ਘੱਗਰ ਦੇ ਸਥਾਈ ਹੱਲ ਲਈ ਮੁੱਦਾ ਪਾਰਲੀਮੈਂਟ ਦੇ ਚੱਲ ਰਹੇ ਮੌਜੂਦਾ ਸੈਸ਼ਨ ਵਿਚ ਉਠਾਵਾਂਗੀ: ਪਰਨੀਤ ਕੌਰ

ਪਟਿਆਲਾ (ਦੇਵੀਗੜ੍ਹ/ਘਨੌਰ/ਸਨੌਰ/ਰਾਜਪੁਰਾ/ਬਾਦਸ਼ਾਹਪੁਰ), 20 ਜੁਲਾਈ, 2019:
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਵਿਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਵੱਡੀ ਕਰੋਪੀ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਇਹ ਮੁੱਦਾ ਉਹ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਵਿਚ ਉਠਾਉਣਗੇ।

ਸ੍ਰੀਮਤੀ ਪਰਨੀਤ ਕੌਰ ਪਟਿਆਲਾ ਜ਼ਿਲ੍ਹੇ ਵਿਚ ਸਨੌਰ, ਘਨੌਰ ਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆ ਦੇ ਕਈ ਪਿੰਡਾਂ ਵਿਚ ਘੱਗਰ, ਮਾਰਕੰਡਾ ਤੇ ਟਾਂਗਰੀ ਵੱਲੋਂ ਮਚਾਈ ਤਬਾਹੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਇਨ੍ਹਾਂ ਇਲਾਕਿਆ ਦੇ ਦੌਰੇ ‘ਤੇ ਪੁੱਜੇ ਸਨ।

ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜ੍ਹਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਤੇ ਬਾਦਸ਼ਾਹਪੁਰ ਦਾ ਦੌਰਾ ਕਰਕੇ ਜਿਥੇ ਬਰਸਾਤੀ ਤੇ ਹੜ੍ਹਾਂ ਦੇ ਪਾਣੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਉਥੇ ਹੀ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮਿਲਕੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇਗਾ।

ਸ੍ਰੀਮਤੀ ਪਰਨੀਤ ਕੌਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਸ੍ਰੀਮਤੀ ਪਰਨੀਤ ਕੌਰ ਦੇ ਇਸ ਦੌਰੇ ਮੌਕੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਤੋਂ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਸ਼ੁਤਰਾਣਾ ਦੇ ਵਿਧਾਇਕ ਸ੍ਰੀ ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਚੇਅਰਮੈਂਨ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਅਤੇ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਊਟਸਰ ਵੀ ਮੌਜੂਦ ਸਨ।

ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਮਸਲੇ ਦੇ ਸਥਾਈ ਹੱਲ ਲਈ ਸਬੰਧਤ ਵਿਭਾਗਾਂ, ਇਲਾਕਾ ਨਿਵਾਸੀਆਂ ਤੇ ਕਿਸਾਨਾਂ ਪਾਸੋਂ ਫੀਡ ਬੈਕ ਪ੍ਰਾਪਤ ਕਰਕੇ ਇਸ ਮਸਲੇ ਦੇ ਹੱਲ ਲਈ ਪਲਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਥਾਨਾਂ ‘ਤੇ ਪੁਲ, ਸਾਈਫਨ, ਕਾਜਵੇਅ ਤੇ ਪੁਲੀਆਂ ਦੀ ਲੋੜ ਹੋਵੇਗੀ ਉਹ ਲਗਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਬਰਸਾਤੀ ਪਾਣੀ ਨੂੰ ਪੂਰਾ ਲਾਂਘਾ ਦੇਣ ਲਈ ਜਿਥੇ ਬਰਸਾਤੀ, ਨਦੀ ਨਾਲਿਆਂ ਅਤੇ ਡਰੇਨਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਨਿਸ਼ਾਨਦੇਹੀ ਕਰਕੇ ਸਫਾਈ ਤੇ ਪੁਟਾਈ ਕਰਵਾਈ ਜਾਵੇਗੀ ਉਥੇ ਹੀ ਬਰਸਾਤੀ ਪਾਣੀ ਦੇ ਲਾਂਘੇ ਵਾਲੇ ਸਥਾਨਾਂ ‘ਤੇ ਹੋਏ ਨਜਾਇਜ਼ ਕਬਜ਼ੇ ਵੀ ਹਟਾਏ ਜਾਣਗੇ।

ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਜਿਹੜੇ ਵੀ ਇਲਾਕਿਆਂ ਵਿਚ ਬਰਸਾਤੀ ਪਾਣੀ ਦੇ ਲਾਂਘੇ ਲਈ ਬਣੇ ਸਰੋਤਾਂ ‘ਤੇ ਨਜਾਇਜ਼ ਕਬਜ਼ਾ ਪਾਇਆ ਗਿਆ ਉਸ ਲਈ ਨਜਾਇਜ਼ ਕਾਬਜ਼ਕਾਰ ਦੇ ਨਾਲ-ਨਾਲ ਸਬੰਧਤ ਵਿਭਾਗ ਵੀ ਇਸ ਲਈ ਜ਼ਿੰਮੇਵਾਰ ਹੋਵੇਗਾ।

ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਸਭਾ ਹਲਕਾ ਪਟਿਆਲਾ ਦੇ ਡੇਰਾਬਸੀ ਤੋਂ ਲੈਕੇ ਖਨੌਰੀ ਤੱਕ ਦੇ ਖੇਤਰ ਦਾ ਵਿਸ਼ੇਸ਼ ਜਾਇਜ਼ਾ ਲੈਕੇ ਪੂਰਾ ਪਲਾਨ ਤਿਆਰ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਇੰਨਾ ਇਲਾਕਿਆਂ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ। ਉਨ੍ਹਾਂ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਹੜ੍ਹ ਰਾਹਤ ਲਈ ਕੀਤੇ ਕਾਰਜਾਂ ਲਈ ਉਨ੍ਹਾਂ ਦੀ ਹਿੰਮਤ ਦੀ ਸਰਾਹਨਾ ਵੀ ਕੀਤੀ।

ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਕਾਰਨ ਕਰਕੇ ਪਾਣੀ ਨਾਲ ਨੁਕਸਾਨ ਹੋਇਆ ਹੈ ਉਸ ਸਬੰਧੀ ਵੀ ਪੂਰਾ ਜਾਇਜ਼ਾ ਲਿਆ ਜਾਵੇਗਾ ਅਤੇ ਭਵਿੱਖ ਵਿਚ ਦੁਬਾਰਾ ਅਜਿਹਾ ਨਾ ਹੋਵੇ ਇਹ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਸਨੌਰ ਹਲਕੇ ਦੇ ਪਿੰਡ ਸਿਰਕੱਪੜਾ ਵਿਖੇ ਘੱਗਰ ‘ਚ ਪਾਣੀ ਵੱਧਣ ਕਾਰਨ ਪੁਲ ਦੇ ਨੁਕਸਾਨ ਦੀ ਕੀਤੀ ਜਾ ਰਹੀ ਮੁਰੰਮਤ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਸਰਕਾਰ ਵੱਲੋਂ ਜਿਥੇ ਜ਼ਰੂਰਤ ਹੋਵੇਗੀ ਉਥੇ ਪੁਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ।

ਉਨ੍ਹਾਂ ਪਿੰਡ ਜੋਧਪੁਰ ਵਿਖੇ ਕਿਹਾ ਕਿ ਉਹ ਇਸ ਇਲਾਕੇ ਦੀ ਮੁਸ਼ਕਲ ਦੇ ਹੱਲ ਨੂੰ ਇਲਾਕਾ ਨਿਵਾਸੀਆਂ ਦੀ ਸਲਾਹ ਨਾਲ ਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਘੱਗਰ ਦੇ ਸਥਾਈ ਹੱਲ ਲਈ ਸੈਂਟਰਲ ਵਾਟਰ ਕਮਿਸ਼ਨ ਰਾਹੀਂ ਕੰਮ ਕੀਤਾ ਜਾਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਘੱਗਰ ਦੀ ਮਾਰ ਲਈ ਸੰਸਦ ਵਿਚ ਮੁੱਦਾ ਉਠਾਉਣ ਲਈ ਅਰਜ਼ੀ ਲਗਾਈ ਜਾ ਚੁੱਕੀ ਹੈ ਅਤੇ ਆਉਦੇ ਕੁਝ ਦਿਨਾਂ ਅੰਦਰ ਇਹ ਮੁੱਦਾ ਸੰਸਦ ਵਿਚ ਉਠਾਇਆ ਜਾਵੇਗਾ।

ਉਨ੍ਹਾਂ ਜੰਡ ਮੰਗੌਲੀ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਫਸਲਾਂ ਦੀ ਗਰਦਾਵਰੀ ਉਪਰੰਤ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ।

ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜ੍ਹਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਪਿੰਡਾਂ ‘ਚ ਆਏ ਪਾਣੀ ਦੇ ਸਥਾਈ ਹੱਲ ਲਈ ਅਧਿਕਾਰੀਆਂ ਨੂੰ ਇਸ ਦਾ ਖਾਕਾ ਤਿਆਰ ਕਰਨ ਦੀ ਵੀ ਹਦਾਇਤ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਸ. ਹਰਮੀਤ ਸਿੰਘ ਪਠਾਨਮਾਜਰਾ, ਜ਼ਿਲ੍ਹਾ ਪ੍ਰੀਸ਼ਦ ਮੈਬਰ ਸ੍ਰੀ ਗਗਨਦੀਪ ਸਿੰਘ ਜਲਾਲਪੁਰ, ਸ. ਰੀਤਿੰਦਰ ਸਿੰਘ ਰਿੱਕੀ ਮਾਨ, ਐਸ.ਡੀ.ਐਮ ਦੁਧਨਸਾਧਾਂ ਸ੍ਰੀ ਅਜੈ ਅਰੋੜਾ, ਐਸ.ਡੀ.ਐਮ ਪਟਿਆਲਾ ਸ੍ਰੀ ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ. ਰਾਜਪੁਰਾ ਸ੍ਰੀ ਰਜਨੀਸ਼ ਅਰੋੜਾ, ਐਸ.ਡੀ.ਐਮ. ਪਾਤੜ੍ਹਾ ਮਿਸ ਇਨਾਇਤ ਗੁਪਤਾ, ਪੰਚਾਇਤ ਸੰਮਤੀ ਮੈਂਬਰ ਸ. ਅਮਨ ਰਣਜੀਤ ਸਿੰਘ, ਸੀਨੀਅਰ ਕਾਂਗਰਸ ਆਗੂ ਸ੍ਰੀ ਸੁਰਿੰਦਰ ਸਿੰਘ ਘੁੰਮਣ, ਸ. ਸਤਨਾਮ ਸਿੰਘ, ਸ. ਜੋਗਿੰਦਰ ਸਿੰਘ ਕਾਕੜਾ ਸਮੇਤ ਡਰੇਨੇਜ਼ ਵਿਭਾਗ ਤੇ ਹੋਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਪਿੰਡਾਂ ਦੇ ਸਰਪੰਚ, ਪੰਚ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

Share News / Article

Yes Punjab - TOP STORIES