ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮਾਂਗਟ ਦਾ ‘ਸਚਿਆਰੀ ਧੀ ਪੰਜਾਬ ਦੀ’ ਐਵਾਰਡ ਅਤੇ 51 ਹਜਾਰ ਰਾਸ਼ੀ ਨਾਲ ਸਨਮਾਨ

ਫ਼ਿਰੋਜ਼ਪੁਰ, 20 ਸਤੰਬਰ, 2019 –

ਪੰਜਾਬੀ ਸੱਭਿਆਚਾਰ ਦੇ ਖੇਤਰ ‘ਚ ਗਿੱਧਿਆਂ ਦੀ ਰਾਣੀ ਵਜੋਂ ਜਾਣੀ ਜਾਂਦੀ ਉੱਘੀ ਗਾਇਕਾ ਸਰਬਜੀਤ ਕੌਰ ਮਾਂਗਟ ਜਿਨ੍ਹਾਂ ਕਲਾ ਅਤੇ ਸਾਹਿਤ ਦੇ ਖੇਤਰ ‘ਚ ਵੱਡਾ ਨਾਮਣਾ ਖੱਟਿਆ ਹੈ, ਨੂੰ ਜੀਵਨ ਪ੍ਰਾਪਤੀਆਂ ਸਦਕਾ ‘ਸਚਿਆਰੀ ਧੀ ਪੰਜਾਬ ਦੀ ਐਵਾਰਡ’ ਅਤੇ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ।

ਦੱਸਣਯੋਗ ਹੈ ਕਿ ਸਰਬਜੀਤ ਕੌਰ ਮਾਂਗਟ ਨੇ ਗਿੱਧੇ ਦੇ ਖੇਤਰ ਵਿਚ ਉੱਠ ਕੇ ਕਲਾ ਸੰਸਾਰ ਵਿਚ ਆਪਣੀ ਵਿਲੱਖਣ ਪਹਿਚਾਣ ਕਾਇਮ ਕਰਦਿਆਂ ਗਿੱਧਿਆਂ ਦੀ ਰਾਣੀ, ਪੰਜਾਬ ਦੀ ਧੀ, ਸਰਵੋਤਮ ਪੰਜਾਬਣ, ਪੰਜਾਬ ਰਤਨ, ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਐਵਾਰਡ ਆਦਿ ਸਨਮਾਨ ਹਾਸਿਲ ਕੀਤੇ।

ਉੱਚ ਪੜ੍ਹ-ਲਿਖ ਕੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਣ ਵਾਲੀ ਇਸ ਬਹੁਪੱਖੀ ਸਖਸ਼ੀਅਤ ਪੰਜਾਬਣ ਧੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਪ੍ਰੋਫੈਸਰੀ ਛੱਡ ਕਲਾ ਜਗਤ ਨੂੰ ਜੀਵਨઠਸਮਰਪਿਤ ਕਰ ਛੱਡਿਆ ਹੈ, ਜੋ ਅੱਜ-ਕੱਲ੍ਹ ਕਿਰਪਾਲ ਸਾਗਰ ਰਾਹੋਂ ਵਿਖੇ ਹੈਰੀਟੇਜ ਤੇ ਕਲਚਰ ਡਾਇਰੈਕਟਰ ਵਜੋਂ ਜਿੱਥੇ ਸੇਵਾਵਾਂ ਨਿਭਾ ਵਿੱਦਿਅਕ ਖੇਤਰ ਵਿਚ ਵਿਦਿਆਰਥੀਆਂ ਲਈ ਜੀਵਨ ਜਾਂਚ ਦੇ ਨਵੀਂ ਕਿਸਮ ਦੇ ਤਜਰਬੇ ਕਰ ਰਹੇ ਹਨ, ਉੱਥੇ ਸਮਾਜ ‘ਚ ਇਕ ਸਫ਼ਲ ਮਾਂ, ਪਤਨੀ, ਧੀ ਅਤੇ ਨੂੰਹ ਦੀ ਭੂਮਿਕਾ ਸ਼ਲਾਘਾਯੋਗ ਢੰਗ ਨਾਲ ਨਿਭਾਅ ਸਮਾਜ ਲਈ ਪ੍ਰੇਰਣਾ ਸਰੋਤ ਬਣੀ ਬੈਠੇ ਹਨ।

ਸਰਬਜੀਤ ਕੌਰ ਮਾਂਗਟ ਦੀਆਂ ਪੰਜਾਬੀ ਸੱਭਿਆਚਾਰ ਨੂੰ ਦੇਣਾਂ ਅਤੇ ਜੀਵਨ ਪ੍ਰਾਪਤੀਆਂ ਕਰਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਡੀ.ਏ.ਵੀ. ਕਾਲਜ ਅੰਦਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਦੀ ਦੇਖ-ਰੇਖ ‘ਚ ਕਰਵਾਏ ਗਏ ਮੇਲਾ ਧੀਆਂ ਰਾਣੀਆਂ ਦਾ ਵਿਚ ਵੱਡੇ ਮਾਣ ਸਨਮਾਨ ਦਿੰਦਿਆਂ ‘ਸਚਿਆਰੀ ਧੀ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ 51 ਹਜਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ।

ਇਹ ਰਸਮ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਪਤਨੀ ਬੀਬੀ ਇੰਦਰਜੀਤ ਕੌਰ ਖੋਸਾ, ਮੈਡਮ ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਡਾ: ਸੀਮਾ ਅਰੋੜਾ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਅਨੀਰੁੱਧ ਗੁਪਤਾ ਸੀ.ਈ.ਓ. ਡੀ.ਸੀ.ਐਮ. ਸਕੂਲ ਆਫ਼ ਗਰੁੱਪ, ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਰੁਪਿੰਦਰ ਕੌਰ ਸੰਧੂ, ਬੱਬਲ ਸਾਂਘਾ, ਗਗਨ ਰੰਧਾਵਾ ਕੈਨੇਡਾ ਆਦਿ ਸੁਸਾਇਟੀ ਆਗੂਆਂ ਵਲੋਂ ਨਿਭਾਈ ਗਈ।

ਮਿਲੇ ਵੱਡੇ ਮਾਣ ਸਨਮਾਨ ‘ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਉਘੀ ਗਾਇਕਾ ਸਰਬਜੀਤ ਮਾਂਗਟ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਆਪਣੇ ਫ਼ਰਜ਼ ਪੂਰੀ ਤਨਦੇਹੀ ਨਾਲ ਜੀਵਨ ਭਰ ਨਿਭਾਉਂਦੇ ਰਹਿਣਗੇ।

Share News / Article

Yes Punjab - TOP STORIES