ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਾਸ਼ਟਰਪਤੀ ਰਿਹਾਅ ਕਰਨ: ਜਥੇਦਾਰ ਹਵਾਰਾ ਕਮੇਟੀ

ਜਲੰਧਰ, 22 ਸਤੰਬਰ, 2019:

ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਬਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਨਿਗਰਾਨੀ ਹੇਠ ਕਾਰਜਸ਼ੀਲ 21 ਮੈਂਬਰੀ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ , ਐਡਵੋਕੇਟ ਅਮਰ ਸਿੰਘ ਚਾਹਲ, ਸ. ਗੁਰਚਰਨ ਸਿੰਘ ਧਰਮ ਪਿਤਾ ਜਗਤਾਰ ਸਿੰਘ ਹਵਾਰਾ ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਜਾਰੀ ਕਰਦਿਆਂ ਕਿਹਾ ਕਿ 20 ਤੋਂ 30 ਸਾਲ ਤੱਕ ਸਜ਼ਾ ਕੱਟ ਚੁੱਕੇ ਸਿੰਘ ਜੋ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਜੇਲਾਂ ਵਿੱਚ ਬੰਦ ਹਨ ਉਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਰਿਹਾ ਕੀਤਾ ਜਾਵੇ ਤਾਂ ਜੋ ਗੁਰੂ ਨਾਨਕ ਸਾਹਿਬ ਦਾ ਸ਼ਾਂਤੀ , ਸਦਭਾਵਨਾ ਅਤੇ ਬਰਾਬਰਤਾ ਦਾ ਸੁਨੇਹਾ ਵੱਡੇ ਪੱਧਰ ਤੇ ਸਮਾਜ ਵਿੱਚ ਪਹੁੰਚ ਸਕੇ।

ਉਨਾਂ ਕਿਹਾ ਕਿ ਇਨਾਂ ਸਿੰਘਾਂ ਦਾ ਰਿਕਾਰਡ ਜੇਲਾਂ ਵਿੱਚ ਅਤੇ ਬਾਹਰ ਪੈਰੋਲ ਤੇ ਆਉਣ ਤੋਂ ਬਾਅਦ ਵੀ ਬਹੁਤ ਵਧੀਆ ਹੈ। 12 ਸਿੰਘ ਅਜਿਹੇ ਹਨ ਜਿਨਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ। ਜੇਕਰ ਮਾਨਯੋਗ ਅਦਾਲਤ ਭਾਰਤ ਦੇ ਹਰ ਨਾਗਰਿਕ ਨੂੰ ਕਾਨੂੰਨ ਮੰਨਣ ਲਈ ਕਹਿੰਦੀ ਹੈ ਤੇ ਸਰਕਾਰ ਉਸ ਮੁਤਾਬਕ ਇਨਾਂ ਸਿੰਘਾਂ ਦੀ ਰਿਹਾਈ ਵੀ ਕਰੇ।

ਉnਾਂ ਕਿਹਾ ਕਿ ਸੰਵਿਧਾਨ ਦੇ ਆਰਟੀਕਲ 72 ਮੁਤਾਬਕ ਰਾਸ਼ਟਰਪਤੀ ਸਾਹਿਬ ਕੋਲ ਅਧਿਕਾਰ ਹੈ ਕਿ ਉਹ ਇਨਾਂ ਨੂੰ ਛੱਡ ਸਕਦੇ ਹਨ। ਸਮੁੱਚਾ ਸਿੱਖ ਜਗਤ ਇਹ ਆਸ ਲਗਾਈ ਬੈਠਾ ਹੈ ਕਿ ਇਨਾਂ ਨੂੰ ਗੁਰਪੁਰਬ ਦੇ ਮੌਕੇ ਤੇ ਛੱਡਿਆ ਜਾਵੇਗਾ ਤਾਂ ਜੋ ਇਹ ਬੰਦੀ ਸਿੰਘ ਗੁਰਪੁਰਬ ਆਪਣੇ ਪਰਿਵਾਰਾਂ ਵਿੱਚ ਮਨਾ ਸਕਣ। ਉਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਬੰਦੀ ਸਿੰਘ ਗੁਰਪੁਰਬ ਤੇ ਆਪਣੀ ਪਰਿਵਾਰਾਂ ਵਿੱਚ ਮਨਾਉਣ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ ਹਨ।

ਉਨਾਂ ਤਰਕ ਨਾਲ ਕਿਹਾ ਕਿ ਜੇਕਰ 4 ਪੁਲਿਸ ਮੁਲਾਜ਼ਮ ਜਿਨਾਂ ਨੂੰ ਸੀ.ਬੀ.ਆਈ. ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਨਾਂ ਨੂੰ ਗਵਰਨਰ ਸਾਹਿਬ ਸੰਵਿਧਾਨ ਦੇ ਆਰਟੀਕਲ 161 ਦੇ ਅਧੀਨ ਛੱਡ ਸਕਦੇ ਹਨ ਤਾਂ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਜੋ ਕਿ ਰਾਜਨੀਤਿਕ ਹਾਲਤਾਂ ਕਾਰਨ ਬੰਦੀ ਬਣੇ ਸਨ। ਜਿਨਾਂ ਦੀ ਨਿੱਜੀ ਤੌਰ ਤੇ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਉਨਾਂ ਕਿਹਾ ਕਿ ਇਨਾਂ ਵਿੱਚੋਂ 7 ਸਿੰਘ ਤਾਂ ਇਸ ਤਰਾਂ ਦੇ ਹਨ ਜਿਹਨਾਂ ਦੀ ਚੰਗੇ ਚਾਲ ਚੱਲਣ ਨਾਲ ਕਈ ਵਾਰ 42 ਦਿਨ , 21 ਦਿਨ ਤੇ 7 ਦਿਨ ਦੀ ਪੈਰੋਲ ਮਿਲ ਚੁੱਕੀ ਹੈ।

ਉਨਾਂ ਕਿਹਾ ਕਿ ਜੇਕਰ ਹਰਪ੍ਰੀਤ ਸਿੰਘ ਕਤਲ ਕਾਂਢ ਵਿੱਚ ਉਮਰ ਕੈਦੀਆਂ ਨੂੰ ਉਨਾਂ ਦੀ ਸਜ਼ਾ ਮਾਫ਼ ਕਰਕੇ ਦੁਬਾਰਾ ਨੌਕਰੀ ਤੇ ਲਗਾਇਆ ਜਾ ਸਕਦਾ ਹੈ ਤਾਂ ਇਨਾਂ ਸਿੰਘਾਂ ਦੀ ਰਿਹਾਈ ਵੀ ਗੁਰਪੁਰਬ ਦੇ ਮੌਕੇ ਤੇ ਜ਼ਰੂਰ ਹੋਣੀ ਚਾਹੀਦੀ ਹੈ। ਇਸ ਮੌਕੇ ਉਨਾਂ ਨਾਲ ਮਾਸਟਰ ਬਲਦੇਵ ਸਿੰਘ , ਮਹਾਂਬੀਰ ਸਿੰਘ ਸੁਲਤਾਨਵਿੰਡ , ਗੁਰਜੰਟ ਸਿੰਘ , ਪਰਵਿੰਦਰ ਸਿੰਘ , ਜੁਝਾਰ ਸਿੰਘ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

YP Headlines