35.6 C
Delhi
Wednesday, April 24, 2024
spot_img
spot_img

ਗੁਣਵੱਤਾ ਜਾਂਚ ਲਈ ਬਾਸਮਤੀ ਉਤਪਾਦਕਾਂ ਦੀ ਰਜਿਸਟ੍ਰੇਸ਼ਨ ਜ਼ੋਰਾਂ ’ਤੇ: ਪਨੂੰ

ਚੰਡੀਗੜ੍ਹ, 13 ਸਤੰਬਰ, 2019 –

ਬਾਸਮਤੀ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਵੱਲੋਂ ਸੂਬੇ ਵਿਚਲੇ ਸਾਰੇ ਬਾਸਮਤੀ ਉਤਪਾਦਕਾਂ ਦੀ ਰਜਿਸਟੇ੍ਰਸ਼ਨ ਦਾ ਮਹੱਤਵਪੂਰਨ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਉਹਨਾਂ ਦੇ ਨਿੱਜੀ ਵੇਰਵੇ ਅਤੇ ਉਹਨਾਂ ਦੇ ਉਤਪਾਦਾਂ ਸਬੰਧੀ ਜਾਣਕਾਰੀ ਭਾਰਤ ਸਰਕਾਰ ਦੇ ਬਾਸਮਤੀ ਪੋਰਟਲ . ’ਤੇ ਅਪਲੋਡ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪੋ੍ਰਡੱਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏ.ਪੀ.ਈ.ਡੀ.ਏ.) ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਕੱਤਰ ਖੇਤੀਬਾੜੀ, ਸ. ਕੇ.ਐਸ. ਪਨੂੰ ਨੇ ਕਿਹਾ ਕਿ ਸੂਬੇ ਵਿੱਚ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੇ ਜ਼ੋਰਾਂ ’ਤੇ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਦਾ ਫੀਲਡ ਸਟਾਫ ਬਾਸਮਤੀ ਚਾਵਲ ਉਤਪਾਦਕਾਂ ਦੇ ਨਾਮ ਅਤੇ ਮੋਬਾਈਲ ਨੰਬਰਾਂ ਦੇ ਨਾਲ ਨਾਲ ਉਨ੍ਹਾਂ ਦੇ ਖੇਤਾਂ ਦੀ ਭੂਗੋਲਿਕ ਸਥਿਤੀ ਸੰਬੰਧੀ ਵੇਰਵੇ ਪੋਰਟਲ ਉੱਤੇ ਅਪਲੋਡ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੁਆਰਾ ਫ਼ਸਲਾਂ ਲਈ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੇ ਵੇਰਵੇ ਸਬੰਧੀ ਜਾਣਕਾਰੀ ਵੀ ਦਰਜ ਕੀਤੀ ਜਾ ਰਹੀ ਹੈ ਤਾਂ ਜੋ ਖਰੀਦਦਾਰਾਂ ਨੂੰ ਫਸਲ ਦੀ ਗੁਣੱਵਤਾ ਬਾਰੇ ਅਗਾਉਂ ਜਾਣਕਾਰੀ ਮਿਲ ਸਕੇ।

ਉਹਨਾਂ ਦੱਸਿਆ ਕਿ ਹੁਣ ਤੱਕ ਤਕਰੀਬਨ 70,000 ਬਾਸਮਤੀ ਕਿਸਾਨ ਰਜਿਸਟਰ ਕੀਤੇ ਗਏ ਹਨ ਜਦਕਿ 1,37,864 ਹੈਕਟੇਅਰ ਵਿੱਚ ਫੈਲੇ 25,000 ਖੇਤਾਂ ਦੀ ਟੈਗਿੰਗ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟੈਗਿੰਗ ਕੌਮੀ ਤੇ ਕੌਮਾਂਤਰੀ ਮਾਰਕੀਟ ਵਿੱਚ ਚੌਲਾਂ ਦੀ ਵਿਲੱਖਣ ਪਛਾਣ ਨੂੰ ਬਰਕਰਾਰ ਰੱਖਣ ਵਿੱਚ ਕਿਸਾਨਾਂ ਦੀ ਮੱਦਦ ਕਰੇਗੀ। ਸ. ਪਨੂੰ ਨੇ ਕਿਹਾ ਕਿ ਰਜਿਸਟੇ੍ਰਸ਼ਨ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਕਿਸਾਨਾਂ ਨੂੰ ਵਿਸ਼ੇਸ਼ ਆਈ.ਡੀ. ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਅਤੇ ਦੱਸਿਆ ਕਿ ਹੁਣ ਤੱਕ 15,000 ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।

ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਦੋਹਾਂ ਲਈ ਲਾਹੇਵੰਦ ਹੈ ਕਿਉਂਕਿ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਵਧੀਆ ਮੁੱਲ ਮਿਲੇਗਾ ਕਿਉਂਕਿ ਇਸ ਨਾਲ ਖਰੀਦਦਾਰ ਕਿਸਾਨਾਂ ਨਾਲ ਸਿੱਧਾ ਸੰਪਰਕ ਕਰਕੇ ਬਾਸਮਤੀ ਦੇ ਨਮੂਨੇ ਲੈ ਸਕਦੇ ਹਨ। ਇਸ ਤੋਂ ਇਲਾਵਾ ਵਿਭਾਗ ਨੂੰ ਉਹਨਾਂ ਕਿਸਾਨਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਮਿਲੇਗੀ ਜੋ ਖਾਦ ਦੀ ਸਿਫ਼ਾਰਿਸ਼ ਕੀਤੀ ਮਾਤਰਾ ਤੋਂ ਵੱਧ ਵਰਤੋਂ ਕਰ ਰਹੇ ਹਨ ਅਤੇ ਪਾਬੰਦੀਸ਼ੁੱਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ ਵਿਭਾਗ ਇਸ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਕਿਸਾਨਾਂ ਨੂੰ ਖਾਦਾਂ/ਕੀਟਨਾਸ਼ਕਾਂ ਦੀ ਢੁੱਕਵੀਂ ਮਿਕਦਾਰ ਅਤੇ ਮਿਆਰ ਦੀ ਵਰਤੋਂ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਉਨ੍ਹਾਂ ’ਤੇ ਨਿਗਰਾਨੀ ਰੱਖ ਸਕਦਾ ਹੈ।

ਸ. ਪਨੂੰ ਨੇ ਕਿਹਾ ਕਿ ਇਹ ਕਾਰਵਾਈ ਬਾਸਮਤੀ ਫ਼ਸਲ ਨੂੰ ਕੀਟਨਾਸ਼ਕ ਮੁਕਤ ਬਣਾਉਣ ਵੱਲ ਇੱਕ ਵੱਡਾ ਕਦਮ ਸਾਬਿਤ ਹੋਵੇਗੀ ਅਤੇ ਜਹਿਰੀਲੇ ਪਦਾਰਥਾਂ ਦੀ ਵਰਤੋਂ ਦੇ ਖ਼ਾਤਮੇ ਦੇ ਨਤੀਜੇ ਵਜੋਂ ਪੰਜਾਬ ਦੀ ਬਾਸਮਤੀ ਦਰਾਮਦ ਸਬੰਧੀ ਕੌਮਾਂਤਰੀ ਮਾਪਦੰਡਾਂ ’ਤੇ ਖਰਾ ਉੱਤਰੇਗੀ।

ਕਾਬਲੇਗੌਰ ਹੈ ਕਿ ਜ਼ਿਆਦਾ ਝਾੜ ਦੀ ਇੱਛਾ ਵਿੱਚ ਕੁਝ ਕਿਸਾਨ ਸਿਫ਼ਾਰਿਸ਼ ਕੀਤੀ ਮਾਤਰਾ ਤੋਂ 3 ਗੁਣਾ ਵੱਧ ਮਾਤਰਾ ਵਿੱਚ ਯੂਰੀਆ ਦੀ ਵਰਤੋਂ ਕਰਨ ਦੇ ਨਾਲ ਨਾਲ ਡਾਈ ਅਮੋਨੀਅਮ ਫਾਸਫੇਟ (ਡੀ.ਏ.ਪੀ.) ਦੀ ਵਰਤੋਂ ਵੀ ਕਰ ਰਹੇ ਹਨ ਜਿਸਦੀ ਬਿਲਕੁਲ ਲੋੜ ਨਹੀਂ ਹੈ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ, ਐਸੀਫੇਟ, ਟਰਾਈਐਜ਼ੋਫੋਸ, ਥਿਆਮੈਥੋਕਸਮ, ਕਰਬੈਂਡਾਜ਼ਿਮ, ਬੁਪਰੋਫੇਜ਼ਿਨ, ਅਰਬੋਫਿਊਰੋਨ, ਪ੍ਰੋਪੀਕੋਨਾਜ਼ੋਲ ਅਤੇ ਥਾਇਓਫੇਨੇਟ ਮਿਥਾਇਲ ਵਰਗੇ 9 ਕੀਟਨਾਸ਼ਕਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਯੂਰੋਪੀਅਨ ਯੂਨੀਅਨ ਅਤੇ ਹੋਰ ਪੱਛਮੀ ਦੇਸ਼ ਤੋਂ ਐਕਸਪੋਰਟ ਆਰਡਰ ਮਿਲਣੇ ਬੰਦ ਹੋ ਜਾਂਦੇ ਹਨ।

ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕਿ ਬਾਸਮਤੀ ਪੰਜਾਬ ਲਈ ਫ਼ਸਲੀ ਵਿਭਿੰਨਤਾ ਦੇ ਪੱਖ ਤੋਂ ਇੱਕ ਪ੍ਰਮੁੱਖ ਫ਼ਸਲ ਹੈ ਕਿਉਂਕਿ ਇਸ ਵਿੱਚ ਝੋਨੇ ਨਾਲੋਂ ਘੱਟ ਪਾਣੀ ਦੀ ਖ਼ਪਤ ਹੁੰਦੀ ਹੈ, ਖੇਤੀਬਾੜੀ ਸਕੱਤਰ ਦਾ ਮੰਨਣਾ ਹੈ ਕਿ ਇਹ ਉਪਰਾਲਾ ਬਾਸਮਤੀ ਫ਼ਸਲ ਤੋਂ ਕਿਸਾਨਾਂ ਨੂੰ ਵਧੀਆ ਆਮਦਨ ਦਵਾਉਣ ਦੇ ਨਾਲ ਸੂਬੇ ਵਿੱਚ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਹੱਲ ਕਰਨ ਲਈ ਸਹਾਈ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION