27.8 C
Delhi
Saturday, April 13, 2024
spot_img
spot_img

ਗੁਰਦੁਆਰਾ ਪਾਉਂਟਾ ਸਾਹਿਬ ਵਿਖ਼ੇ ਤਿੰਨ ਮੰਜ਼ਿਲਾ ਐਨ.ਆਰ.ਆਈ. ਨਿਵਾਸ ਸੰਗਤ ਅਰਪਣ, ਸਰਾਵਾਂ ਆਨਲਾਈਨ ਕਰਨ ਦਾ ਫ਼ੈਸਲਾ

ਪਾਉਂਟਾ ਸਾਹਿਬ/ਅੰਮ੍ਰਿਤਸਰ, 10 ਜਨਵਰੀ, 2020:
ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਆਨਲਾਈਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਸੰਗਤਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜਾਣ ਤੋਂ ਪਹਿਲਾਂ ਹੀ ਆਪਣੀ ਰਿਹਾਇਸ਼ ਰਾਖਵੀਂ ਕਰਵਾ ਸਕਣਗੀਆਂ। ਇਸ ਕਾਰਜ ਨੂੰ ਜਲਦ ਹੀ ਅਮਲੀ ਰੂਪ ਦਿੱਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਈ ਇਕੱਤਰਤਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਕਿਲ੍ਹਾ ਲੋਹਗੜ੍ਹ ਸਾਹਿਬ ਹਰਿਆਣਾ ਦੀ ਚਾਰ ਦਿਵਾਰੀ ਕਰਨ ਅਤੇ ਰਸਤਾ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਖੇਤਰ ਵਿਚ ਪੈਂਦੀ ਕਿਲ੍ਹਾ ਲੋਹਗੜ੍ਹ ਸਾਹਿਬ ਦੀ ਕੁਝ ਜ਼ਮੀਨ ਸ੍ਰੀ ਪਾਉਂਟਾ ਸਾਹਿਬ ਦੀ ਹੋਣ ਕਰਕੇ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਯਤਨਾਂ ਨਾਲ ਹਿਮਾਚਲ ਪ੍ਰਦੇਸ਼ ਅੰਦਰ ਧਰਮ ਪ੍ਰਚਾਰ ਲਹਿਰ ਨੂੰ ਸਰਗਰਮ ਕਰਨ ਦਾ ਵੀ ਫੈਸਲਾ ਕੀਤਾ ਗਿਆ।

ਭਾਈ ਲੌਂਗੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ ਕੇਂਦਰ ਵਜੋਂ ਉਭਾਰਦਿਆਂ ਹਿਮਾਚਲ ਪ੍ਰਦੇਸ਼ ਅੰਦਰ ਸ਼੍ਰੋਮਣੀ ਕਮੇਟੀ ਵਲੋਂ ਜ਼ੋਰਦਾਰ ਧਰਮ ਪ੍ਰਚਾਰ ਮੁਹਿੰਮ ਆਰੰਭੀ ਜਾਵੇਗੀ। ਇਸ ਤਹਿਤ ਸੰਗਤਾਂ ਅੰਦਰ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਸਿੱਖ ਪੰਥ ਦਾ ਇਕ ਮਹੱਤਵਪੂਰਨ ਇਤਿਹਾਸਕ ਅਤੇ ਧਾਰਮਿਕ ਅਸਥਾਨ ਹੈ, ਜਿੱਥੋਂ ਗੁਰਮਤਿ ਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਸੰਗਤਾਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਅੰਦਰ ਚੱਲ ਰਹੀ ਧਰਮ ਪ੍ਰਚਾਰ ਲਹਿਰ ਨੂੰ ਹੋਰ ਸਰਗਰਮ ਕਰਨ ਲਈ ਯੋਜਨਾਬੱਧ ਢੰਗ ਨਾਲ ਪ੍ਰਚਾਰ ਲਹਿਰ ਅੱਗੇ ਵਧਾਈ ਜਾਵੇਗੀ।

ਭਾਈ ਲੌਂਗੋਵਾਲ ਅਨੁਸਾਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਧਰਮ ਪ੍ਰਚਾਰ ਦਾ ਹੈੱਡ ਕੁਆਟਰ ਸਥਾਪਤ ਕਰਕੇ ਇੱਥੇ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਚਾਰਕ, ਢਾਡੀ ਅਤੇ ਕਵੀਸ਼ਰੀ ਜਥੇ ਭੇਜੇ ਜਾਣਗੇ, ਜੋ ਅੱਗੇ ਪਿੰਡ ਪੱਧਰ ਤੱਕ ਧਰਮ ਪ੍ਰਚਾਰ ਲਈ ਕਾਰਜਸ਼ੀਲ ਹੋਣਗੇ। ਇਹ ਪ੍ਰਚਾਰ ਕੇਂਦਰ ਧਰਮ ਪ੍ਰਚਾਰ ਲਹਿਰ ਦੇ ਦੁਆਬਾ ਜੋਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੋੜਿਆ ਜਾਵੇਗਾ।

ਭਾਈ ਲੌਂਗੋਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਅਨੁਸਾਰ ਪ੍ਰਚਾਰ ਸਾਧਨਾਂ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ। ਕੋਸ਼ਿਸ਼ ਰਹੇਗੀ ਕਿ ਗੁਰਮਤਿ ਸਮਾਗਮਾਂ ਤੋਂ ਇਲਾਵਾ ਸੰਵਾਦ ਵਿਧੀ ਨੂੰ ਵੀ ਨੌਜਵਾਨਾਂ ਤੱਕ ਪਹੁੰਚ ਕਰਨ ਲਈ ਅਪਨਾਇਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਨੌਜਵਾਨ ਪੀੜ੍ਹੀ ਕੋਲੋਂ ਉਨ੍ਹਾਂ ਦੇ ਸਵਾਲ ਲਏ ਜਾਣ ਅਤੇ ਫਿਰ ਗੁਰਬਾਣੀ, ਗੁਰ-ਇਤਿਹਾਸ ਅਤੇ ਰਹਿਤ ਮਰਯਾਦਾ ਦੀ ਰੌਸ਼ਨੀ ਵਿਚ ਉਨ੍ਹਾਂ ਨੂੰ ਜਵਾਬ ਦਿੱਤੇ ਜਾਣ।

ਸਿੱਖ ਮਰਯਾਦਾ ਅਤੇ ਪਰੰਪਰਾਵਾਂ ਦਾ ਸਿੱਖ ਬੱਚਿਆਂ ਅਤੇ ਨੌਜਵਾਨਾਂ ਅੰਦਰ ਸੰਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਸੁਹਿਰਦ ਯਤਨ ਕਰੇਗੀ ਤਾਂ ਜੋ ਉਹ ਆਪਣੀ ਵਿਰਾਸਤ ਨੂੰ ਅੱਗੇ ਲਿਜਾ ਸਕਣ। ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ ਅਤੇ ਸੰਗਤੀ ਸਹੂਲਤਾਂ ਸਬੰਧੀ ਮਾਮਲੇ ਵੀ ਵਿਚਾਰੇ ਗਏ।

ਇਕੱਤਰਤਾ ਦੌਰਾਨ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਸ੍ਰੀ ਪਾਉਂਟਾ ਸਾਹਿਬ ਕਮੇਟੀ ਦੇ ਮੀਤ ਪ੍ਰਧਾਨ ਸ. ਹਰਭਜਨ ਸਿੰਘ, ਸ. ਹਰਪ੍ਰੀਤ ਸਿੰਘ, ਸ. ਕਰਮਵੀਰ ਸਿੰਘ, ਬਾਬਾ ਨਾਗਰ ਸਿੰਘ, ਸ. ਜਗੀਰ ਸਿੰਘ ਮੈਨੇਜਰ, ਸ. ਦਰਸ਼ਨ ਸਿੰਘ ਪੀ.ਏ. ਤੇ ਸ. ਗੁਰਮੀਤ ਸਿੰਘ ਆਦਿ ਮੌਜੂਦ ਸਨ।

ਸ੍ਰੀ ਪਾਉਂਟਾ ਸਾਹਿਬ ਵਿਖੇ ਐਨ.ਆਰ.ਆਈ. ਨਿਵਾਸ ਸੰਗਤ ਅਰਪਣ-
ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੀ ਰਿਹਾਇਸ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨ.ਆਰ.ਆਈ. ਨਿਵਾਸ ਦਾ ਉਦਘਾਟਨ ਕੀਤਾ। ਇਸ ਚਾਰ ਮੰਜ਼ਿਲਾ ਯਾਤਰੀ ਨਿਵਾਸ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਵਰੋਸਾਏ ਬਾਬਾ ਸੁੱਖਾ ਸਿੰਘ ਨੇ ਕਰਵਾਈ ਹੈ।

ਭਾਈ ਲੌਂਗੋਵਾਲ ਨੇ ਦੱਸਿਆ ਕਿ ਇਹ ਅਤਿ-ਅਧੁਨਿਕ ਨਿਵਾਸ ਵਿਚ 70 ਦੇ ਕਰੀਬ ਕਮਰੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਮੀਟਿੰਗ ਹਾਲ ਅਤੇ ਕਾਰ ਪਾਰਕਿੰਗ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਨਵਾਂ ਦੀਵਾਨ ਹਾਲ ਵੀ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਵਿਖੇ 320 ਕੇ.ਵੀ. ਦੇ ਜਨਰੇਟਰ ਅਤੇ 400 ਕੇ.ਵੀ. ਟਰਾਂਸਫਾਰਮਰ ਦੀ ਰਸਮੀ ਸ਼ੁਰੂ ਵੀ ਕੀਤੀ।

ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਅਸੰਧ, ਵਿਧਾਇਕ ਚੌਧਰੀ ਸੁਖਰਾਮ ਜੀ, ਸ. ਦਰਸ਼ਨ ਸਿੰਘ ਪੀਏ, ਬਾਬਾ ਅਮਰੀਕ ਸਿੰਘ ਪਟਿਆਲਾ, ਸ. ਓਂਕਾਰ ਸਿੰਘ, ਸ. ਅਵਤਾਰ ਸਿੰਘ ਤਾਰੀ, ਸ. ਦਰਸ਼ਨ ਸਿੰਘ ਪ੍ਰਧਾਨ ਸੁਖਮਨੀ ਸੁਸਾਇਟੀ, ਸ. ਤਰਵਿੰਦਰ ਸਿੰਘ, ਸ. ਜਸਵੰਤ ਸਿੰਘ ਆਦਿ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION