ਗੁਰਦੁਆਰੇ ’ਚ ਡੀ.ਜੇ. ’ਤੇ ਅਸ਼ਲੀਲ ਨਾਚ ਰੋਕਣ ਗਏ ਕਥਾਵਾਚਕ ’ਤੇ ਹਮਲੇ ਦੀ ਲੌਂਗੋਵਾਲ ਵੱਲੋਂ ਨਿਖੇਧੀ

ਅੰਮ੍ਰਿਤਸਰ, 01 ਸਤੰਬਰ, 2019:
ਗੁਰਦੁਆਰਾ ਜੋਤੀ ਸਰੂਪ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਕਥਾਵਾਚਕ ਭਾਈ ਅਤਰ ਸਿੰਘ ਦੀ ਬੀਤੀ ਰਾਤ ਪਿੰਡ ਝੰਜੇੜੀ ਵਿਖੇ ਕੁਝ ਲੋਕਾਂ ਵੱਲੋਂ ਕੀਤੀ ਗਈ ਕੁਟਮਾਰ ਅਤੇ ਕਕਾਰਾਂ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ।

ਦੱਸਣਯੋਗ ਹੈ ਕਿ ਬੀਤੀ ਰਾਤ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਕਥਾ ਕਰਕੇ ਪਰਤ ਰਹੇ ਭਾਈ ਅਤਰ ਸਿੰਘ ਦੀ ਪਿੰਡ ਝੰਜੇੜੀ ਵਿਖੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਕੁਟਮਾਰ ਕਰਦਿਆਂ ਉਸ ਦੀ ਗੱਡੀ ਦਾ ਨੁਕਸਾਨ ਕੀਤਾ ਗਿਆ ਅਤੇ ਉਸ ਦੇ ਕਕਾਰਾਂ ਦੀ ਵੀ ਤੌਹੀਨ ਕੀਤੀ ਗਈ। ਭਾਈ ਲੌਂਗੋਵਾਲ ਨੇ ਇਸ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜਧਾਨੀ ਚੰਡੀਗੜ੍ਹ ਨੇੜੇ ਅਜਿਹਾ ਮਾਹੌਲ ਹੈ, ਤਾਂ ਬਾਕੀ ਪੰਜਾਬ ਅੰਦਰ ਕੀ ਹਾਲ ਹੋਵੇਗਾ।

ਉਨ੍ਹਾਂ ਕਿਹਾ ਕਿ ਕਥਾਵਾਚਕ ’ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਅਨੁਸਾਰ ਕਥਾਵਾਚਕ ਭਾਈ ਅਤਰ ਸਿੰਘ ਨੇ ਮੋਹਾਲੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਵਾਪਸ ਆਉਂਦਿਆਂ ਪਿੰਡ ਝੰਜੇੜੀ ਵਿਖੇ ਗੁਰਦੁਆਰਾ ਸਾਹਿਬ ਅੰਦਰ ਡੀ. ਜੇ. ’ਤੇ ਅਸ਼ਲੀਲ ਗਾਣਿਆਂ ’ਤੇ ਨਾਚ ਹੁੰਦਾ ਵੇਖ ਕੇ ਆਪਣਾ ਫ਼ਰਜ਼ ਸਮਝਦਿਆਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਉਨ੍ਹਾਂ ਲੋਕਾਂ ਨੇ ਕਥਾਵਾਚਕ ਉੱਪਰ ਹਮਲਾ ਕਰ ਦਿੱਤਾ।

ਸ. ਰਮਦਾਸ ਨੇ ਕਿਹਾ ਕਿ ਇਸ ਮਾਮਲੇ ਦਾ ਭਾਈ ਲੌਂਗੋਵਾਲ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਹਮਲਾਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਸੋਹਾਣਾ ਥਾਣੇ ਅੰਦਰ ਆਉਂਦੀ ਚੌਕੀ ਮਜਾਤ ਵਿਖੇ ਪਰਚਾ ਦਰਜ਼ ਕਰਵਾਇਆ ਗਿਆ ਹੈ।

Share News / Article

YP Headlines