ਯੈੱਸ ਪੰਜਾਬ
ਬਠਿੰਡਾ, 22 ਫਰਵਰੀ, 2021 –
ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਨਵੇਂ ਚਾਂਸਲਰ ਪ੍ਰੋਫੈਸਰ ਜਗਬੀਰ ਸਿੰਘ ਨੇ ਸੀਯੂਪੀਬੀ ‘ਘੁੱਦਾ’ ਕੈਂਪਸ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਯੂਨੀਵਰਸਿਟੀ ਲਾਇਬ੍ਰੇਰੀ ਵਿਖੇ ‘ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਇਤਿਹਾਸ ਸੈਕਸ਼ਨ’ ਦਾ ਉਦਘਾਟਨ ਕੀਤਾ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਇਤਿਹਾਸ ਸੈਕਸ਼ਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ ਜਿਸ ਦਾ ਉਦਘਾਟਨ ਸੀਯੂਪੀਬੀ ਦੇ ਚਾਂਸਲਰ ਪ੍ਰੋਫੈਸਰ ਜਗਬੀਰ ਸਿੰਘ ਨੇ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਦੂਜੇ ਚਾਂਸਲਰ ਦੇ ਸੁਆਗਤ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਪ੍ਰੋ. ਜਗਬੀਰ ਸਿੰਘ ਨੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਨਾਲ ਆਪਣੀ ਵਿਜਨ, ਮਿਸ਼ਨ ਅਤੇ ਦਰਸ਼ਨ ਸਾਂਝੇ ਕੀਤੇ।
ਪ੍ਰੋਗਰਾਮ ਦੇ ਆਰੰਭ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂਨੇ ਦੱਸਿਆ ਕਿ ਪ੍ਰੋ. ਜਗਬੀਰ ਸਿੰਘ ਨੇ ਆਪਣੇ 50 ਸਾਲਾਂ ਤੋਂ ਵੱਧ ਸਮੇਂ ਦੇ ਵਿਦਿਅਕ ਤਜ਼ਰਬੇ ਦੌਰਾਨ ਪੰਜਾਬੀ ਸਾਹਿਤ ਅਤੇ ਸਭਿਆਚਾਰ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂਨੇ ਅੱਗੇ ਕਿਹਾ ਕਿ ਪ੍ਰੋ. ਜਗਬੀਰ ਸਿੰਘ ਦੀ ਯੋਗ ਅਗਵਾਈ ਹੇਠ, ਸੀਯੂਪੀਬੀ ਭਾਰਤ ਨੂੰ ਦੁਬਾਰਾ ਵਿਸ਼ਵ ਗੁਰੂ ਦੇ ਰੂਪ ਵਿੱਚ ਸਥਾਪਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਲਿਆਉਣ ਲਈ ਕਈ ਕਦਮ ਚੁੱਕੇਗੀ।
ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਪੁਰਾਤੱਤਵ ਸਰਵੇਖਣਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਸਭਿਅਤਾ ਵਿਸ਼ਵ ਦੀ ਸਭ ਤੋਂ ਪੁਰਾਣੀ ਸਭਿਅਤਾ ਹੈ। ਉਹਨਾਂ ਪ੍ਰਾਚੀਨ ਗਿਆਨ ਪ੍ਰਣਾਲੀਆਂ ਬਾਰੇ ਸਾਡੀ ਸਮਝ ਵਧਾਉਣ ਲਈ ‘ਇੰਡਿਕ ਸਟੱਡੀਜ਼ ਸੈਂਟਰ’ ਸਥਾਪਤ ਕਰਨ ਦਾ ਸੁਝਾਅ ਦਿੱਤਾ। ਉੰਨ੍ਹਾਂਨੇ ਸਾਂਝਾ ਕੀਤਾ ਕਿ ਭਾਰਤੀ ਗਿਆਨ ਪਰੰਪਰਾ ‘ਬ੍ਰਹਮ’ ਤੇ ਕੇਂਦ੍ਰਿਤ ਹੈ ਅਤੇ ਇਸਨੇ ਸਾਡੀ ਚੇਤਨਾ ਨੂੰ ਰੂਪ ਦਿੱਤਾ ਹੈ ਤੇ ਸਾਨੂੰ ਕੁਦਰਤ ਦੇ ਅਨੁਕੂਲ ਰਹਿਣਾ ਸਿਖਾਇਆ ਹੈ।
ਉਨ੍ਹਾਂਨੇ ਗੁਰੂ ਨਾਨਕ ਬਾਣੀ ਅਤੇ ਪ੍ਰਾਚੀਨ ਸ਼ਾਸਤਰ ਦੀਆਂ ਵੱਖੋ ਵੱਖ ਆਇਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਇਕ ਦੂਜੇ ਨਾਲ ਸਬੰਧਤ ਹਨ। ਪ੍ਰੋ. ਜਗਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਨਾਨਕ ਬਾਣੀ ਦੇ ਅਸਲ ਸੰਦੇਸ਼ ਨੂੰ ਸਮਝਣ ਲਈ ਸਾਨੂੰ ਭਾਰਤੀ ਦਰਸ਼ਨਾਂ ਨੂੰ ਸਮਝਣ ਦੀ ਲੋੜ ਹੈ ਜਿਸ ਨੇ ਸਾਨੂੰ ਬ੍ਰਹਿਮੰਡੀ, ਮਾਨਵ-ਵਿਗਿਆਨਕ ਅਤੇ ਸਮਾਜ-ਵਿਗਿਆਨਕ ਪਰਿਪੇਖ ਦਿੱਤਾ ਹੈ।
ਉਨ੍ਹਾਂਨੇ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਸੀਯੂਪੀਬੀ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਗਿਆਨ ਨਿਰਮਾਤਾ ਬਣਨ ਅਤੇ ਨਵੀਨ ਖੋਜ ਕਰਨ ਲਈ ਉਤਸ਼ਾਹਤ ਕੀਤਾ।
ਸੀਯੂਪੀਬੀ ਦੇ ਰਜਿਸਟਰਾਰ ਸ੍ਰੀ.ਕੰਵਲ ਪਾਲ ਸਿੰਘ ਮੁੰਦਰਾ ਨੇ ਵਿਦਵਤਾਪੂਰਨ ਭਾਸ਼ਣ ਦੇਣ ਲਈ ਸੀਯੂਪੀਬੀ ਦੇ ਚਾਂਸਲਰ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਵਿੱਚ ਸਿੱਖ ਇਤਿਹਾਸ ਸੈਕਸ਼ਨ ਸਥਾਪਤ ਕਰਨ ਤੇ ਉਤਸ਼ਾਹਿਤ ਕਰਨ ਲਈ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ।
ਉਨ੍ਹਾਂਨੇ ਕਿਹਾ ਕਿ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਸਰਪ੍ਰਸਤੀ ਹੇਠ, ਸੀਯੂਪੀਬੀ ਨੇ ਸਾਡੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਸ਼ੇਸ਼ ਚੇਅਰ ਸਥਾਪਤ ਕਰਨ ਲਈ ਯੂਜੀਸੀ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂਨੇ ਪ੍ਰੋਗਰਾਮ ਦੇ ਅੰਤ ਵਿੱਚ ਉਪਚਾਰਿਕ ਧੰਨਵਾਦ ਕੀਤਾ।