ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ 300 ਦੇ ਕਰੀਬ ਡਿਗਰੀਆਂ ਵਿਦਿਆਰਥੀਆਂ ਵਿਚ ਤਕਸੀਮ ਕੀਤੀਆਂ ਗਈਆਂ

ਯੈੱਸ ਪੰਜਾਬ
ਲੁਧਿਆਣਾ, ਮਈ 01, 2022 –
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਅੱਜ ਡਿਗਰੀ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਲਗਭਗ 300 ਦੇ ਕਰੀਬ ਡਿਗਰੀਆਂ ਵਿਦਿਆਰਥੀਆਂ ਵਿਚ ਤਕਸੀਮ ਕੀਤੀਆਂ ਗਈਆਂ। ਇਸ ਵਿਸ਼ੇਸ਼ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਐਮ.ਐਲ.ਏ, ਅੰਮ੍ਰਿਤਸਰ (ਨੌਰਥ) ਅਤੇ ਸਾਬਕਾ ਆਈ.ਪੀ.ਐਸ. ਨੇ ਸ਼ਿਰਕਤ ਕੀਤੀ।

ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸ. ਗਜਿੰਦਰ ਸਿੰਘ, ਸ੍ਰ. ਹਰਦੀਪ ਸਿੰਘ, ਸ. ਹਰਸ਼ਰਨ ਸਿੰਘ ਨਰੂਲਾ ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਅਤੇ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਆਪਕ ਸਾਹਿਬਾਨ, ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਨੇ ਇਸ ਸਮਾਰੋਹ ਵਿਚ ਭਾਗ ਲਿਆ।

ਡਾ. ਸ. ਪ. ਸਿੰਘ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ ਰਸਮੀ ਤੌਰ ਤੇ ਜੀ ਆਇਆ ਆਖਿਆ ਅਤੇ ਉਨ੍ਹਾਂ ਨੇ ਕਾਲਜ ਦੇ 100 ਸਾਲਾਂ ਇਤਿਹਾਸ ਤੇ ਚਾਨਣਾ ਪਾਉਂਦਿਆ ਹੋਇਆ ਕਿਹਾ ਕਿ ਇਹ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਥੇ ਪ੍ਰਤਿਭਾਵਾਂ ਨੂੰ ਆਕਾਰ ਮਿਲਦਾ ਹੈ। ਇਸ ਕਾਲਜ ਤੋਂ ਤਾਲੀਮ ਹਾਸਲ ਕਰਕੇ ਵਿਦਿਆਰਥੀਆਂ ਨੇ ਵੱਖ ਵੱਖ ਅਕਾਦਮਿਕ, ਪ੍ਰਸ਼ਾਸਨਿਕ, ਨਿਆਪਾਲਿਕਾ, ਰਾਜਨੀਤਕ, ਸਮਾਜ ਭਲਾਈ, ਸਾਹਿਤਕ ਗਤੀਵਿਧੀਆਂ ਤੇ ਖੇਡ ਜਗਤ ਵਿਚ ਮੱਲ੍ਹਾਂ ਮਾਰ ਕੇ ਇਸ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਹੋਇਆ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।

ਇਸ ਡਿਗਰੀ ਵੰਡ ਸਮਾਰੋਹ ਵਿਚ ਉਚੇਚੇ ਤੌਰ ਤੇ ਪਹੁੰਚੇ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਕਾਲਜ ਦੇ 100 ਸਾਲਾਂ ਦੇ ਮਾਣਮੱਤੇ ਇਤਿਹਾਸ ਅਤੇ ਵਿਲੱਖਣ ਪ੍ਰਾਪਤੀਆਂ ਤੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਅਹੁੱਦੇਦਾਰਾਂ, ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਮੌਜੂਦਾ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਸਾਰੀ ਦੁਨੀਆਂ ਗਿਆਨ – ਵਿਗਿਆਨ ਤੇ ਤਕਨੋਲਜੀ ਨਾਲ ਜੁੜ ਰਹੀ ਹੈ।

ਜਿਸ ਦੇ ਤਹਿਤ ਸਿੱਖਿਆ ਪ੍ਰਣਾਲੀ ਵਿਚ ਵੀ ਕਈ ਤਰ੍ਹਾਂ ਦੇ ਬਦਲਾਵ ਹੋ ਰਹੇ ਹਨ ਜੋ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਾਭਦਾਇਕ ਸਿੱਧ ਹੋਣਗੇ। ਵਰਤਮਾਨ ਸਮੇਂ ਵਿਚ ਭਾਰਤੀ ਸਿੱਖਿਆ ਪ੍ਰਣਾਲੀ ਦਾ ਨਵੀਨੀਕਰਨ ਹੋ ਰਿਹਾ ਹੈ। ਭਾਰਤ ਸਰਕਾਰ ਵਲੋਂ ਯੂ.ਜੀ.ਸੀ ਤੇ ਏ.ਆਈ.ਸੀ.ਟੀ.ਈ. ਵਰਗੇ ਸਿੱਖਿਅਕ ਅਦਾਰਿਆਂ ਨੇ ਹੁਨਰ ਸਿਖਲਾਈ ਪ੍ਰੋਗਰਾਮ ਉਲੀਕੇ ਹਨ ਤਾਂ ਜੋ ਸਿੱਖਿਆ ਨੂੰ ਕਿੱਤਾ ਮੁੱਖੀ ਬਣਾਇਆ ਜਾਵੇ। ਅਜੋਕੇ ਸਮੇਂ ਵਿਚ ਸਿਰਫ਼ ਡਿਗਰੀਆਂ ਪ੍ਰਾਪਤ ਕਰਨਾ ਹੀ ਜ਼ਰੂਰੀ ਨਹੀਂ ਸਗੋਂ ਕਿਸੇ ਰੋਜ਼ਗਾਰ ਨੂੰ ਪ੍ਰਾਪਤ ਕਰਨ ਲਈ ਹੁਨਰ ਦਾ ਹੋਣਾ ਵੀ ਜ਼ਰੂਰੀ ਹੈ।

ਸਮਾਗਮ ਦੇ ਅੰਤ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਸਮਾਰੋਹ ਵਿਚ ਪਹੁੰਚੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਪ੍ਰਬੰਧਕੀ ਅਹੁੱਦੇਦਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਪ੍ਰਤੀਯੋਗਤਾ ਦੇ ਇਸ ਦੌਰ ਵਿੱਚ ਗਿਆਨ ਦੇ ਵਸੀਲਿਆਂ ਦਾ ਅਹਿਮ ਯੋਗਦਾਨ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਗਿਆਨ – ਵਿਗਿਆਨ ਤੇ ਸੂਚਨਾ ਤਕਨੋਲੋਜੀ ਦੇ ਇਸ ਯੁੱਗ ਵਿਚ ਤੁਸੀਂ ਵੀ ਸਮਾਜ ਵਿਚ ਆਪਣੇ ਰਾਹ ਖੁਦ ਬਣਾਉ, ਬਣੇ-ਬਣਾਏ ਰਾਹਾਂ ਤੇ ਚੱਲਣ ਦੀ ਥਾਂ ਤੇ ਕੁਝ ਨਵਾਂ ਸਿਰਜੋ ਤਾਂ ਜੋ ਦੁਨੀਆ ਤੁਹਾਡੇ ਤੇ ਮਾਣ ਕਰ ਸਕੇ। ਇਸ ਸਮਾਰੋਹ ਵਿਚ ਪ੍ਰੋ.ਮਨਜੀਤ ਸਿੰਘ ਛਾਬੜਾ ਡਾਇਰੈਕਟਰ, ਜੀ.ਜੀ.ਐਨ.ਆਈ.ਐਮ.ਟੀ / ਜੀ.ਜੀ.ਐਨ.ਆਈ.ਵੀ.ਐਸ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਜੀ. ਜੀ. ਐਨ, ਆਈ. ਐਮ.ਟੀ. ਵਿਸ਼ੇਸ਼ ਤੌਰ ’ਤੇ ਉਪਸਥਿਤ ਰਹੇ।

ਮੰਚ ਦਾ ਸੰਚਾਲਨ ਪ੍ਰੋ. ਜਤਿੰਦਰ ਕੌਰ ਤੇ ਡਾ. ਗੁਰਪ੍ਰੀਤ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਸਮਾਰੋਹ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਪ੍ਰਬੰਧਕੀ ਅਹੁੱਦੇਦਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਸਮਾਗਮ ਵਿਚ ਸ਼ਿਰਕਤ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਿਹਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ