ਅੰਮ੍ਰਿਤਸਰ, 25 ਫਰਵਰੀ, 2020 –
‘ਅੰਮਿਤਸਰ ਸਾਹਿਤ ਉਤਸਵ’ ਦਾ ਉਦਘਾਟਨੀ ਭਾਸ਼ਣ ਪੇਸ਼ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇ ਸਮਾਜ ਵਿਗਿਆਨੀ ਪ੍ਰੋ. ਪਰਮਜੀਤ ਸਿੰਘ ਜੱਜ ਨੇ ਕਿਹਾ ਹੈ ਕਿ ਭਾਸ਼ਾ, ਧਰਮ, ਖਿੱਤੇ, ਜਾਤ, ਨਸਲ ਅਤੇ ਰੇਸ ਵਿਚੋਂ ਕਿਸੇ ਇਕ ਦੀ ਵੱਖਰਤਾ ਦੇ ਆਧਾਰ ‘ਤੇ ਰਾਸ਼ਟਰ ਦਾ ਨਿਰਮਾਣ ਨਹੀਂ ਹੋ ਸਕਦਾ ਕਿਉਂਕਿ ਹਰ ਇਕ ਵੱਖਰਤਾ ਵਿਚ ਬਹੁਤ ਸਾਰੀਆਂ ਵਿਭਿੰਨਤਾਵਾਂ ਹਨ ਜੋ ਕਿ ਰਾਸ਼ਟਰੀ ਸਾਂਝ ਦਾ ਕਾਰਨ ਨਹੀਂ ਹੋ ਸਕਦੀਆਂ।
ਇਸ ਲਈ ਜੇ ਕਰ ਰਾਸ਼ਟਰੀਅਤਾ ਦੀ ਸੰਕਲਪਨਾ ਕਰਨੀ ਹੈ ਤਾਂ ਸਾਂਝੀ ਨਾਗਰਿਕਤਾ ਦਾ ਰਾਸ਼ਟਰਵਾਦ ਪੈਦਾ ਕਰਨ ਦੀ ਲੋੜ ਹੈ ਜਿਸ ਬਾਰੇ ਭਾਸ਼ਾ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਲਈ ਭਾਸ਼ਾ ਪ੍ਰਤੀ ਆਮ ਸਹਿਮਤੀ ਪੈਦਾ ਕਰਨਾ ਹੀ ਭਾਰਤੀ ਸੰਦਰਭ ਵਿਚ ਰਾਸ਼ਟਰਵਾਦ ਨੂੰ ਠੀਕ ਦਿਸ਼ਾ ਵਿਚ ਤੋਰ ਸਕਦਾ ਹੈ।
ਉਹ ਅੱਜ ਨਾਦ ਪ੍ਰਗਾਸੁ ਸੰਸਥਾ ਵੱਲੋ ਖਾਲਸਾ ਕਾਲਜ ਫਾਰ ਵਿਮਨ ਦੇ ਵਿਹੜੇ ਵਿਚ ਕਰਵਾਏ ਜਾ ਰਹੇ ‘ਅੰਮ੍ਰਿਤਸਰ ਸਾਹਿਤ ਉਤਸਵ’ ਦੇ ਉਦਘਾਟਨੀ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਸਾਬਕਾ ਪ੍ਰੋਫੈਸਰ ਡਾ. ਮਨਜੀਤ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਦਾ ਸੰਕਲਪ ਤਾਰਕਿਕਤਾ, ਵਿਕਾਸ ਅਤੇ ਨੈਤਿਕਤਾ ਦੇ ਸੋਮੇ ਵਜੋਂ ਕੁਦਰਤ ਦੇ ਪ੍ਰਵਰਗਾਂ ਵਿਚੋਂ ਵਿਕਸਤ ਹੋਇਆ ਹੈ।
ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਸ. ਗੁਰਭੇਜ ਸਿੰਘ ਗੁਰਾਇਆ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਕਿਹਾ ਕਿ ਭਾਰਤ ਅਤੇ ਰਾਸ਼ਟਰਵਾਦੀ ਧਾਰਾ ਨੂੰ ਵੱਖ ਵੱਖ ਕਰਕੇ ਵੇਖੇ ਜਾਣ ਦੀ ਲੋੜ ਹੈ। ਗਿਆਨ ਦਾ ਸੰਕਟ ਨਿਰਧਾਰਤ ਕਰਨ ਲਈ ਵੱਡੀ ਜ਼ਿੰਮੇਵਾਰੀ ਚਿੰਤਕਾਂ ਅਤੇ ਲੇਖਕਾਂ ਦੀ ਹੁੰਦੀ ਹੈ। ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਆਏ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਾਹਿਤ ਉਤਸਵ ਨੇ ਸਮੁੱਚੇ ਅੰਮ੍ਰਿਤਸਰ ਵਿਚ ਫੁੱਲਾਂ ਦੀ ਬਹਾਰ ਵਰਗਾ ਮਾਹੌਲ ਪੈਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਉਤਸਵ ਦਾ ਆਯੋਜਨ ਖਾਲਸਾ ਕਾਲਜ ਫਾਰ ਵਿਮਨ ਤੋਂ ਇਲਾਵਾ ਪੰਜਾਬੀ ਅਕਾਦਮੀ ਦਿੱਲੀ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਚੰਡੀਗੜ੍ਹ ਯੁਨਾਈਟੇਡ ਅੇਸੋਸੀਏਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ।
ਦਿਨ ਦੇ ਦੂਜੇ ਸ਼ੈਸ਼ਨ ਵਿਚ ਰਾਸ਼ਟਰਵਾਰ: ਭਾਰਤੀ ਸੰਦਰਭ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਰਾਜੇਸ਼ ਸ਼ਰਮਾ ਨੇ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤਕ ਪਛਾਣ ਦੇ ਪ੍ਰਸ਼ਨ ਨੂੰ ਨਹੀਂ ਸਮਝਿਆ ਜਾਂਦਾ ਓਨੀ ਦੇਰ ਤਕ ਰਾਸ਼ਟਰਵਾਦ ਨੂੰ ਸਮਝਣਾ ਕਠਿਨ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬੌਧਿਕਤਾ ਬਸਤੀਵਾਦੀ ਪ੍ਰਭਾਵਾਂ ਤੋਂ ਮੁਕਤ ਹੋਣ ਦੀ ਪ੍ਰ੍ਰੀਕ੍ਰਿਆ ਵੱਲ ਨਹੀਂ ਵੱਧ ਰਹੀ।
ਉਨ੍ਹਾਂ ਅੱਗੇ ਕਿਹਾ ਕਿ ਹਰ ਤਰ੍ਹਾਂ ਦਾ ਹੀ ਰਾਸ਼ਟਰਵਾਦ ਨਾਕਾਰਾਤਮਕ ਵਰਤਾਰਾ ਹੈ ਅਤੇ ਕਿਸੇ ਵੀ ਬਣੀ ਬਣਾਈ ਧਾਰਨਾ ਨੰ ਸਹਿਜੇ ਪ੍ਰਵਾਨ ਕਰ ਲੈਣਾ ਬੌਧਿਕ ਅਤੇ ਨੈਤਿਕ ਉਧਾਲਣਾ ਹੈ। ਸਾਨੂੰ ਬਣੇ ਬਣਾਏ ਬਿਰਤਾਂਤ ਨੂੰ ਪ੍ਰਵਾਨ ਨਾ ਕਰਕੇ ਨਵੇਂ ਬਿਰਤਾਤਾਂ ਦੀ ਸਿਰਜਣਾ ਕਰਨੀ ਪਵੇਗੀ। ਇਸ ਸੈਮੀਨਾਰ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਸ. ਅਮਰਜੀਤ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ।
ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਇਕ ਖਾਲੀ ਚਿਹਨ ਹੈ ਜਿਸ ਵਿਚ ਅਸੀਂ ਆਪਣੀ ਲੋੜ ਅਨੁਸਾਰ ਅਰਥ ਪਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਥਾਂ ਪੂੰਜੀਵਾਦੀ ਮਾਡਲ ਤੋਂ ਸਿਖਿਆ ਲੈ ਰਹੇ ਹਨ। ਦਿੱਲੀ ਯੂਨੀਵਰਸਿਟੀ ਤੋਂ ਡਾ. ਯਾਦਵਿੰਦਰ ਸਿੰਘ ਅਤੇ ਹਰਕਮਲਪ੍ਰੀਤ ਸਿੰਘ ਨੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ।
ਅੰਮ੍ਰਿਤਸਰ ਸਾਹਿਤ ਉਤਸਵ ਦੇ ਪਹਿਲੇ ਦਿਨ ਦੇ ਤੀਜੇ ਸਮਾਗਮ ਦੌਰਾਨ ਨਾਰੀਵਾਦ, ਦਲਿਤ ਚਿੰਤਨ, ਘੱਟਗਿਣਤੀ, ਆਦਿ ਵਾਸੀ ਦੇ ਸੰਦਰਭ ਵਿਚ ਸਬਾਲਟਰਨ ਦ੍ਰਿਸ਼ਟੀ ਵਿਸ਼ੇ ‘ਤੇ ਸੰਵਾਦ ਰਚਾਇਆ ਗਿਆ ਹੈ। ਇਸ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੋਂ ਡਾ. ਸੁਰਿੰਦਰ ਸਿੰਘ ਜੋਧਕਾ ਨੇ ਕਿਹਾ ਕਿ ਘੱਟ ਗਿਣਤੀ/ਵੱਧ ਗਿਣਤੀ ਕੋਈ ਨਿਸਚਤ ਪ੍ਰਵਰਗ ਨਹੀਂ ਹਨ ਸਗੋਂ ਪ੍ਰਵਰਤਨਸ਼ੀਲ ਹਨ ਅਤੇ ਇਨ੍ਹਾਂ ਨੂੰ ਗਿਣਤੀ ਨਾਲ ਵੀ ਸਬੰਧਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਅੰਤਿਮ ਤੌਰ ‘ਤੇ ਸ਼ਕਤੀ ਦਾ ਸੱਤਾ ਦੇ ਪ੍ਰਵਚਨ ਨਾਲ ਜੁੜੀਆਂ ਹੋਈਆਂ ਧਾਰਨਾਵਾਂ ਹਨ।
ਇਸ ਲਈ ਭਾਰਤ ਵਿਚ ਵਿਸ਼ੇਸ਼ ਜਾਤ ਜਾਂ ਧਰਮ ਦੇ ਮੁਕਾਬਲੇ ‘ਮੌਕਿਆਂ ਦੀ ਸਾਂਝੀ ਉਪਲਬਧਤਾ ਅਤੇ ਸਮਾਨ ਨਾਗਰਿਕਤਾ ਦੀ ਭਾਵਨਾ’ ਨੂੰ ਪ੍ਰਫੁਲਤ ਕਰਨ ਵੱਲ ਵੱਧਣਾ ਚਾਹੀਦਾ ਹੈ। ਖ਼ਾਲਸਾ ਕਾਲਜ, ਪਟਿਆਲਾ ਤੋਂ ਡਾ. ਦੀਪਿੰਦਰਜੀਤ ਕੌਰ ਰੰਧਾਵਾ ਨੇ ਕਿਹਾ ਕਿ ਔਰਤ ਨੂੰ ਮਰਦ ਕੇਂਦਰਿਤ ਸੰਰਚਨਾਵਾਂ ਤੋਂ ਬਾਹਰ ਆ ਕੇ ਆਪਣਾ ਮੌਲਿਕ ਮੁਹਾਵਰਾ ਸਿਰਜਣ ਦੀ ਲੋੜ ਹੈ।
ਮੌਜੂਦਾ ਸਮੇਂ ਪੰਜਾਬੀ ਸੰਗੀਤ ਵਿਚ ਔਰਤ ਨੂੰ ਸਿਰਜਣਾਤਮਕ ਰੂੂਪਕ ਵਜੋਂ ਨਾ ਲੈ ਕੇ ਵਸਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋ. ਰੌਣਕੀ ਰਾਮ ਨੇ ਸਬਲਟਰਨ ਪ੍ਰਵਰਗ ਨੂੰ ਇਤਿਹਾਸਕ ਕ੍ਰਮ ਅਨੁਸਾਰ ਸਿਧਾਂਤਬਧ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਜਾਇਦਾਦ ਅਤੇ ਜਾਤ ਦਾ ਬਹੁਤ ਨੇੜੇ ਦਾ ਸਬੰਧ ਹੈ ਪਰ ਦਲਿਤ ਦਾ ਸੰਘਰਸ਼ ਸਮਾਨ ਸਤਿਕਾਰ ਅਤੇ ਇਜਤ ਲਈ ਹੈ।
ਇਨ੍ਹਾਂ ਤਿੰਨ ਸਮਾਗਮਾਂ ਦੌਰਾਨ ਸਮਾਗਮ ਵਿਚ ਹਾਜਰ ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਨਿਰਧਾਰਤ ਵਿਸ਼ਿਆਂ ਉਪਰ ਸਮਾਗਮਾਂ ਉਪਰੰਤ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ ਡਾ. ਹਰਜੀਤ ਸਿੰਘ ਗਿੱਲ, ਡਾ. ਇਕਬਾਲ ਕੌਰ ਸੌਂਧ, ਮੁਹੰਮਦ ਅਸਦ ਖਾਨ ਆਦਿ ਨੇ ਭਾਗ ਲਿਆ। ਸਾਹਿਤ ਉਤਸਵ ਦੌਰਾਨ ਵੱਖ ਵੱਖ ਕਾਲਜਾਂ ਤੋਂ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਅੱਜ ਦੇ ਵੱਖ ਵੱਖ ਸਮਾਗਮਾਂ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਸਰਬਜੋਤ ਸਿੰਘ, ਡਾ. ਸੁਖਵਿੰਦਰ ਅਤੇ ਡਾ. ਅਮਰਜੀਤ ਸਿੰਘ ਵਲੋਂ ਕ੍ਰਮਵਾਰ ਨਿਭਾਈ ਗਈ
ਦੂਜੇ ਦਿਨ ਦੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਖਿਚ ਦਾ ਕੇਂਦਰ ਹੋਣ ਵਾਲੇ ਅਕਾਦਮਿਕ ਖੋਜ ਚਿੰਤਨ: ਸਿਧਾਂਤ ਅਤੇ ਵਿਧੀਵਿਸ਼ੇ ‘ਤੇ ਖੋਜਾਰਥੀ / ਵਿਦਿਆਰਥੀ ਵਿਚਾਰ ਚਰਚਾ ਸੈਸ਼ਨ ਮੌਕੇ ਬਾਰੇ ਉਤਰੀ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੋਂ ਪਹੁੰਚੇ ਖੋਜਾਰਥੀ/ਵਿਦਿਆਰਥੀ ਭਾਗ ਲੈਣਗੇ ਜਿਸ ਉਤਰੀ ਭਾਰਤ ਦੀਆਂ ਪੰਜ ਪ੍ਰਮੱਖ ਯੂਨੀਵਰਸਿਟੀਆਂ ਤੋਂ ਖੋਜਾਰਥੀ ਭਾਗ ਲੈ ਰਹੇ ਹਨ।
ਪ੍ਰਸਿੱਧ ਆਲੋਚਕ ਅਤੇ ਚਿੰਤਕ ਡਾ. ਮਨਮੋਹਨ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਅਤੇ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਪ੍ਰਵੀਨ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਦੂਜੇ ਦਿਨ ਦੇ ਦੂਜੇ ਸੈਸ਼ਨ ਵਿਚ ਨਾਟਕ ‘ਫਿਰਦੌਸ’ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤੀਜੇ ਅਤੇ ਆਖਰੀ ਦਿਨ ਕਰਵਾਏ ਜਾ ਰਹੇ 11ਵੇਂ ਸਾਲਾਨਾ ਕਵੀ ਦਰਬਾਰ ‘ਚੜ੍ਹਿਆ ਬਸੰਤ’ ਵਿਚ ਬਸੰਤ ਰਾਗ ਵਾਦਨਤੋਂ ਇਲਾਵਾ ਵਿਸ਼ਾਲ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ,ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ, ਜਾਮੀਆ ਮਿਲੀਆ ਇਸਲਾਮੀਆਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਐਗਰੀਕਲਚ ਯੂਨੀਵਰਸਿਟੀ ਲੁਧਿਆਣਾ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਆਦਮਪੁਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ, ਫਤਿਹਗੜ੍ਹ ਸਾਹਿਬ, ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਕਾਲਜ ਪਟਿਆਲਾ, ਮਾਤਾ ਗੁਜਰੀ ਕਾਲਜ ਕਰਤਾਰਪੁਰ ਤੋਂ ਇਲਾਵਾ ਹੋਰਨਾਂ ਵਿਦਿਅਕ ਸੰਸਥਾਵਾਂ ਤੋਂ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।