ਖੇਡ ਮੰਤਰੀ ਰਾਣਾ ਸੋਢੀ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਕੈਲੰਡਰ ਜਾਰੀ

ਚੰਡੀਗੜ੍ਹ, 18 ਜੁਲਾਈ, 2019:
ਪੰਜਾਬ ਸਰਕਾਰ ਵੱਲੋਂ ਇਸ ਸਾਲ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਯਾਦਗਾਰੀ ਬਣਾਉਣ ਅਤੇ ਸਿਹਤਮੰਦ ਪੰਜਾਬ ਸਿਰਜਣ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਇਥੇ ਖੇਡ ਕੈਲੰਡਰ ਜਾਰੀ ਕੀਤਾ ਗਿਆ।

ਰਾਣਾ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਉਲੀਕੇ ਖੇਡ ਪ੍ਰੋਗਰਾਮ ਵਿੱਚ ਹਰ ਖੇਡ ਦੀਆਂ ਜ਼ਿਲਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡਾਂ, ਸਾਈਕਲ ਰੈਲੀ ਅਤੇ ਕੌਮਾਂਤਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ 20 ਜੁਲਾਈ ਤੋਂ ਸਾਰੇ ਜ਼ਿਲਿ੍ਹਆਂ ਵਿੱਚ ਮੁੰਡਿਆਂ ਤੇ ਕੁੜੀਆਂ ਦੀਆਂ ਅੰਡਰ-14 ਜ਼ਿਲਾ ਖੇਡਾਂ ਤੋਂ ਹੋ ਜਾਵੇਗੀ ਜਿਹੜੀਆਂ 30 ਜੁਲਾਈ ਤੱਕ ਚੱਲਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਸਿਖਰ 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਸਾਈਕਲ ਰੈਲੀ ਅਤੇ ਇਸ ਤੋਂ ਬਾਅਦ ਸਰਕਲ ਸਟਾਈਲ ਕਬੱਡੀ ਦੇ ਕੌਮਾਂਤਰੀ ਕਬੱਡੀ ਕੱਪ ਨਾਲ ਹੋਵੇਗਾ।

ਖੇਡ ਮੰਤਰੀ ਨੇ ਖੇਡ ਕੈਲੰਡਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਤੋਂ 20 ਅਗਸਤ ਤੱਕ ਸਾਰਿਆਂ ਜ਼ਿਲਿ੍ਹਆਂ ਵਿੱਚ ਅੰਡਰ-18 ਜ਼ਿਲਾ ਖੇਡਾਂ, 11 ਤੋਂ 20 ਅਗਸਤ ਤੱਕ ਸਾਰਿਆਂ ਜ਼ਿਲਿ੍ਹਆਂ ਵਿੱਚ ਅੰਡਰ-25 ਜ਼ਿਲਾ ਖੇਡਾਂ, 21 ਤੋਂ 23 ਅਗਸਤ ਤੱਕ ਲੁਧਿਆਣਾ ਵਿਖੇ ਅੰਡਰ 14 ਪੰਜਾਬ ਰਾਜ ਖੇਡਾਂ (ਮੁੰਡੇ), 2 ਤੋਂ 4 ਸਤੰਬਰ ਤੱਕ ਰੂਪਨਗਰ ਵਿਖੇ ਅੰਡਰ-14 ਪੰਜਾਬ ਰਾਜ ਖੇਡਾਂ (ਕੁੜੀਆਂ), 11 ਤੋਂ 13 ਸਤੰਬਰ ਤੱਕ ਫਿਰੋਜ਼ਪੁਰ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਮੰਡੇ), 12 ਤੋਂ 16 ਅਕਤੂਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਮੁੰਡੇ), 19 ਤੋਂ 23 ਅਕਤੂਬਰ ਤੱਕ ਤਰਨਤਾਰਨ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਕੁੜੀਆਂ), 6 ਤੋਂ 8 ਨਵੰਬਰ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਕੁੜੀਆਂ), 21 ਤੋਂ 23 ਨਵੰਬਰ ਤੱਕ ਪਟਿਆਲਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਮੰਡੇ), 28 ਤੋਂ 30 ਨਵੰਬਰ ਤੱਕ ਮਾਨਸਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਕੁੜੀਆਂ) ਕਰਵਾਈਆਂ ਜਾਣਗੀਆਂ।

ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਸ੍ਰੀ ਜਲਿਆ ਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵਾਲੀਬਾਲ ਦਾ ਫੈਡਰੇਸ਼ਨ ਗੋਲਡ ਕੱਪ ਵੀ 27 ਸਤੰਬਰ ਤੋਂ 3 ਅਕਤੂਬਰ ਤੱਕ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ।

Share News / Article

Yes Punjab - TOP STORIES