ਚੰਡੀਗੜ੍ਹ, ਅੰਬਾਲਾ, ਮੋਹਾਲੀ ਵਿਚਾਲੇ ਮਾਸ ਰੈਪਿਡ ਟਰਾਂਸਪੋਰਟ ਚਲਾਈ ਜਾਵੇ: ਮਨੀਸ਼ ਤਿਵਾੜੀ

ਚੰਡੀਗੜ੍ਹ, 3 ਨਵੰਬਰ, 2019:

ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਚੰਡੀਗੜ੍ਹ, ਅੰਬਾਲਾ, ਮੁਹਾਲੀ, ਪੰਚਕੂਲਾ ਅਤੇ ਇਨ੍ਹਾਂ ਦੀਆਂ ਫਿਰਨੀਆਂ ਨਾਲ ਲੱਗਦੇ ਸ਼ਹਿਰਾਂ ਵਿਚਾਲੇ ਮਾਸ ਰੈਪਿਡ ਟਰਾਂਸਪੋਰਟ ਸਿਸਟਮ (ਐੱਮਆਰਟੀਐੱਸ) ਚਲਾਏ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਿਵਸਥਾ ਨਾਲ ਖੇਤਰ ਚ ਉਦਯੋਗੀਕਰਨ ਨੂੰ ਉਤਸ਼ਾਹ ਦੇਣ ਚ ਮਦਦ ਮਿਲੇਗੀ।

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਲਿਖੀ ਇੱਕ ਚਿੱਠੀ ਚ ਤਿਵਾੜੀ ਨੇ ਕਿਹਾ ਹੈ ਕਿ ਅੰਬਾਲਾ, ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਨਿਊ ਚੰਡੀਗੜ੍ਹ, ਖਰੜ ਅਤੇ ਕੁਰਾਲੀ ਚ ਖੋਜ, ਉੱਦਮ ਦਾ ਹੱਬ ਬਣਨ ਅਤੇ ਆਰਟੀਫਿਸ਼ੀਅਲ ਇੰਟੈਲਜੈਂਸ, ਰੋਬੋਟਿਕਸ ਤੇ ਡਾਟਾ ਐਨਾਲਿਟਿਕਸ ਤੇ ਅਧਾਰਿਤ ਤੇ ਚੌਥੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਦੀ ਕਾਬਲੀਅਤ ਹੈ।

ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪੂਰਤੀ ਖਾਤਿਰ ਇਨ੍ਹਾਂ ਸ਼ਹਿਰਾਂ ਚ ਵਧੀਆ ਇੰਟਰ ਕੁਨੈਕਟੀਵਿਟੀ ਦੀ ਲੋੜ ਹੈ। ਇਸ ਨੂੰ ਹਾਸਲ ਕਰਨ ਦਾ ਬਿਹਤਰ ਤਰੀਕਾ (ਐੱਮਆਰਟੀਐੱਸ) ਹੈ, ਜਿਹੜਾ ਜ਼ਮੀਨ ਦੇ ਉੱਪਰ ਅਤੇ ਹੇਠਾਂ ਦੋਨਾਂ ਦੇ ਕੰਮ ਕਰੇ।

ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੰਬਾਲਾ ਤੋਂ ਕੁਰਾਲੀ ਤੱਕ ਸੜਕ ਦੀ ਦੂਰੀ ਕਰੀਬ 59 ਕਿਲੋਮੀਟਰ ਹੈ, ਜਿਹੜੀ (ਐਮਆਰਟੀਐਸ) ਲਈ ਚੰਗਾ ਕਾਰਨ ਹੈ ਅਤੇ ਇਸ ਤਰ੍ਹਾਂ ਹੀ ਲਾਂਡਰਾਂ ਤੋਂ ਪੰਚਕੂਲਾ ਤੱਕ ਹੋ ਸਕਦਾ ਹੈ, ਜਿਹੜੀ ਦੂਰੀ ਕਰੀਬ 32 ਕਿਲੋਮੀਟਰ ਹੈ। ਇਸ ਲਈ ਉਨ੍ਹਾਂ ਦੇ ਮੰਤਰਾਲੇ, ਰੇਲਵੇ, ਸ਼ਹਿਰੀ ਵਿਕਾਸ ਤੇ ਪੰਜਾਬ, ਹਰਿਆਣਾ ਦੀਆਂ ਸਰਕਾਰਾਂ ਅਤੇ ਚੰਡੀਗੜ੍ਹ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਆਪਸੀ ਸਹਿਯੋਗ ਦੀ ਲੋੜ ਹੈ।

ਉਨ੍ਹਾਂ ਮੰਤਰੀ ਤੋਂ ਇੱਕ ਪ੍ਰੀ ਫਿਜੀਬਿਲਟੀ ਸਟੱਡੀ ਕਰਵਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਭਾਰਤ ਦਾ ਵਿਕਾਸ ਘੱਟੋ ਘੱਟ ਦੋ ਦਹਾਕਿਆਂ ਚ ਕੀਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਾਰੇ ਭਾਈਵਾਲਾਂ ਨੂੰ ਇਕ ਮੰਚ ਤੇ ਲਿਆਉਣਾ ਚੰਗਾ ਰਹੇਗਾ ਅਤੇ ਇਸ ਲਈ ਇੱਕ ਚੰਗਾ ਅੰਤਰ ਮੰਤਰਾਲੇ ਦਾ ਗਰੁੱਪ ਬਣਾਇਆ ਜਾਵੇ, ਜਿਸ ਚ ਸੂਬਾ ਸਰਕਾਰਾਂ ਵੀ ਸ਼ਾਮਿਲ ਹੋਣ।

ਤਿਵਾੜੀ ਨੇ ਕਿਹਾ ਕਿ ਉਹ ਸੰਸਦ ਚ ਅੰਬਾਲਾ ਤੇ ਚੰਡੀਗੜ੍ਹ ਦੀ ਨੁਮਾਇੰਦਗੀ ਕਰਨ ਵਾਲੇ ਆਪਣੇ ਸਾਥੀ ਸਾਂਸਦਾਂ ਸਮੇਤ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਵੀ ਚਿੱਠੀਆਂ ਦੀਆਂ ਕਾਪੀਆਂ ਭੇਜ ਰਹੇ ਹਨ।

Share News / Article

Yes Punjab - TOP STORIES