾ ਜਾਂ ਫ਼ਿਰ ਕਿਸੇ ਇਕ ਦਾ ਬਾਹਰੋਂ ਸਮਰਥਨ ਕਰਨਾ ਹੋਵੇਗਾ।

ਇਹ ਵੇਖ਼ਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਵਿੱਚ ਵੀ ਆਪਸ ਵਿੱਚ ਇਕ ਦੂਜੇ ਦੇ ਵਿਰੁੱਧ ਡਟੀਆਂ ਇਹਨਾਂ ਸਾਰੀਆਂ ਪਾਰਟੀਆਂ ਵਿੱਚੋਂ ਕਿਹੜੀ ਪਾਰਟੀ ਕਿਸੇ ਨਾਲ ਮਿਲਣਾ ਪਸੰਦ ਕਰੇਗੀ ਜਾਂ ਫ਼ਿਰ ਬਾਹਰੋਂ ਸਮਰਥਨ ਦੇਣ ਦਾ ਫ਼ੈਸਲਾ ਕਰੇਗੀ।

ਅੱਜ ਭਾਜਪਾ ਵਾਸਤੇ ਦਿਨ ਇਸ ਗੱਲੋਂ ਵੀ ਚੰਗਾ ਨਹੀਂ ਰਿਹਾ ਕਿ ‘ਆਮ ਆਦਮੀ ਪਾਰਟੀ’ ਦੇ ਉਮੀਦਵਾਰਾਂ ਨੇ ਭਾਜਪਾ ਦੇ ਦੋ ਦਿੱਗਜ ਆਗੂਆਂ ਮੇਅਰ ਸ੍ਰੀ ਰਵੀਕਾਂਤ ਸ਼ਰਮਾ ਅਤੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਨੂੰ ਸ਼ਿਕਸਤ ਦੇ ਦਿੱਤੀ।

‘ਆਪ’ ਉਮੀਦਵਾਰ ਦਮਨਜੀਤ ਸਿੰਘ ਨੇ ਵਾਰਡ ਨੰਬਰ 17 ਵਿੱਚ ਸ੍ਰੀ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਦੇ ਫ਼ਰਕ ਨਾਲ ਹਰਾਇਆ ਜਦਕਿ ‘ਆਪ’ ਉਮੀਦਵਾਰ ਜਸਬੀਰ ਸਿੰਘ ਲਾਡੀ ਨੇ ਸਾਬਕਾ ਮੇਅਰ ਦੇਵੇਸ਼ ਮੌਦਗਿਲ ਨੂੰ ਵਾਰਡ ਨੰਬਰ 21 ਵਿੱਚ 939 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ