ਘੱਲੂਘਾਰਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਖ਼ਾਲਿਸਤਾਨ ਦੇ ਨਾਅਰੇ, ਤਨਾਅ

ਯੈੱਸ ਪੰਜਾਬ
ਅੰਮ੍ਰਿਤਸਰ, 6 ਜੂਨ, 2019:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਘੱਲੂਘਾਰਾ ਦਿਵਸ ਮੌਕੇ ਸੁਹਿਰਦਤਾ ਵਾਲਾ ਮਾਹੌਲ ਬਣਾਈ ਰੱਖਣ ਦੀਆਂ ਅਪੀਲਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਦਰਕਿਨਾਰ ਕਰਦਿਆਂ ਅੱਜ ‘ਅਪ੍ਰੇਸ਼ਨ ਬਲੂਸਟਾਰ’ ਦੀ 35ਵੀਂ ਬਰਸੀ ਮੌਕੇ ਗਰਮਖ਼ਿਆਲੀ ਧਿਰਾਂ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਹਾਲਾਤ ਫ਼ਿਰ ਸੁਖਾਵੇਂ ਨਹੀਂ ਰਹੇ ਅਤੇ ਖ਼ਾਲਿਸਤਾਨ ਪੱਖੀ ਨਾਰਿਆਂ ਅਤੇ ਖਿੱਚ ਧੂਹ ਕਾਰਨ ਮਾਹੌਲ ਤਨਾਅਪੂਰਨ ਹੋ ਗਿਆ। ਇਸ ਦੌਰਾਨ ਤਲਵਾਰਾਂ ਵੀ ਲਹਿਰਾਈਆਂ ਗਈਆਂ ਅਤੇ ਘੱਟੋ ਘੱਟ ਇਕ ਸਿੰਘ ਦੀ ਪਗੜੀ ਵੀ ਢਹਿ ਪਈ।

ਇਸ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਸੁਰੱਖਿਆ ਲਈ ਲਗਾਈ ਗਈ ਸਾਦੀ ਵਰਦੀ ਵਿਚ ਪੁਲਿਸ ਨੂੰ ਵੀ ਹਾਲਾਤ ਕਾਬੂ ਹੇਠ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ।

ਘੱਲੂਘਾਰਾ ਦਿਵਸ ਮਨਾਉਣ ਲਈ ਅੱਜ ਸਵੇਰੇ ਹੀ ਵੱਡੀ ਗਿਣਤੀ ਵਿਚ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋਏ ਜਿੱਥੇ ਘੱਲੂਘਾਰਾ ਦਿਵਸ ਦੇ ਸੰਬੰਧ ਵਿਚ 4 ਜੂਨ ਨੂੰ ਸ਼ੁਰੂ ਹੋਏ ਸਮਾਗਮ ਦੀ ਸਮਾਪਤੀ ਲਈ ਅਰਦਾਸ ਹੋਣ ਮਗਰੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਪੜਿ੍ਹਆ।

ਸਮਾਗਮ ਦੀ ਸਮਾਪਤੀ ਮਗਰੋਂ ਖ਼ਾਲਿਸਤਾਨ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਅਤੇ ਕੁਝ ਧਿਰਾਂ ਦੇ ਆਹਮੋ ਸਾਹਮਣੇ ਹੋਣ ਕਾਰਨ ਹਾਲਾਤ ਤਨਾਅਪੂਰਨ ਹੋ ਗਏ। ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਵੱਲੋਂ ਆਪਣਾ ਸੰਦੇਸ਼ ਪੜ੍ਹਨਾ ਸ਼ੁਰੂ ਕੀਤੇ ਜਾਣ ਨਾਲ ਮਾਹੌਲ ਹੋਰ ਤਨਾਅਪੂਰਨ ਹੋ ਗਿਆ।

ਅਕਾਲ ਤਖ਼ਤ ਦੇ ਸਾਹਮਣੇ ਲਗਾਏ ਗਏ ਬੈਰੀਕੇਡ ਹਟਾ ਕੇ ਗਰਮ ਖ਼ਿਆਲੀਆਂ ਵੱਲੋਂ ਅਕਾਲ ਤਖ਼ਤ ਸਾਹਿਬ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਕੇ ਵੀ ਸਥਿਤੀ ਵੱਸੋਂ ਬਾਹਰ ਹੋ ਗਈ।

ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਈ ਫ਼ੌਜੀ ਕਾਰਵਾਈ ਦੇ ਵਿਰੋਧ ਵਿਚ ਹਰ ਸਾਲ 6 ਜੂਨ ਨੂੰ ਮਨਾਏ ਜਾਂਦੇ ਘੱਲੂਘਾਰਾ ਦਿਵਸ ਮੌਕੇ ਸਖ਼ਤ ਸੁਰੱਖਿਆ ਇੰਤਜ਼ਾਮ ਕਈ ਦਿਨ ਪਹਿਲਾਂ ਤੋਂ ਕੀਤੇ ਗਏ ਸਨ ਅਤੇ ਅੰਮ੍ਰਿਤਸਰ ਨੂੰ ਖ਼ਾਸ ਕਰ ਸ੍ਰੀ ਦਰਬਾਰ ਸਾਹਿਬ ਦੇ ਨੇੜਲੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਹੈ।

‘ਹਾਈ ਅਲਰਟ’ ਦੇ ਚੱਲਦਿਆਂ ਇਲਾਕੇ ਵਿਚ ਆਉਣ ਜਾਣ ਸੰਬੰਧੀ ਵੀ ਕਈ ਰੋਕਾਂ ਆਇਦ ਕੀਤੀਆਂ ਗਈਆਂ ਸਨ। ਪੰਜਾਬ ਪੁਲਿਸ ਤੋਂ ਇਲਾਵਾ ਨੀਮ ਫ਼ੌਜੀ ਦਸਤੇ ਵੀ ਸ੍ਰੀ ਦਰਬਾਰ ਸਾਹਿਬ ਦੁਆਲੇ ਅਤੇ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਂਵਾਂ ’ਤੇ ਤਾਇਨਾਤ ਕੀਤੇ ਗਏ ਸਨ।

ਗਰਮਖ਼ਿਆਲੀ ਸੰਸਥਾ ਦਲ ਖ਼ਾਲਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਸ੍ਰੀ ਦਰਬਾਰ ਸਾਹਿਬ ’ਤੇ ਫ਼ੋਜੀ ਕਾਰਵਾਈ ਦੇ ਵਿਰੋਧ ਵਿਚ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਘੱਲੂਘਾਰਾ ਦਿਵਸ ਤੋਂ ਇਕ ਦਿਨ ਪਹਿਲਾਂ ਦਲ ਖ਼ਾਲਸਾ ਵੱਲੋਂ ਸ਼ਹਿਰ ਵਿਚ ਘੱਲੂਘਾਰੇ ਸੰਬੰਧੀ ਯਾਦਗਾਰੀ ਮਾਰਚ ਕੱਢਿਆ ਗਿਆ ਸੀ। ਦਲ ਖ਼ਾਲਸਾ ਤੋਂ ਇਲਾਵਾ ਸ:ਸਿਮਰਨਜਤੀ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉਨ੍ਹਾਂ ਗਰਮ ਖ਼ਿਆਲੀ ਧਿਰਾਂ ਵਿਚ ਸ਼ਾਮਿਲ ਹੈ ਜੋ ਘੱਲੂਘਾਰਾ ਦਿਵਸ ਸੰਬੰਧੀ ਸਰਗਰਮੀ ਵਿਚ ਪ੍ਰਮੁੱਖਤਾ ਨਾਲ ਸ਼ਾਮਿਲ ਹੁੰਦੇ ਹਨ।

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਅਤੇ ਹੋਰ ਗਰਮ ਖ਼ਿਆਲੀ ਧਿਰਾਂ ਦੇ ਪ੍ਰਮੁੱਖ ਆਗੂਆਂ ਤੋਂ ਇਲਾਵਾ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਵੀ ਅੱਜ ਦੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਪੁੱਜੇ।

ਯਾਦ ਰਹੇ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੇ ਦੋ ਦਿਨ ਪਹਿਲਾਂ ਹੀ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਲਈ ਭਾਰਤੀ ਸੰਸਦ ਨੂੰ ਇਕ ਮਤਾ ਪਾਸ ਕਰਕੇ ਮੁਆਫ਼ੀ ਮੰਗਣੀ ਚਾਹੀਦੀ ਹੈ।

Share News / Article

YP Headlines