ਗੁ: ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਚਿੱਤਰਾਂ ਵਾਲਾ ਕੈਲੰਡਰ ਡਾ: ਜੌਹਲ, ਪਾਤਰ ਤੇ ਗੁਰਭਜਨ ਗਿੱਲ ਵੱਲੋਂ ਜਾਰੀ

ਲੁਧਿਆਣਾ, 1 ਜਨਵਰੀ, 2019 –

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਪ੍ਰਸਿੱਧ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਦੇ ਖਿੱਚੇ ਫੋਟੋ ਚਿਤਰਾਂ ਤੇ ਆਧਾਰਿਤ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਚਿਤਰਾਂ ਵਾਲਾ ਕੈਲੰਡਰ ਡਾ: ਸ ਸ ਜੌਹਲ, ਸੁਰਜੀਤ ਪਾਤਰ ਤੇਜ ਪਰਤਾਪ ਸਿੰਘ ਸੰਧੂ, ਸ: ਮਹਿੰਦਰਜੀਤ ਸਿੰਘ ਗਿੱਲ, ਸ: ਤਰਲੋਚਨ ਸਿੰਘ ਸੰਧੂ, ਅਰਮਾਨ ਸੰਧੂ, ਅਵਤਾਰ ਸਿੰਘ ਢੀਂਡਸਾ ਤੇ ਗੁਰਭਜਨ ਗਿੱਲ ਵੱਲੋਂ ਸੰਗਤ ਅਰਪਣ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਡਾ: ਸ ਸ ਜੌਹਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ਪੁਰਬ ਨੂੰ ਮਨਾਉਣਾ ਚੰਗੀ ਗੱਲ ਹੈ ਪਰ ਕੌਮੀ ਆਗੂਆਂ ਤੇ ਆਮ ਲੋਕਾਂ ਵੱਲੋਂ ਗੁਰੂ ਸਾਹਿਬ ਦੀ ਸਿੱਖਿਆ ਤਿਆਗਣਾ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਤਿ ਜਾਬਰ ਅੱਜ ਵੀ ਜੋਰੀਂ ਦਾਨ ਟੈਕਸਾਂ ਦੇ ਰੂਪ ਚ ਉਗਰਾਹ ਕੇ ਖ਼ੁਦ ਮੌਜ ਮਸਤੀਆਂ ਕਰ ਰਿਹਾ ਹੈ ਜਦ ਕਿ ਸੂਬੇ ਦਾ ਬੁਢਾਪਾ ਰੁਲ ਰਿਹਾ ਹੈ, ਔਹਤ ਸਹਿਮ ਦੇ ਪਰਛਾਵੇਂ ਹੇਠ ਹੈ, ਜਵਾਨੀ ਏਥੇ ਸੁੱਰੱਖਿਅਤ ਭਵਿੱਖ ਦੀ ਅਣਹੋਂਦ ਕਾਰਨ ਬਦੇਸ਼ਾਂ ਵੱਲ ਉੱਲਰੀ ਪਈ ਹੈ। ਯੋਜਨਾਕਾਰੀ ਵਿਕਾਸਮੁਖੀ ਨਹੀਂ , ਕਰਜ਼ੇ ਦਾ ਚੱਕਰਵਿਊਹ ਲਮਕ ਰਿਹੈ।

ਸਿਆਸਤਦਾਨ ਖ਼ੁਦ ਆਪਣੇ ਘਰ ਭਰ ਰਹੇ ਹਨ, ਪੰਜਾਬ ਉਜਾੜ ਕੇ। ਬੁੱਧੀਜੀਵੀ ਗੁੰਮ ਸੁੰਮ ਹਨ, ਮੈਂ 92 ਸਾਲ ਦੀ ਉਮਰੇ ਇਹ ਵਿਨਾਸ਼ ਵੇਖ ਕੇ ਜਾਗ ਜਾਗ ਉੱਠਦਾ ਹਾਂ, ਮੇਰੀ ਅਰਜੋਈ ਹੈ ਗੁਰੂ ਨਾਨਕ ਦਾ ਪੰਜਾਬ ਬਚਾ ਲਵੋ। ਉਸ ਦੇ ਕਰਤਾਰਪੁਰੀ ਖੇਤੀ ਮਾਡਲ ਦੀ ਸਰਬਪੱਖੀ ਪਹੁੰਚ ਨੂੰ ਅਪਣਾਉ। ਉਨ੍ਹਾਂ ਹਰਪ੍ਰੀਤ ਸਿੰਘ ਸੰਧੂ ਵੱਲੋਂ ਕੈਲੰਡਰ ਰੂਪ ਚ ਵਿਰਾਸਤ ਸਾਂਭਣ ਦੀ ਪ੍ਰਸ਼ੰਸਾ ਕੀਤੀ।

ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਸੰਥਾਨਾਂ ਨੂੰ ਜਿੰਨੀ ਸ਼ਿੱਦਤ ਨਾਲ ਹਰਪ੍ਰੀਤ ਸੰਧੂ ਨੇ ਪਛਾਣਿਆ ਤੇ ਸੰਭਾਲਿਆ ਹੈ ,ਉਹ ਸਨਮਾਨਯੋਗ ਹੈ।

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਪ੍ਰੀਤ ਸਿੰਘ ਸੰਧੂ ਸਿਰਫ਼ ਕਾਨੂੰਨ ਗਿਆਤਾ ਹੀ ਨਹੀਂ, ਕਲਮਕਾਰ ਹੀ ਨਹੀਂ ਸਗੋਂ ਕੈਮਰੇ ਦੀ ਅੱਖ ਨਾਲ ਵਕਤ ਦੀਆਂ ਜ਼ਰੂਰਤਾਂ ਨੂੰ ਦਸਤਾਵੇਜ਼ੀ ਪ੍ਰਮਾਣ ਵਜੋਂ ਪੇਸ਼ ਕਰਨ ਦੇ ਸਮਰੱਥ ਹੈ। ਇਹ ਲਿਆਕਤ ਉਸ ਨੇ ਆਪਣੇ ਨਾਨਾ ਜੀ ਸ: ਗੁਰਦੀਪ ਸਿੰਘ ਗਿੱਲ ਅਤੇ ਮਾਪਿਆਂ ਤੇਂ ਹਾਸਲ ਕੀਤੀ ਹੈ। ਸ: ਤੇਜ ਪ੍ਰਤਾਪ ਸਿੰਘ ਸੰਧੂ ਤੇ ਸ: ਅਵਤਾਰ ਸਿੰਘ ਢੀਂਡਸਾ ਦੇ ਅੰਗ ਸੰਗ ਰਹਿ ਕੇ ਜਿਵੇਂ ਉਸਨੇ ਸੁਲਤਾਨਪੁਰ ਲੋਧੀ ਵਿਖੇ ਬਲਿਹਾਰੀ ਕੁਦਰਤ ਵਸਿਆ ਸੰਕਲਪ ਨੂੰ ਉਜਾਗਰ ਕੀਤਾ ਹੈ, ਉਹ ਕਰਾਮਾਤ ਤੋਂ ਘੱਟ ਨਹੀਂ। ਬੇਰ ਸਾਹਿਬ ਜੀ ਦੀ ਅਜ਼ਮਤ ਨੂੰ ਸੰਭਾਲ ਕੇ ਉਸ ਨੇ ਮਾਹੌਲ ਟੇਬਲ ਕੈਲੰਡਰ ਚ ਸਾਂਭ ਲਿਆ ਹੈ।

ਇਸ ਮੌਕੇ ਅਮਰੀਕਾ ਤੋਂ ਆਏ ਪ੍ਰਸਿੱਧ ਕਿਸਾਨ ਸ: ਚਰਨਜੀਤ ਸਿੰਘ ਬਾਠ, ਇੰਗਲੈਂਡ ਤੋਂ ਆਏ ਉੱਘੇ ਕਾਰੋਬਾਰੀ ਸ. ਬਲਜੀਤ ਸਿੰਘ ਮੱਲ੍ਹੀ, ਮਨਮੋਹਨ ਸਿੰਘ ਮੋਹਣੀ ਸਿੱਧੂ, ਕੰਵਰਦੀਪ ਸਿੰਘ ਸੋਨੂੰ ਨੀਲੀਬਾਰ,ਅਵਤਾਰ ਸਿੰਘ ਢੀਂਡਸਾ ਤੇ ਤੇਜ ਪ੍ਰਤਾਪ ਸਿੰਘ ਸੰਧੂ ਜੀ ਨੂੰ ਸਨਮਾਨਿਤ ਕੀਤਾ ਗਿਆ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਆਈ ਏ ਐੱਸ ਅਧਿਕਾਰੀ ਸ: ਰਾਮਿੰਦਰ ਸਿੰਘ, ਡਾ: ਅਨੁਰਾਗ ਸਿੰਘ, ਡਾ: ਰਣਜੀਤ ਸਿੰਘ ਪੀ ਏ ਯੂ, ਡਾ: ਅਮਰਜੀਤ ਸਿੰਘ ਹੇਅਰ, ਯੁਰਿੰਦਰ ਸਿੰਘ ਹੇਅਰ ਆਈ ਜੀ, ਪੰਜਾਬ ਪੁਲੀਸ, ਗੁਰਲਿਵਲੀਨ ਸਿੰਘ ਸਿੱਧੂ ਐੱਮ ਡੀ ,ਪੀ ਆਰ ਟੀ ਸੀ, ਸ: ਬਲਵਿੰਦਰ ਸਿੰਘ ਸੰਧੂ ਜ਼ਿਲ੍ਹਾ ਸੈਸ਼ਨ ਜੱਜ, ਇਕਬਾਲ ਸਿੰਘ ਸੰਧੂ ਏ ਡੀ ਸੀ ਲੁਧਿਆਣਾ, ਦਰਸ਼ਨ ਸਿੰਘ ਮੱਕੜ, ਪੁਨੀਤਪਾਲ ਸਿੰਘ ਗਿੱਲ ਏ ਪੀ ਆਰ ਓ ਲੁਧਿਆਣਾ,ਪਰਮੇਸ਼ਰ ਸਿੰਘ,ਡਾ: ਗੁਰਪ੍ਰੀਤ ਸਿੰਘ ਵਾਂਡਰ, ਡਾ: ਬਲਦੇਵ ਸਿੰਘ ਔਲਖ, ਬਲਵਿੰਦਰ ਸਿੰਘ ਗਰੇਵਾਲ, ਇੰਦਰਪ੍ਰੀਤ ਸਿੰਘ ਕਾਹਲੋਂ ਪਰਿਵਾਰਾਂ ਸਮੇਤ ਹਾਜ਼ਰ ਸਨ।

ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਚਿਤਰਾਂ ਵਾਲਾ ਕੈਲੰਡਰ ਡਾ: ਜੌਹਲ, ਪਾਤਰ ਤੇ ਗੁਰਭਜਨ ਗਿੱਲ ਵੱਲੋਂ ਲੁਧਿਆਣਾ ਚ ਸੰਗਤ ਅਰਪਣ

Share News / Article

Yes Punjab - TOP STORIES