ਚੋਣ ਕਮਿਸ਼ਨ ਕਾਂਗਰਸ ਨੂੰ ਪੁਲਿਸ ਰਾਹੀਂ ਵਿਰੋਧੀਆਂ ਨੂੰ ਧਮਕਾਉਣ ਅਤੇ ਤੰਗ ਕਰਨ ਤੋਂ ਰੋਕੇ: ਡਾ: ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 19 ਅਕਤੂਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਸੱਤਾਧਾਰੀ ਪਾਰਟੀ ਨੂੰ ਪੁਲਿਸ ਦੀ ਦੁਰਵਰਤੋਂ ਰਾਹੀਂ ਅਕਾਲੀ ਆਗੂਆਂ ਅਤੇ ਵਰਕਰਾਂ ਧਮਕਾਉਣ ਅਤੇ ਤੰਗ ਪਰੇਸ਼ਾਨ ਕਰਨ ਤੋਂ ਰੋਕ ਕੇ ਅਤੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਸਮੇਤ ਸਾਰੇ ਬਾਹਰਲੇ ਵਿਅਕਤੀਆਂ ਨੂੰ ਚੋਣ ਹਲਕਿਆਂ ਤੋਂ ਬਾਹਰ ਜਾਣ ਦਾ ਨਿਰਦੇਸ਼ ਦੇ ਕੇ ਪੰਜਾਬ ਦੇ ਚਾਰੇ ਵਿਧਾਨ ਸਭਾ ਹਲਕਿਆਂ ਅੰਦਰ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ।

ਇੱਥੇ ਚੋਣ ਕਮਿਸ਼ਨ ਦੇ ਮੁੱਖ ਚੋਣ ਅਧਿਕਾਰੀ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦਾਖਾ ਅਸੰਬਲੀ ਹਲਕੇ ਅੰਦਰ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਘਰਾਂ ਵਿਚ ਅੱਧੀ ਰਾਤ ਨੂੰ ਗੈਰਕਾਨੂੰਨੀ ਪੁਲਿਸ ਛਾਪੇ ਮਾਰ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ।

ਉਹਨਾਂ ਕਿਹਾ ਕਿ ਪਿਛਲੀ ਦਿਨੀਂ ਸਿਆਸੀ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ ਲਈ ਕੀਤੀਆਂ ਅਜਿਹੀਆਂ ਕਾਰਵਾਈਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਅਕਾਲੀ ਵਰਕਰਾਂ ਨੂੰ ਦਬਾ ਰਹੀ ਹੈ। ਉਹਨਾਂ ਕਿਹਾ ਕਿ ਹਲਕੇ ਅੰਦਰ ਵੱਡੀ ਗਿਣਤੀ ਵਿਚ ਬਾਊਂਸਰਾਂ ਨਾਲ ਭਰੇ ਵਾਹਨ ਸ਼ਰੇਆਮ ਘੁੰਮ ਰਹੇ ਹਨ ਅਤੇ ਬਾਹਰਲੇ ਜ਼ਿਲ੍ਹਿਆਂ ਦੀ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ।

ਉਹਨਾਂ ਕਿਹਾ ਕਿ ਇਹਨਾਂ ਬਾਹਰਲੇ ਵਿਅਕਤੀਆਂ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਕਾਂਗਰਸੀ ਉਮੀਦਵਾਰ ਦਾ ਸਮਰਥਨ ਨਾ ਕਰਨ ਦੀ ਸੂਰਤ ਵਿਚ ਭਿਆਨਕ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਕੇ ਪੂਰੇ ਹਲਕੇ ਅੰਦਰ ਅਰਾਜਕਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਅਤੇ ਹੋਰ ਸੀਨੀਅਰ ਆਗੂਆਂ ਸਣੇ ਵੱਡੀ ਗਿਣਤੀ ਵਿਚ ਬਾਹਰਲੇ ਵਿਅਕਤੀਆਂ ਨੇ ਚੋਣ ਹਲਕਿਆਂ ਅੰਦਰ ਡੇਰੇ ਜਮਾ ਰੱਖੇ ਹਨ।

ਉਹਨਾਂ ਕਿਹਾ ਕਿ ਉਹ ਸਥਾਨਕ ਵਰਕਰਾਂ ਨੂੰ ਗੈਰਕਾਨੂੰਨੀ ਤਰੀਕਿਆਂ ਨਾਲ ਬੂਥਾਂ ਤੇ ਕਬਜ਼ੇ ਕਰਨ ਲਈ ਉਕਸਾ ਰਹੇ ਹਨ।  ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਉਕਸਾਹਟ ਨਾ ਸਿਰਫ ਵੱਡੀ ਪੱਧਰ ਉੱਤੇ ਚੋਣ ਜ਼ਾਬਤਾ ਦਾ ਭੰਗ ਹੋਣ ਦੀ ਵਜ੍ਹਾ ਬਣਾ ਸਕਦੀ ਹੈ, ਸਗੋਂ ਇਸ ਨਾਲ ਹਲਕੇ ਅੰਦਰ ਚੋਣ ਮਾਹੌਲ ਵੀ ਵਿਗੜਣਾ ਲਾਜ਼ਮੀ ਹੈ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਵਿਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਨਕਲੀ ਪਛਾਣ ਪੱਤਰ ਬਣਾ ਚੁੱਕੀ ਹੈ ਤਾਂ ਕਿ ਉੁਹਨਾਂ ਦੀਆਂ ਨਕਲੀ ਵੋਟਾਂ ਭੁਗਤਾਈਆਂ ਜਾ ਸਕਣ। ਉਹਨਾਂ ਕਿਹਾ ਕਿ ਜੇਕਰ ਇਹਨਾਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਦਾਖਾ ਹਲਕੇ ਅੰਦਰ ਵੱਡੀ ਪੱਧਰ ਉੱਤੇ ਬੂਥਾਂ ਉੱਤੇ ਕਬਜ਼ੇ ਹੋ ਸਕਦੇ ਹਨ।

ਅਕਾਲੀ ਆਗੂ ਨੇ ਚੋਣ ਕਮਿਸ਼ਨ ਨੂੰ ਇਹ ਵੀ ਅਪੀਲ ਕੀਤੀ ਕਿ ਐਸਐਸਪੀ,ਲੁਧਿਆਣਾ (ਦਿਹਾਤੀ) ਦਾ ਚਾਰਜ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪਿਆ ਜਾਵੇ, ਕਿਉਂਕਿ ਮੌਜੂਦਾ ਐਸਐਸਪੀ ਕਾਂਗਰਸ ਪਾਰਟੀ ਦੀ ਤਰਫ਼ਦਾਰੀ ਕਰ ਰਿਹਾ ਹੈ ਅਤੇ ਚੋਣ ਹਲਕੇ ਅੰਦਰ ਅਮਨ-ਕਾਨੂੰਨ ਬਰਕਰਾਰ ਰੱਖਣ ਵਿਚ ਨਾਕਾਮ ਹੋ ਚੁੱਕਿਆ ਹੈ।

ਉਹਨਾਂ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਉੱਤੇ ਮਾਰੇ ਜਾ ਰਹੇ ਗੈਰਕਾਨੂੰਨੀ ਛਾਪਿਆਂ ਉੱਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤਕ ਸੱਤਾਧਾਰੀ ਪਾਰਟੀ ਨੂੰ ਆਪਣੇ ਸਿਆਸੀ ਵਿਰੋਧੀਆਂ ਨੂੰ ਗਿਰਫ਼ਤਾਰ ਕਰਨ ਤੋਂ ਰੋਕਣ ਲਈ ਵੀ ਆਖਿਆ।

ਡਾਕਟਰ ਚੀਮਾ ਨੇ ਚੋਣ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਸੂਬੇ ਦੇ ਚਾਰੇ ਚੋਣ ਹਲਕਿਆਂ ਅੰਦਰ ਕੇਂਦਰੀ ਨੀਮ ਦਸਤਿਆਂ ਦੀ ਤਾਇਨਾਤੀ ਨਜ਼ਰ ਨਹੀਂ ਆ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਨੇ ਚਾਰੇ ਵਿਧਾਨ ਸਭਾ ਚੋਣ ਹਲਕਿਆਂ ਅੰਦਰ ਨੀਮ ਫੌਜੀ ਦਸਤੇ ਤਾਇਨਾਤ ਕਰਨ ਦਾ ਭਰੋਸਾ ਦਿਵਾਇਆ ਸੀ।

ਉਹਨਾਂ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਚਾਰੇ ਚੋਣ ਹਲਕਿਆਂ ਅੰਦਰ ਪੈਂਦੇ ਸਾਰੇ ਬੂਥਾਂ ਉੱਤੇ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ।

ਅਕਾਲੀ ਆਗੂ ਨੇ ਵੋਟਰਾਂ ਨੂੰ ਸੱਤਾਧਾਰੀ ਪਾਰਟੀ ਵੱਲੋਂ ਡਰਾਏ ਜਾਣ ਤੋਂ ਰੋਕਣ ਲਈ ਸਾਰਿਆਂ ਬੂਥਾਂ ਦੇ ਬਾਹਰ ਵੀਡਿਓ ਕੈਮਰੇ ਲਾਉਣ ਦੀ ਵੀ ਮੰਗ ਕੀਤੀ।

Share News / Article

Yes Punjab - TOP STORIES