ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਅਤੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫ਼ੈਸਰ ਡਾ: ਕਰਨੈਲ ਸਿੰਘ ਥਿੰਦ ਚੱਲ ਵੱਸੇ

ਯੈੱਸ ਪੰਜਾਬ
ਅੰਮ੍ਰਿਤਸਰ, ਦਸੰਬਰ 27, 2021 –
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਅਤੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫ਼ੈਸਰ ਤੇ ਮੁਖੀ (ਸੇਵਾ-ਮੁਕਤ) ਡਾ ਕਰਨੈਲ ਸਿੰਘ ਥਿੰਦ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੇ ਅਚਾਨਕ ਅਕਾਲ ਚਲਾਣੇ ਕਾਰਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਦੀਬਾਂ ਵਿਚ ਮਾਤਮ ਦੀ ਲਹਿਰ ਛਾਈ ਹੋਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਹਨਾਂ ਦੇ ਸਦੀਵੀ ਵਿਛੋੜੇ ਸੰਬੰਧੀ ਰੱਖੀ ਗਈ ਸ਼ੋਕ ਸਭਾ ਵਿਚ ਵਿਛੜੀ ਰੂਹ ਦੀ ਸ਼ਾਂਤੀ ਲਈ ਕੁਝ ਸਮੇਂ ਦਾ ਮੌਨ ਰੱਖਿਆ ਗਿਆ।

ਵਿਭਾਗ ਦੇ ਮੁਖੀ ਡਾ ਮਨਜਿੰਦਰ ਸਿੰਘ ਨੇ ਡਾ ਕਰਨੈਲ ਸਿੰਘ ਥਿੰਦ ਜੀ ਬਾਰੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਡਾ ਥਿੰਦ ਪੰਜਾਬੀ ਲੋਕਯਾਨ ਅਧਿਐਨ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਅਧਿਐਨ ਦੇ ਪ੍ਰਸਿੱਧ ਵਿਦਵਾਨ ਸਨ। ਉਹਨਾਂ ਨੇ ਡਾ ਥਿੰਦ ਦੇ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਲੋਕਯਾਨ ਦੇ ਖੇਤਰ ਵਿਚ ਪਾਏ ਲਾਸਾਨੀ ਯੋਗਦਾਨ ਬਾਰੇ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।

ਉਹਨਾਂ ਨੇ ਕਿਹਾ ਕਿ ਡਾ ਕਰਨੈਲ ਸਿੰਘ ਥਿੰਦ ਆਪਣੀ ਖੋਜੀ ਬਿਰਤੀ ਅਤੇ ਮਿਹਨਤ ਦੇ ਦਮ ‘ਤੇ ਅਕਾਦਮਿਕ ਬੁਲੰਦੀਆਂ ਉੱਪਰ ਪਹੁੰਚੇ ਸਨ। ਉਹ ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਮੁਖੀ ਆਦਿ ਅਹਿਮ ਅਹੁਦਿਆਂ ਉੱਪਰ ਕੰਮ ਕਰ ਚੁੱਕੇ ਸਨ।

ਉਹ ਮਾਨਵਵਾਦੀ ਸਰੋਕਾਰਾਂ ਨਾਲ ਲਬਰੇਜ਼ ਪ੍ਰਤਿਬੱਧ ਖੋਜੀ ਅਤੇ ਸੁਹਿਰਦ ਅਧਿਆਪਕ ਸਨ। ਉਹ ਪੰਜਾਬੀ ਸਾਹਿਤ ਚਿੰਤਨ ਦੀ ਤਾਰੀਖ਼ ‘ਚ ਵੱਖੋ-ਵੱਖਰੇ ਖੇਤਰਾਂ ਵਿਚ ਮੁੱਢਲਾ ਕੰਮ ਕਰਨ ਵਾਲੇ ਵਿਦਵਾਨਾਂ ਦੀ ਮੋਹਰਲੀ ਕਤਾਰ ਵਿਚ ਸ਼ਾਮਿਲ ਹਨ। ਉਹਨਾਂ ਦਾ ਜਨਮ ਪਾਕਿਸਤਾਨੀ ਪੰਜਾਬ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰਬਰ 288 ਜੇ. ਬੀ. ਵਿਖੇ ਸਾਧਾਰਨ ਪਰਿਵਾਰ ਵਿਚ ਹੋਇਆ।

ਮੁੱਢਲੀ ਵਿਦਿਆ ਲਾਇਲਪੁਰ ਤੋਂ ਪ੍ਰਾਪਤ ਕਰਕੇ ਉਹਨਾਂ ਨੇ 1953 ਈ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐੱਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਉਪਰੰਤ ਉਹ 1955 ਈ ਵਿਚ ਹੀ ਖ਼ਾਲਸਾ ਕਾਲਜ ਵਿਖੇ ਪੰਜਾਬੀ ਦੇ ਲੈਕਚਰਾਰ ਲੱਗ ਗਏ। ਖ਼ਾਲਸਾ ਕਾਲਜ ਵਿਖੇ ਅਧਿਆਪਨ ਕਰਦਿਆਂ ਹੀ ਉਹਨਾਂ ਨੇ ਡਾ ਤਾਰਨ ਸਿੰਘ ਜੀ ਦੀ ਨਿਗਰਾਨੀ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1971 ਈ ਵਿਚ ਪੀਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ।

ਪੰਜਾਬੀ ਲੋਕਯਾਨ ਤੇ ਸਭਿਆਚਾਰ ਉਹਨਾਂ ਦੀ ਵਿਸ਼ੇਸ਼ੱਗਤਾ ਦਾ ਖੇਤਰ ਸੀ ਅਤੇ ਇਸ ਖੇਤਰ ਨਾਲ ਸੰਬੰਧਤ ਉਹਨਾਂ ਦੀਆਂ ਤਿੰਨ ਮੌਲਿਕ ਕਿਤਾਬਾਂ ‘ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ’, ‘ਪੰਜਾਬ ਦਾ ਲੋਕ ਵਿਰਸਾ ਭਾਗ -1’ ਅਤੇ ‘ਪੰਜਾਬ ਦਾ ਲੋਕ ਵਿਰਸਾ ਭਾਗ-2’ ਸਨ।

‘ਲੋਕਯਾਨ ਅਧਿਐਨ’ ਅਤੇ ‘ਸਭਿਆਚਾਰ ਦਰਪਣ’ ਉਹਨਾਂ ਦੀਆਂ ਸੰਪਾਦਿਤ ਪੁਸਤਕਾਂ ਹਨ। ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਇਤਿਹਾਸਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਮੁੱਲਾਂਕਣ ਨਾਲ ਸੰਬੰਧਿਤ ਉਹਨਾਂ ਦੀ ਇਕ ਅਹਿਮ ਪੁਸਤਕ ‘ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ’ ਹੈ। ਇਹ ਪੁਸਤਕ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਇਤਿਹਾਸ ਸੰਬੰਧੀ ਲਿਖੀਆਂ ਗਈਆਂ ਮੁੱਢਲੀਆਂ ਪੁਸਤਕਾਂ ਵਿੱਚੋਂ ਹੈ।

ਉਹਨਾਂ ਦੇ ਇਸ ਗੌਰਵਸ਼ਾਲੀ ਯੋਗਦਾਨ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ, ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੇ ਸਮੇਂ-ਸਮੇਂ ਉਹਨਾਂ ਨੂੰ ਸਨਮਾਨਿਤ ਕੀਤਾ ਹੈ। ਉਹਨਾਂ ਨੂੰ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤ ਸਭਾ ਲੰਦਨ ਵੱਲੋਂ ਫੈਲੋਸ਼ਿਪ, ਭਾਰਤ ਸਰਕਾਰ ਦੇ ਸਭਿਆਚਾਰ ਵਿਭਾਗ ਵੱਲੋਂ ਸੀਨੀਅਰ ਫ਼ੈਲੋਸ਼ਿਪ, ਪਾਕਿਸਤਾਨੀ ਪੰਜਾਬੀ ਸਾਹਿਤ ਦੇ ਅਧਿਐਨ ਸੰਬੰਧੀ ਕੀਤੇ ਗਏ ਇਤਿਹਾਸਕ ਕਾਰਜ ਲਈ ਬਾਬਾ ਫ਼ਰੀਦ ਸਾਹਿਤ ਪੁਰਸਕਾਰ ਆਦਿ ਮਾਨ-ਸਨਮਾਨ ਪ੍ਰਾਪਤ ਹੋ ਚੁੱਕੇ ਸਨ।

ਇਸ ਉਪਰੰਤ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ ਰਮਿੰਦਰ ਕੌਰ ਨੇ ਡਾ ਕਰਨੈਲ ਸਿੰਘ ਥਿੰਦ ਜੀ ਨਾਲ ਜੁੜੀਆਂ ਆਪਣੇ ਜੀਵਨ ਵਿਚਲੀਆਂ ਸਿਮਰਤੀਆਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ।

ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ ਮੇਘਾ ਸਲਵਾਨ ਨੇ ਡਾ ਥਿੰਦ ਦੇ ਨਿਮਰ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲੋਕਧਾਰਾ ਵਿਗਿਆਨ ਤੇ ਸਾਹਿਤਕ ਜਗਤ ਵਿੱਚ ਕੀਤੇ ਕਾਰਜ ਸਦਕਾ ਹਮੇਸ਼ਾ ਲੋਕ ਚੇਤਿਆਂ ਵਿਚ ਆਬਾਦ ਰਹਿਣਗੇ । ਡਾ ਹਰਿੰਦਰ ਕੌਰ ਨੇ ਡਾ ਕਰਨੈਲ ਸਿੰਘ ਥਿੰਦ ਦੀਆਂ ਅਕਾਦਮਿਕ ਖੇਤਰ ਵਿਚਲੀਆਂ ਪ੍ਰਾਪਤੀਆਂ ‘ਤੇ ਰੌਸ਼ਨੀ ਪਾਉਂਦਿਆ ਕਿਹਾ ਕਿ ਡਾ ਥਿੰਦ ਪੰਜਾਬੀ ਲੋਕਧਾਰਾ ਵਿਗਿਆਨ ਦੇ ਖੇਤਰ ਵਿੱਚ ਖੋਜ ਕਰਨ ਵਾਲੇ ਅਜਿਹੇ ਵਿਦਵਾਨ ਹਨ ਜਿੰਨ੍ਹਾਂ ਨੇ ਲੋਕਧਾਰਾ ਵਿਗਿਆਨ ਨੂੰ ਪੰਜਾਬੀ ਖੇਤਰ ਵਿੱਚ ਸਥਾਪਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ।

ਇਸ ਸ਼ੋਕ ਸਭਾ ਦਾ ਸੰਚਾਲਨ ਡਾ ਪਵਨ ਕੁਮਾਰ ਨੇ ਕੀਤਾ। ਇਸ ਮੌਕੇ ਪੰਜਾਬੀ ਅਧਿਐਨ ਸਕੂਲ ਦੇ ਅਧਿਆਪਕ ਡਾ ਬਲਜੀਤ ਕੌਰ ਰਿਆੜ, ਡਾ ਇੰਦਰਪ੍ਰੀਤ ਕੌਰ, ਡਾ ਕੰਵਲਜੀਤ ਕੌਰ, ਡਾ ਜਸਪਾਲ ਸਿੰਘ, ਡਾ ਕੰਵਲਦੀਪ ਕੌਰ, ਡਾ ਹਰਿੰਦਰ ਸਿੰਘ ਅਤੇ ਖੋਜ-ਵਿਦਿਆਰਥੀ ਹਾਜ਼ਿਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ