ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਲਈ 15 ਨੂੰ ਦਿੱਲੀ ’ਚ ਸੰਤ ਸੰਮੇਲਨ, ਭੁੱਖ ਹੜਤਾਲ 2 ਅਕਤੂਬਰ ਤੋਂ: ਸੰਤ ਸਤਵਿੰਦਰ ਹੀਰਾ

ਨਵੀਂ ਦਿੱਲੀ, 26 ਅਗਸਤ, 2019 –

ਸ੍ਰੀ ਗੁਰੂ ਰਵਿਦਾਸ ਮੰਦਰ ਪੁਨਨਿਰਮਾਣ ਸੰਘਰਸ਼ ਸਮਿਤੀ ਵੱਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਅੱਜ ਸੁਦਰਸ਼ਨ ਪਾਰਕ ਗੁਰੂ ਰਵਿਦਾਸ ਧਰਮ ਅਸਥਾਨ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਲਈ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਅਹੁਦੇਦਾਰਾਂ ਦੀ ਭਰਵੀਂ ਮੀਟਿੰਗ ਹੋਈ।

ਜਿਸ ਵਿਚ ਸਮੂਹ ਮੈਂਬਰਾਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਤੇ 21 ਅਗਸਤ ਨੂੰ ਗ੍ਰਿਫਤਾਰ ਕੀਤੇ 96 ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 15 ਸਤੰਬਰ ਨੂੰ ਪੂਰੇ ਭਾਰਤ ‘ਚੋ ਸੰਤ-ਮਹਾਂਪੁਰਸ਼ਾਂ ਵੱਲੋਂ ਸੰਤ ਸੰਮੇਲਨ ਕੀਤਾ ਜਾਵੇਗਾ।

ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਖੋਹੀ ਜ਼ਮੀਨ ਵਾਪਸ ਕਰ ਕੇ ਮੰਦਿਰ ਦੀ ਮੁੜ ਉਸਾਰੀ ਅਤੇ ਗ੍ਰਿਫਤਾਰ ਨੌਜਵਾਨਾਂ ‘ਤੇ ਕੇਸ ਵਾਪਰ ਲੈਣ ਬਾਰੇ ਕੋਈ ਕਦਮ ਨਾ ਚੁੱਕਿਆ ਤਾਂ 2 ਅਕਤੂਬਰ ਤੋਂ ਜੰਤਰ-ਮੰਤਰ ਨਵੀਂ ਦਿੱਲੀ ਵਿਖੇ 11 ਸੰਤ ਭੁੱਖ ਹੜਤਾਲ ਉੱਪਰ ਬੈਠਣਗੇ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਦੇ ਸਾਰੇ ਕੇਸ ਆਦਿ ਧਰਮ ਮਿਸ਼ਨ ਵੱਲੋਂ ਲੜੇ ਜਾਣਗੇ ਤੇ ਲੋੜਵੰਦ ਪਰਿਵਾਰਾਂ ਨੂੰ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਉਨ੍ਹਾਂ ਨਾਲ ਸੰਤ ਸੁਰਿੰਦਰਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਕੈਪਟਨ ਰਵਿੰਦਰ ਸਿੰਘ, ਸ੍ਰੀ ਨਰਿੰਦਰ ਜੱਸੀ ਸੈਂਟਰ ਕਮੇਟੀ, ਪ੍ਰੋਫੈਸਰ ਐਮ.ਪੀ. ਰਾਣਾ, ਸ੍ਰੀ ਬ੍ਰਹਮ ਪ੍ਰਕਾਸ਼, ਜੋਗਿੰਦਰ ਸਿੰਘ, ਰਾਨੀ ਚੌਪੜਾ, ਵੀ.ਕੇ. ਸਿੰਘ, ਡਾ. ਕਲਸੀ ਧਰਮ ਗੁਰੂ ਆਦਿਵੰਸ਼ੀ, ਅਮਰ ਪਾਲ, ਬਨਾਰਸੀ ਦਾਸ ਪ੍ਰਚਾਰਕ, ਪ੍ਰਿੰਸੀਪਲ ਰਾਮ ਸਿੰਘ ਸ਼ੁਕਲਾ ਹਿਮਾਚਲ, ਸ੍ਰੀ ਓਮ ਪ੍ਰਕਾਸ਼ ਪ੍ਰਧਾਨ ਦਿੱਲੀ ਯੁਨਿਟ ਤੇ ਸੁਖਚੈਨ ਸਿੰਘ ਵੀ ਹਾਜ਼ਰ ਸਨ।

Share News / Article

Yes Punjab - TOP STORIES