ਖੇਤੀ ਆਰਡੀਨੈਂਸਾਂ ਨੂੰ ਲੈ ਕੇ ‘ਆਪ’ ਨੇ ‘ਟਰੈਕਟਰ ਰੋਸ ਮਾਰਚ’ ਰਾਹੀਂ ਬਾਦਲਾਂ ‘ਤੇ ਧਾਵਾ ਬੋਲਿਆ

ਬਠਿੰਡਾ, 17 ਸਤੰਬਰ, 2020 –
ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਪਾਰਲੀਮੈਂਟ ਦੇ ਸਦਨ ਤੱਕ ਲੈ ਕੇ ਜਾਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਬਾਦਲ ਪਰਿਵਾਰ ਖ਼ਿਲਾਫ਼ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੇ ਸੈਂਕੜੇ ਟਰੈਕਟਰਾਂ ‘ਤੇ ਸਵਾਰ ਹੋ ਕੇ ਬਾਦਲ ਪਿੰਡ ਤੱਕ ‘ਟਰੈਕਟਰ ਰੋਸ ਮਾਰਚ’ ਕੀਤਾ।

ਤਲਵੰਡੀ ਸਾਬੋ ਅਤੇ ਲੰਬੀ-ਮਲੋਟ ਤੋਂ ‘ਆਪ’ ਦੇ ਟਰੈਕਟਰ ਰੋਸ ਮਾਰਚ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਵਿਧਾਇਕਾਂ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਕੌਰ ਰੂਬੀ ਸਮੇਤ ਦੱਖਣੀ ਮਾਲਵਾ ਦੀ ਸਥਾਨਕ ਲੀਡਰਸ਼ਿਪ ਨੇ ਕੀਤੀ।

ਲਗਭਗ 100 ਕਿੱਲੋਮੀਟਰ ਲੰਬੇ ਟਰੈਕਟਰ ਮਾਰਚ ਉਪਰੰਤ ਸੰਬੋਧਨ ਕਰਦੇ ਹੋਏ ‘ਆਪ’ ਆਗੂਆਂ ਨੇ ਅਕਾਲੀ ਦਲ (ਬਾਦਲ) ਖ਼ਾਸ ਕਰਕੇ ਬਾਦਲ ਪਰਿਵਾਰ ਅਤੇ ਸੱਤਾਧਾਰੀ ਕਾਂਗਰਸ ਨੂੰ ਆੜੇ ਹੱਥੀ ਲਿਆ ਅਤੇ ਗਿਰਗਿਟ ਵਾਂਗ ਰੰਗ ਬਦਲਣ ਵਾਲੇ ਮੌਕਾਪ੍ਰਸਤ ਦੱਸਿਆ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ-ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਰਡੀਨੈਂਸਾਂ ਦੇ ਮੁੱਦੇ ‘ਤੇ ਜਿੱਥੇ ਤੱਕ ਚਾਰਾ ਚੱਲਿਆ, ਉਦੋਂ ਤੱਕ ਕਿਸਾਨਾਂ-ਮਜ਼ਦੂਰਾਂ ਤੇ ਸਾਰੇ ਪੰਜਾਬ ਨੂੰ ‘ਬੇਵਕੂਫ਼’ ਬਣਾਉਣ ਲਈ ਸਾਰੇ ਪਾਪੜ ਬੇਲੇ। ਅੰਤ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਦੇ ਸੰਘਰਸ਼ਾਂ ਅਤੇ ਖੇਤੀ-ਅਰਥ ਵਿਵਸਥਾ ਦੇ ਮਾਹਿਰਾਂ ਦੇ ਸੁਚੇਤ ਵਿਚਾਰਾਂ ਰਾਹੀਂ ਪੈਦਾ ਹੋਏ ‘ਲੋਕ-ਰੋਹ’ ਨੂੰ ਦੇਖਿਆ ਤਾਂ ਦੋਵਾਂ ਧਿਰ (ਬਾਦਲ-ਕੈਪਟਨ) ਨੇ ਗਿਰਗਿਟ ਵਾਂਗ ਰੰਗ ਬਦਲ ਕੇ ਯੂ-ਟਰਨ ਲੈ ਲਿਆ।

ਚੀਮਾ ਨੇ ਕਿਹਾ ਕਿ ਇਹ ਇੱਕਜੁੱਟ ਸੰਘਰਸ਼ ਦੀ ਤਾਂ ਜਿੱਤ ਹੈ, ਪਰੰਤੂ ਇਨ੍ਹਾਂ ‘ਡੋਗਰਿਆਂ’ ਦੀਆਂ ਗਦਾਰੀਆਂ ਨੇ ਲੋਕ ਸਭਾ ਦੇ ਸਦਨ ‘ਤੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ-ਮਜਦੂਰਾਂ-ਆੜਤੀਆਂ-ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਨੂੰ ਹਰਾਉਣ ਦੀ ਕੋਈ ਕਸਰ ਨਹੀਂ ਛੱਡੀ।

ਚੀਮਾ ਮੁਤਾਬਿਕ ਜੇਕਰ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਆਰਡੀਨੈਂਸਾਂ ਬਾਰੇ ਗਠਿਤ ਹਾਈ ਪਾਵਰ ਕਮੇਟੀ ‘ਚ ਚੁੱਪ-ਗੁੱਪ ਸਹਿਮਤੀ ਨਾ ਦਿੰਦੇ ਅਤੇ ਹਰਸਿਮਰਤ ਕੌਰ ਬਾਦਲ ਕੈਬਿਨੇਟ ‘ਚ ਪੇਸ਼ ਹੋਏ ਇਨ੍ਹਾਂ ਆਰਡੀਨੈਂਸਾਂ ਦਾ ਉਸੇ ਸਮੇਂ ਲਕੀਰ ਖਿੱਚ ਕੇ ਵਿਰੋਧ ਕਰਦੀ ਤਾਂ ਇਹ ਘਾਤਕ ਆਰਡੀਨੈਂਸ ਨੇ ਲੋਕ ਸਭਾ ਦੀ ਫਲੌਰ (ਸਦਨ) ਤੱਕ ਪਹੁੰਚਣਾ ਹੀ ਨਹੀਂ ਸੀ।

ਚੀਮਾ ਸਮੇਤ ਸਾਰੇ ‘ਆਪ’ ਆਗੂਆਂ ਨੇ ਕਿਹਾ ਕਿ ਅਜੇ ਵੀ ਰਾਜ ਸਭਾ ‘ਚ ਇਨ੍ਹਾਂ ਮਾਰੂ ਬਿੱਲਾਂ ਨੂੰ ਫਸਾਇਆ ਜਾ ਸਕਦਾ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories