ਚਰਚਿਤ ਬਿਕਰਮਜੀਤ ਸਿੰਘ ਅਗਵਾ ਅਤੇ ਕਤਲ ਮਾਮਲੇ ’ਚ ਥਾਣੇਦਾਰ ਸਣੇ 13 ਦੋਸ਼ੀ ਠਹਿਰਾਏ ਗਏ

ਯੈੱਸ ਪੰਜਾਬ
ਅੰਮ੍ਰਿਤਸਰ, 5 ਜੁਲਾਈ, 2019:
ਅੰਮ੍ਰਿਤਸਰ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 2014 ਦੇ ਬਿਕਰਮਜੀਤ ਸਿੰਘ ਦੇ ਚਰਚਿਤ ਅਗਵਾ ਅਤੇ ਕਤਲ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਮੌਕੇ ਦੇ ਥਾਣੇਦਾਰ ਨੌਰੰਗ ਸਿੰਘ ਸਣੇ 13 ਮੁਜਰਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਇਹਨਾਂ ਨੂੰ ਸਜ਼ਾ ਸੋਮਵਾਰ 8 ਜੁਲਾਈ ਨੂੰ ਸੁਣਾਈ ਜਾਵੇਗੀ।

ਇਹ ਫ਼ੈਸਲਾ ਅੱਜ ਮਾਨਯੋਗ ਐਡੀਸ਼ਨਲ ਸੈਸ਼ਨਜ਼ ਜੱਜ ਸ: ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਕੁਲ 13 ਦੋਸ਼ੀਆਂ ਵਿਚੋਂ 11 ਪੁਲਿਸ ਕਰਮੀ ਹਨ।

ਸਰਕਾਰੀ ਪੱਖ ਵੱਲੋਂ ਏ.ਪੀ.ਐਸ. ਖੇੜਾ ਅਤੇ ਰਿਤੂ ਕੁਮਾਰ ਸਰਕਾਰੀ ਵਕੀਲਾਂ ਵਜੋਂ ਪੇਸ਼ ਹੋਏ।

ਯਾਦ ਰਹੇ ਕਿ ਉਮਰਕੈਦ ਦੀ ਸਜ਼ਾ ਕੱਟ ਰਿਹਾ ਅਲਗੋਂ ਕੋਠੀ, ਤਰਨਤਾਰਨ ਦਾ ਬਿਕਰਮਜੀਤ ਸਿੰਘ ਮਈ 2014 ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰ-ਏ-ਇਲਾਜ ਸੀ ਅਤੇ ਪੁਲਿਸ ਨੇ ਉਸ ਨੂੰ ਉੱਥੋਂ 5 ਮਈ ਨੂੰ ਚੁੱਕ ਲਿਆ। ਉਸਨੂੰ ਬਟਾਲਾ ਥਾਣੇ ਵਿਚ ਲਿਜਾਇਆ ਗਿਆ ਜਿੱਥੇ ਉਸਤੇ ਇੰਸਪੈਕਟਰ ਨੌਰੰਗ ਸਿੰਘ ਦੀ ਨਿਗਰਾਨੀ ਹੇਠ ‘ਥਰਡ ਡਿਗਰੀ’ ਤਸ਼ੱਦਦ ਢਾਹਿਆ ਗਿਆ ਜਿਸ ਦੌਰਾਨ ਉਸਦੀ ਮੌਤ ਹੋ ਗਈ।

ਇਸ ਮਾਮਲੇ ’ਤੇ ਪਰਦਾ ਪਾਉਣ ਲਈ 6 ਮਈ 2014 ਨੂੰ ਥਾਣਾ ਸਿਵਲ ਲਾਈਨਜ਼ ਅੰਮ੍ਰਿਤਸਰ ਵਿਚ ਇਹ ਪਰਚਾ ਦਰਜ ਕਰ ਦਿੱਤਾ ਕਿ ਬਿਕਰਮਜੀਤ ਸਿੰਘ ਪੁਲਿਸ ਨਿਗਰਾਨੀ ਦੇ ਬਾਵਜੂਦ ਹਸਪਤਾਲ ਤੋਂ ਭੱਜ ਗਿਆ ਹੈ।

7 ਮਈ ਨੂੰ ਹੀ ਇਹ ਮਾਮਲਾ ਭਖ਼ ਗਿਆ। ਦੋਸ਼ ਇਹ ਸੀ ਕਿ ਹਸਪਤਾਲ ਤੋਂ ਚੁੱਕ ਕੇ ਬਿਕਰਮਜੀਤ ਸਿੰਘ ਨੂੰ ਥਾਣੇ ਲਿਜਾਇਆ ਗਿਆ ਜਿੱਥੇ ‘ਥਰਡ ਡਿਗਰੀ’ ਤਸ਼ੱਦਦ ਦੌਰਾਨ ਉਸਦੀ ਮੌਤ ਹੋ ਗਈ।

ਉਸਦੀ ਲਾਸ਼ ਖ਼ੁਰਦ ਬੁਰਦ ਕਰ ਦੇਣ ਦੇ ਮਕਸਦ ਨਾਲ ਕੀਰਤਪੁਰ ਨੇੜੇ ਨਹਿਰ ਵਿਚ ਸੁੱਟ ਦਿੱਤੀ ਗਈ ਜੋ ਬਾਅਦ ਵਿਚ ਨਹਿਰ ਵਿਚੋਂ ਬਰਾਮਦ ਹੋ ਗਈ ਪਰ 8 ਮਈ ਨੂੰ ਪੁਲਿਸ ਨੇ ਉਸਦੀ ਲਾਸ਼ ਨੂੰ ਅਣਪਛਾਤੀ ਕਰਾਰ ਦਿੰਦਿਆਂ ਉਸਦਾ ਅੰਤਿਮ ਸਸਕਾਰ ਕਰ ਦਿੱਤਾ।

ਇਸ ਮਾਮਲੇ ਵਿਚ 12 ਪੁਲਿਸ ਕਰਮੀਆਂ ਸਣੇ 14 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿਚ ਚਾਰ ਉਹ ਪੁਲਿਸ ਮੁਲਾਜ਼ਮ ਵੀ ਸਨ ਜਿਨ੍ਹਾਂ ਦੀ ਡਿਊਟੀ ਹਸਪਤਾਲ ਵਿਚ ਬਿਕਰਮਜੀਤ ਸਿੰਘ ਦੀ ਨਿਗਰਾਨੀ ਲਈ ਲੱਗੀ ਹੋਈ ਸੀ। ਇਸ ਦੌਰਾਨ ਇਕ ਦੋਸ਼ੀ ਏ.ਐਸ.ਆਈ. ਬਲਜੀਤ ਸਿੰਘ ਭਗੌੜਾ ਕਰਾਰ ਦੇ ਦਿੱਤਾ ਗਿਆ।

ਇਹ ਮਾਮਲਾ ਭਖ਼ ਜਾਣ ਉਪਰੰਤ ਉਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ਼ ਨੇ ਸ੍ਰੀ ਨਰੇਸ਼ ਕੁਮਾਰ ਏ.ਡੀ.ਸੀ.ਪੀ.ਕਰਾਈਮ, ਸ: ਬਲਕਾਰ ਸਿੰਘ ਏ.ਸੀ.ਪੀ.ਨਾਰਥ ਅਤੇ ਇੰਸਪੈਕਟਰ ਵਿਦਿਆ ਸਾਗਰ ਇੰਚਾਰਜ ਸੀ.ਆਈ.ਏ. ’ਤੇ ਆਧਾਰਤਿ ਇਕ ਐਸ.ਆਈ.ਟੀ. ਦਾ ਗਠਨ ਕੀਤਾ ਸੀ ਜਿਸ ਨੇ ਤਫ਼ਤੀਸ਼ ਪੂਰੀ ਕਰਕੇ 4 ਸਤੰਬਰ 2014 ਨੂੰ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਿਸ ਦਾ ਫ਼ੈਸਲਾ ਅੱਜ ਆਇਆ ਹੈ। ਪਤਾ ਲੱਗਾ ਹੈ ਕਿ ਇਸ ਦੌਰਾਨ ਲਗਪਗ 52 ਗਵਾਹਾਂ ਦੀਆਂ ਗਵਾਹੀਆਂ ਅਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਮੁਜਰਮਾਂ ਨੂੰ ਦੋਸ਼ੀ ਪਾਇਆ ਹੈ।

Share News / Article

Yes Punjab - TOP STORIES