ਗੁਰਦੁਆਰਾ ਚੁੰਗਥਾਂਗ ਸਿੱਕਮ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ

ਨਵੀਂ ਦਿੰਲੀ, 8 ਦਸੰਬਰ, 2019:

ਗੁਰੂ ਨਾਨਕ ਦੇਵ ਜੀ ਦੀ ਚਰਣ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਚੁੰਗਥਾਂਗ ਸਿੱਕਮ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ।

ਸਿੱਕਮ ਦੇ ਗੁਰਦੁਆਰਾ ਚੁੰਗਥਾਂਗ ਜਿਸਦੀ ਸੇਵਾ ਸੰਭਾਲ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦੇ ਉਤਰਾਧਿਕਾਰੀ ਬਾਬਾ ਬਚਨ ਸਿੰਘ, ਬਾਬ ਸੁਰਿੰਦਰ ਸਿੰਘ, ਬਾਬਾ ਸੁਖਾ ਸਿੰਘ ਦੀ ਅਗੁਵਾਈ ਵਿਚ ਬਾਬਾ ਯਾਦਵਿੰਦਰ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ।

ਬਾਬਾ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 2 ਦਿਨਾਂ ਸਮਾਗਮ ਇਸ ਅਸਥਾਨ ‘ਤੇ ਕਰਵਾਇਆ ਗਿਆ ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ‘ਤੇ ਭਾਗ ਲੈ ਕੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਗੁਰੂ ਇਤਿਹਾਸ ਦੀ ਜਾਣਕਾਰੀ ਦਿੱਤੀ।

ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਦੀ ਵਿਰਾਸਤ ਉਹਨਾਂ ਦੀ ਚਰਣ ਛੋਹ ਪ੍ਰਾਪਤ ਅਸਥਾਨਾਂ ਦੀ ਸੇਵਾ ਸੰਭਾਲ ਜੋ ਸੰਤ ਮਹਾਪੁਰਖ ਕਰ ਰਹੇ ਹਨ ਉਹ ਕਿਸੇ ਕੁਰਬਾਨੀ ਤੋਂ ਘੱਟ ਨਹੀਂ ਹੈ ਇਸਦੀ ਜਿਤਨੀ ਪ੍ਰਸ਼ੰਸਾ ਕੀਤੀ ਜਾਏ ਘੱਟ ਹੈ।

ਉਨ੍ਹਾਂ ਕਿਹਾ ਕਿ ਇਹ ਅਸਥਾਨ 8000 ਫ਼ੀਟ ਉੱਚਾ ਹੋਣ ਕਾਰਣ ਇੱਥੇ ਆਉਣਾ ਵੀ ਆਸਾਨ ਨਹੀਂ ਹੈ ਪਰ ਜਿੰਨੇ ਵੀ ਚੰਗੇ ਪ੍ਰਬੰਧ ਇਥੇ ਬਾਬਾ ਜੀ ਵੱਲੋਂ ਕੀਤੇ ਗਏ ਹਨ ਸੰਗਤਾਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਇਹ ਸਭ ਕਾਬਿਲੇ ਤਾਰੀਫ਼ ਹੈ। ਉਹਨਾਂ ਕਿਹਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦਾ ਪੂਰਣ ਤੌਰ ‘ਤੇ ਸਹਿਯੋਗ ਕਰੀਏ।

ਬਿਹਾਰ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੂਰਜ ਸਿੰਘ ਨਲਵਾ ਨੇ ਕਿਹਾ ਕਿ ਹਾਲੇ ਬਹੁਤ ਘੱਟ ਗਿਣਤੀ ਵਿਚ ਸੰਗਤਾਂ ਇੱਥੇ ਪੁੱਜਦੀਆਂ ਹਨ ਕਿਉਂਕਿ ਇਥੇ ਪੁੱਜਣ ਵਿਚ ਕਾਫ਼ੀ ਸਮਾਂ ਲਗਦਾ ਹੈ ਅਤੇ ਪਹਾੜੀ ਰਸਤਾ ਹੋਣ ਦੇ ਕਾਰਣ ਕਾਫ਼ੀ ਦਿੱਕਤ ਵੀ ਸੰਗਤਾਂ ਨੂੰ ਪੇਸ਼ ਆਉਂਦੀ ਹੈ ।

ਜੇਕਰ ਕੇਂਦਰ ਦੀ ਸਰਕਾਰ ਵੈਸ਼ਣੋ ਦੇਵੀ ਅਤੇ ਹੋਰਨਾਂ ਧਾਰਮਕ ਅਸਥਾਨਾਂ ਦੀ ਤਰਜ ‘ਤੇ ਬਾਗਡੋਗਰਾ ਹਵਾਈ ਅੱਡੇ ਤੋਂ ਚੌਪਰ ਸੇਵਾ ਸ਼ੁਰੂ ਕਰਦੇ ਤਾਂ ਬਹੁਗਿਣਤੀ ਵਿਚ ਸੰਗਤਾਂ ਦੀ ਆਜਾਈ ਸ਼ੁਰੂ ਹੋ ਸਕਦੀ ਹੈ। ਸੂਰਜ ਸਿੰਘ ਨੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਦਾਧਿਕਾਰਿਆਂ ਤੋਂ ਮੋਦੀ ਸਰਕਾਰ ਕੌਲ ਇਸ ਮੰਗ ਨੂੰ ਉਠਾਉਣ ਦੀ ਅਪੀਲ ਕੀਤੀ।

ਬੀਬੀ ਰਣਜੀਤ ਕੌਰ, ਲਖਵਿੰਦਰ ਸਿੰਘ ਲੱਖਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ ਅਤੇ ਦੇਸ਼ ਹੀ ਨਹੀਂ ਵਿਦੇਸ਼ਾਂ ਦੀ ਸੰਗਤ ਤੋਂ ਵੀ ਅਪੀਲ ਕੀਤੀ ਕਿ ਉਹ ਸਮਾਂ ਕੱਢ ਕੇ ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰਨ। ਉਹਨਾਂ ਕਿਹਾ ਕਿ ਕਾਰ ਸੇਵਾ ਵਾਲੇ ਬਾਬਾ ਜੀ ਜਿਨ੍ਹਾਂ ਨੇ ਇਥੇ ਸੰਗਤਾਂ ਦੀ ਰਿਹਾਇਸ਼ ਲਈ ਅਤਿਆਧੁਨਿਕ ਸਹੂਲਿਅਤਾਂ ਤੋਂ ਲੈਸ ਕਮਰੇ, ਲੰਗਰ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਮਾਧਿਅਮ ਰਾਹੀਂ ਇਸ ਅਸਥਾਨ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਅਤੇ ਆਪਦੇ ਪਰਿਵਾਰਕ ਮਿੱਤਰ ਦੇ ਨਾਲ ਇਥੇ ਆ ਕੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ।

ਗੁਰਦੁਆਰਾ ਚੁੰਗਥਾਂਗ ਦੀ ਸੇਵਾ ਸੰਭਾਲ ਕਰ ਰਹੇ ਬਾਬਾ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਦੀ ਸਮਾਪਤੀ ਉਪਰਾਂਤ ਦੀਵਾਨ ਦੀ ਆਰੰਭਤਾ ਹੋਈ ਜਿਸ ਵਿਚ ਸਿਲੀਗੁੜੀ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰਾਂਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕਕਾਵਾਚਕ ਭਾਈ ਜਗਦੇਵ ਸਿੰਘ ਮੁੱਖ ਪ੍ਰਚਾਰਕ ਐਸ.ਜੀ.ਪੀ.ਸੀ ਅੰਮ੍ਰਿਤਸਰ, ਤਖ਼ਤ ਪਟਨਾ ਸਾਹਿਬ ਦੇ ਕਥਾਵਾਚਕ ਭਾਈ ਸੁਖਦੇਵ ਸਿੰਘ ਦੁਆਰਾ ਗੁਰੂ ਇਤਿਹਾਸ ਦੀ ਕਥਾ ਕੀਤੀ ਗਈ।

ਸਮਾਗਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਲੀਗਲ ਸੈਲ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਮੈਂਬਰ ਹਰਜੀਤ ਸਿੰਘ ਪੱਪਾ, ਸਰਵਜੀਤ ਸਿੰਘ ਵਿਰਕ, ਮੀਡੀਆ ਸਲਾਹਕਾਰ ਅਤੇ ਬੁਲਾਰੇ ਸੁਦੀਪ ਸਿੰਘ, ਤਖ਼ਤ ਪਟਨਾ ਸਾਹਿਬ ਦੇ ਧਰਮ ਪ੍ਰਚਾਰ ਚੇਅਰਮੈਨ ਲਖਵਿੰਦਰ ਸਿੰਘ ਲੱਖ, ਪ੍ਰਿਤਪਾਲ ਸਿੰਘ, ਸਿਲੀਗੁੜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਚਰਨ ਸਿੰਘ ਹੋੜਾ ਦੇ ਅਲਾਵਾ ਵੱਡੀ ਗਿਣਤੀ ਵਿਚ ਸਿਲੀਗੁੜੀ , ਬਿਹਾਰ, ਦਿੱਲੀ, ਪੰਜਾਬ ਦੇ ਨਾਲ-ਨਾਲ ਚੁੰਗਥਾਂਗ ਦੀ ਸਥਾਨਕ ਸੰਗਤ ਜਿਸ ਵਿਚ ਲਾਮਾ ਸਮੁਦਾਇ ਦੇ ਲੋਕ ਸ਼ਾਮਲ ਸਨ ਅਤੇ ਫ਼ੌਜ ਦੇ ਜਵਾਨਾਂ ਨੇ ਭਾਗ ਲਿਆ।

ਬਾਬਾ ਜੀ ਵੱਲੋਂ ਸਾਰੇ ਮਹਿਮਾਨਾਂ ਨੂੰ ਸਿਰੋਪਾਓ ਅਤੇ ਪ੍ਰਤੀਕ ਚਿਨ੍ਹੰ ਦੇ ਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਇਸ ਦੌਰਾਨ ਸਿੱਖ ਯੂਥ ਪ੍ਰੈਸਿਡੈਂਟ ਗੋਲਡੀ ਸਿੱਖ ਖਾਲਸਾ, ਅਜੀਲ ਸਿੰਘ ਲਾਂਬਾ, ਰੂਪਿੰਦਰ ਸਿੰਘ ਗਿੱਲ, ਹਰਪਾਲ ਸਿੰਘ ਪਾਲਾ, ਬੀਬੀ ਪਰਮਜੀਤ ਕੌਰ(ਵਿਸ਼ਣੂ ਗਾਰਡਨ) ਵੀ ਮੌਜੁਦ ਰਹੇ।

Share News / Article

Yes Punjab - TOP STORIES