ਦਾਖਾ, 8 ਅਕਤੂਬਰ, 2019:
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਅਤੇ ਉਨ੍ਹਾਂ ਦੇ ਪਿਤਾ ਜਗਪਾਲ ਸਿੰਘ ਖੰਗੂੜਾ ਅੱਜ ਲੰਡਨ ਤੋਂ ਵਿਸ਼ੇਸ਼ ਰੂਪ ਵਿੱਚ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਵਿੱਚ ਸ਼ਾਮਿਲ ਹੋਣ ਦੇ ਮਕਸਦ ਨਾਲ ਇੱਥੇ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਪਾਲ ਖੰਗੂੜਾ ਜੋ ਕੇ ਪੂਰੇ ਹਲਕੇ ਵਿੱਚ ਬੇਹੱਦ ਸਨਮਾਨ ਅਤੇ ਪ੍ਰਭਾਵ ਰੱਖਦੇ ਹਨ, ਨੇ ਕਿਹਾ ਕਿ ਉਹ ਬਿਮਾਰ ਹੋਣ ਦੇ ਬਾਵਜੂਦ ਵਿਸ਼ੇਸ਼ ਰੂਪ ਵਿੱਚ ਕੈਪਟਨ ਸੰਧੂ ਦੇ ਪ੍ਰਚਾਰ ਲਈ ਲੰਡਨ ਤੋਂ ਇੱਥੇ ਆਏ ਹਨ।
ਵੱਡੇ ਖੰਗੂੜਾ ਨੇ ਕਿਹਾ ਕਿ ਉਹ ਠੀਕ ਨਹੀਂ ਰਹਿੰਦੇ ਅਤੇ ਲੰਡਨ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕੈਪਟਨ ਸੰਧੂ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਲਈ ਇੱਥੇ ਆਉਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਮੇਰੇ ਸ਼ਬਦ ਨੋਟ ਕਰ ਲਓ, ਕੈਪਟਨ ਸੰਧੂ ਘੱਟੋ ਘੱਟ 30 ਹਜ਼ਾਰ ਵੋਟਾਂ ਦੇ ਫਰਕ ਨਾਲ ਇੱਥੋਂ ਜਿੱਤਣਗੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਦਾਖਾ ਦੇ ਲੋਕਾਂ ਨੂੰ ਪਤਾ ਹੈ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਚੁਣਨ ਦੇ ਅਜਿਹੇ ਸੁਨਹਿਰੀ ਮੌਕੇ ਵਾਰ ਵਾਰ ਨਹੀਂ ਆਉਂਦੇ।
ਉਧਰ ਕੈਪਟਨ ਸੰਧੂ ਨੇ ਕਿਹਾ ਕਿ ਉਹ ਖੰਗੂੜਾ ਪਰਿਵਾਰ ਵਿਸ਼ੇਸ਼ ਕਰਕੇ ਸਰਦਾਰ ਜਗਪਾਲ ਸਿੰਘ ਖੰਗੂੜਾ ਦੇ ਧੰਨਵਾਦੀ ਅਤੇ ਰਿਣੀ ਹਨ ਜੋ ਆਪਣੀ ਉਮਰ ਅਤੇ ਬੀਮਾਰ ਸਿਹਤ ਦੇ ਬਾਵਜੂਦ ਇੱਥੇ ਸਰਗਰਮੀ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਸ਼ਾਮਿਲ ਹੋ ਗਏ ਹਨ।
ਸੰਧੂ ਨੇ ਕਿਹਾ ਕਿ ਅਮਰੀਕ ਸਿੰਘ ਆਲੀਵਾਲ, ਮਲਕੀਤ ਸਿੰਘ ਦਾਖਾ, ਜੱਸੀ ਖੰਗੂੜਾ, ਮੇਜਰ ਸਿੰਘ ਭੈਣੀ, ਕੇ ਕੇ ਬਾਵਾ ਅਤੇ ਹੋਰਨਾਂ ਲੋਕਾਂ ਨੇ ਮੈਨੂੰ ਬਹੁਤ ਆਤਮਵਿਸ਼ਵਾਸ ਦਿੱਤਾ ਹੈ ਅਤੇ ਮੇਰਾ ਮਨੋਬਲ ਵਧਾਇਆ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ ਏਦਾ ਲੱਗਦਾ ਹੈ ਜਿਵੇਂ ਇਹ ਉਨ੍ਹਾਂ ਦੀ ਆਪਣੀ ਨਿੱਜੀ ਚੋਣ ਹੋਵੇ।
ਕਾਂਗਰਸੀ ਉਮੀਦਵਾਰ ਨੇ ਦੁਹਰਾਇਆ ਕਿ ਚੋਣ ਖਤਮ ਹੋਣ ਤੋਂ ਬਾਅਦ ਹਰੇਕ ਨੇਤਾ ਅਤੇ ਵਰਕਰ ਨੂੰ ਫਰਕ ਮਹਿਸੂਸ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਨਹੀਂ ਬਲਕਿ ਤੁਸੀਂ ਸਾਰੇ ਇਸ ਹਲਕੇ ਦੇ ਵਿਧਾਇਕ ਹੋਵੋਗੇ ਅਤੇ ਹਰ ਇੱਕ ਅਧਿਕਾਰੀ ਚਾਹੇ ਉਹ ਪੁਲੀਸ ਦਾ ਹੋਵੇ ਜਾਂ ਸਿਵਲ ਦਾ ਤੁਹਾਡੇ ਪ੍ਰਤੀ ਜਵਾਬਦੇਹ ਹੋਵੇਗਾ। ਉਨ੍ਹਾਂ ਨੇ ਵਰਕਰਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਇਹੀ ਅਸਲੀ ਲੋਕਤੰਤਰ ਸੀ।
ਕੈਪਟਨ ਸੰਧੂ ਨੇ ਆਪਣੇ ਸਿਆਸੀ ਵਿਰੋਧੀਆਂ ਤੇ ਵਾਰ ਕਰਦੇ ਹੋਏ ਕਿਹਾ ਕਿ ਉਹ ਹਤਾਸ਼ਾ ਵਿੱਚ ਨਕਲੀ ਅਤੇ ਬੇਤੁਕੀਆਂ ਸ਼ਿਕਾਇਤਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਅੰਦਰ ਮਤਭੇਦਾਂ ਦੇ ਬਾਰੇ ਵੀ ਵਿਰੋਧੀਆਂ ਦੇ ਦਾਅਵੇ ਨੂੰ ਖ਼ਾਰਜ ਕਰ ਦਿੱਤਾ।
ਸੰਧੂ ਨੇ ਕਿਹਾ ਕਿ ਅਕਾਲੀ ਆਪਣੇ ਖੁਦ ਦੇ ਉਮੀਦਵਾਰ ਅਤੇ ਪਾਰਟੀ ਦਾ ਖਿਆਲ ਰੱਖਣ ਅਤੇ ਕਾਂਗਰਸੀ ਆਗੂਆਂ ਅਤੇ ਕਾਂਗਰਸ ਚਿੰਤਾ ਛੱਡ ਦੇਣ। ਉਨ੍ਹਾਂ ਨੇ ਇਹ ਸਭ ਗੱਲਾਂ ਇਸ ਸਵਾਲ ਦੇ ਜਵਾਬ ਵਿੱਚ ਕਹੀਆਂ ਕਿ ਅਕਾਲੀਆਂ ਦਾ ਦਾਅਵਾ ਸੀ ਕਿ ਕਾਂਗਰਸ ਦਾਖਾ ਵਿੱਚ ਵੰਡ ਦੀ ਕਗਾਰ ਤੇ ਹੈ|
ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ