ਗਾਂਧੀ ਪਰਿਵਾਰ ਤੋਂ ਐਸ.ਪੀ.ਜੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦੀ ਕੈਪਟਨ ਵੱਲੋਂ ਨਿਖੇਧੀ, ਕੇਂਦਰ ਨੂੰ ਸਮੀਖਿਆ ਕਰਨ ਦੀ ਅਪੀਲ

ਚੰਡੀਗੜ, 8 ਨਵੰਬਰ, 2019 –
ਸੋਨੀਆ ਗਾਂਧੀ ਅਤੇ ਉਨਾਂ ਦੇ ਬੱਚਿਆਂ ਰਾਹੁਲ ਅਤੇ ਪਿ੍ਰਅੰਕਾ ਗਾਂਧੀ ਤੋਂ ਐਸ.ਪੀ.ਜੀ ਸੁਰੱਖਿਆ ਕਵਰ ਵਾਪਸ ਲੈਣ ਦੇ ਫੈਸਲੇ ਦੀ ਕਰੜੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਸਿਆਸਤ ਤੋਂ ਪ੍ਰੇਰਿਤ ਇਸ ਫੈਸਲੇ ਨੂੰ ਤੁਰੰਤ ਮਨਸੂਖ ਕਰਨ ਦੀ ਮੰਗ ਕੀਤੀ ਹੈ।

ਕੇਂਦਰ ਵਲੋਂ ਇਸ ਫੈਸਲੇ ਸਬੰਧੀ ਕੀਤੇ ਐਲਾਨ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਮੌਜੂਦਾ ਸੁਰੱਖਿਆ ਸੰਦਰਭ ਅਤੇ ਸਰਹੱਦ ’ਤੇ ਦਿਨੋਂ-ਦਿਨ ਵਧ ਰਹੇ ਅੱਤਵਾਦ ਦੇ ਖਤਰੇ ਦੇ ਮੱਦੇਨਜ਼ਰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਨੇ ਕਿਹਾ ਸੋਨੀਆਂ ਗਾਂਧੀ ਦੇ ਪਤੀ ਰਾਜੀਵ ਗਾਂਧੀ ਅਤੇ ਸੱਸ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਗਾਂਧੀ ਪਰਿਵਾਰ ਨੂੰ ਐਸ.ਪੀ.ਜੀ ਕਵਰ ਦੀ ਮਨਜ਼ੂਰੀ ਦੇਣਾ ਕੋਈ ਸਿਆਸੀ ਪੱਖ ਨਹੀਂ ਸਗੋਂ ਜ਼ਰੂਰੀ ਸੀ।

ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਵਾਡਰਾ ਤੋਂ ਵਿਸ਼ੇਸ਼ ਸਰੱਖਿਆ ਕਵਰ ਵਾਪਸ ਲੈ ਕੇ ਕੇਂਦਰ ਸਰਕਾਰ ਘਟੀਆ ਕਾਰਾ ਕੀਤਾ ਹੈ ਅਤੇ ਮੁਲਕ ਲਈ ਵੱਡੇ ਬਲੀਦਾਨ ਕਰਨ ਵਾਲੇ ਪਰਿਵਾਰ ਦੀ ਸੁਰੱਖਿਆ ਪ੍ਰਤੀ ਗ਼ੈਰ-ਜਿੰਮੇਵਾਰਾਨਾ ਵਤੀਰਾ ਦਿਖਾਇਆ ਹੈ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਕੁਝ ਮਹੀਨੇ ਪਹਿਲਾਂ ਐਸ.ਪੀ.ਜੀ ਕਵਰ ਵਾਪਸ ਲੈਣ ਦੇ ਫੈਸਲੇ ਨੂੰ ਚੇਤੇ ਕਰਦਿਆਂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਫੈਸਲਾ ਜ਼ਮੀਨੀ ਹਕੀਕਤ ’ਤੇ ਅਧਾਰਤ ਨਹੀਂ ਹੈ। ਉਨਾਂ ਕਿਹਾ ਕਿ ਗਾਂਧੀ ਪਰਿਵਾਰ ਤੋਂ ਐਸ.ਪੀ.ਜੀ. ਕਵਰ ਵਾਪਸੇ ਲੈਣ ਲਈ ਦਿੱਤਾ ਕਾਰਨ ਇਸ ਗੱਲ ਨੂੰ ਪੂਰੀ ਤਰਾਂ ਸਾਬਿਤ ਕਰਦਾ ਹੈ।

ਉਨਾਂ ਕਿਹਾ ਕਿ ਪ੍ਰਾਪਤ ਰਿਪੋਰਟਾਂ ਇਹ ਤੱਥ ਉਜਾਗਰ ਕਰਦੀਆਂ ਹਨ ਕਿ ਕਈ ਮੌਕਿਆਂ ’ਤੇ ਗਾਂਧੀ ਪਰਿਵਾਰ ਵਲੋਂ ਐਸ.ਪੀ.ਜੀ ਕਵਰ ਨੂੰ ਅੱਖੋਂ ਪਰੋਖੇ ਕੀਤਾ ਗਿਆ ਜਿਸ ਕਰਕੇ ਇਸ ਵਿਸ਼ੇਸ਼ ਸੁਰੱਖਿਆ ਨੂੰ ਹਟਾਉਣ ਲਈ ਕੇਂਦਰ ਨੂੰ ਫੈਸਲਾ ਲੈਣਾ ਪਿਆ, ਜੋ ਕਿ ਉੱਚਿਤ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ “ਕੀ ਇਹ ਗਾਂਧੀ ਪਰਿਵਾਰ ਤੋਂ ਐਸ.ਪੀ.ਜੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦੀ ਪੁਸ਼ਟੀ ਕਰਦਾ ਹੈ।” ਉਨਾਂ ਕਿਹਾ ਕਿ ਜੇ ਕੇਂਦਰ ਇਸ ਬਾਰੇ ਅਜਿਹਾ ਮਹਿਸੂਸ ਕਰਦੀ ਹੈ ਤਾਂ ਉਸ ਨੂੰ ਇਹ ਮਾਮਲਾ ਗਾਂਧੀ ਪਰਿਵਾਰ ਕੋਲ ਉਠਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਐਸ.ਪੀ.ਜੀ ਸੁਰੱਖਿਆ ਦੀ ਵਰਤੋਂ ਨਾ ਕਰਨ ਤੋਂ ਇਹ ਭਾਵ ਨਹੀਂ ਲਾਇਆ ਜਾ ਸਕਦਾ ਕਿ ਜਿਨਾਂ ਕਾਰਨਾ ਕਰਕੇ ਇਹ ਸੁਰੱਖਿਆ ਦਿੱਤੀ ਗਈ ਸੀ ਉਨਾਂ ਦਾ ਖਤਰਾ ਹੁਣ ਘਟ ਗਿਆ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿੱਚ ਉਨਾਂ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨਾਂ ਦੇ ਪੁੱਤਰ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਉਕਤ ਸੁਰੱਖਿਆ ਨੂੰ ਜਾਰੀ ਰੱਖਣਾ ਯਕੀਨੀ ਬਣਾਇਆ ਗਿਆ ਹੈ ਜੋ ਮੌਜੂਦਾ ਹਾਲਾਤਾਂ ਵਿੱਚ ਵੀ ਇਸ ਸੁਰੱਖਿਆ ਦਾ ਫਾਇਦਾ ਲੈ ਰਹੇ ਹਨ।