ਚੰਡੀਗੜ੍ਹ, 13 ਜੂਨ, 2019:
ਸੂਬੇ ਭਰ ਵਿਚ ਗੈਰ ਵਰਤੋਂ ਵਾਲੇ/ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਤੁਰੰਤ ਬੰਦ ਕਰਨ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਕਦਮ ਚੁੱਕਣ ਲਈ ਪੱਤਰ ਜਾਰੀ ਕੀਤਾ ਗਿਆ ਤਾਂ ਜੋ ਵਿਭਿੰਨ ਖੇਤਰੀ ਵਿਭਾਗਾਂ ਦੀ ਸਹਾਇਤਾ ਨਾਲ ਸੂਬੇ ਵਿੱਚ ਸਾਰੇ ਖੁੱਲ੍ਹੇ ਪਏ ਬੋਰਵੈਲਾਂ ਨੂੰ ਭਰਿਆ ਜਾ ਸਕੇ। ਇਹ ਪ੍ਰਗਟਾਵਾ ਤੰਦਰੁਸਤ ਪੰਜਾਬ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਕੇ.ਐਸ.ਪੰਨੂੰ ਨੇ ਕੀਤਾ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਖੁੱਲ੍ਹੇ ਪਏ ਬੋਰਵੈੱਲ ਮਨੁੱਖੀ ਸੁਰੱਖਿਆ ਖਾਸ ਤੌਰ ‘ਤੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਨਾਲ ਭੂਮੀਗਤ ਪਾਣੀ ਨੂੰ ਗੰਦਾ ਕਰਨ ਕਰਕੇ ਚਿੰਤਾ ਦਾ ਮੁੱਖ ਵਿਸ਼ਾ ਹੈ।
ਇਹ ਸੁਨਿਸ਼ਚਿਤ ਕਰਨ ਲਈ ਕਿ ਸਾਰੇ ਬੋਰਵੈੱਲ ਸਹੀ ਢੰਗ ਨਾਲ ਬੰਦ ਕੀਤੇ ਗਏ ਹਨ, ਡਿਪਟੀ ਕਮਿਸ਼ਨਰਾਂ ਨੂੰ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਲਈ ਸੁਝਾਅ ਦਿੱਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਖੁੱਲ੍ਹੇ ਪਏ ਬੋਰਵੈਲਜ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹਨਾਂ ਦੇ ਖੇਤ ਵਿੱਚ ਕੋਈ ਬੋਰਵੈਲ ਖੁੱਲ੍ਹਾ ਨਹੀਂ ਹੈ।
ਇਸ ਸਬੰਧੀ ਪਿੰਡਾਂ ਵਿੱਚ ਘੋਸ਼ਣਾਵਾਂ ਕੀਤੀਆਂ ਜਾਣ। ਖੇਤੀਬਾੜੀ ਵਿਭਾਗ ਵਲੋਂ ਖੇਤਰੀ ਪੱਧਰ ‘ਤੇ ਮੀਟਿੰਗਾਂ ਕੀਤੀਆਂ ਜਾਣ ਤਾਂ ਜੋ ਅਜਿਹੇ ਬੋਰਵੇਲਜ਼ ਦੀ ਪਛਾਣ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਉਹਨਾਂ ਨੂੰ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਇਹ ਦੱਸਿਆ ਗਿਆ ਕਿ ਲਗਭਗ ਅਜਿਹੇ ਛੱਡੇ ਗਏ ਬੋਰਵੈੱਲਾਂ ਬਦਲੇ ਸਾਰੇ ਕਿਸਾਨਾਂ ਨੇ ਨਵੇਂ ਬੋਰਵੈੱਲਾਂ ਲਈ ਬਿਜਲੀ ਕੁਨੈਕਸ਼ਨ ਪ੍ਰਾਪਤ ਕੀਤਾ ਹੋਇਆ ਹੈ, ਇਸ ਲਈ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀ ਵਿਸੇਸ ਤੌਰ ‘ਤੇ ਜੂਨੀਅਰ ਇੰਜੀਨੀਅਰਜ਼ ਇਹ ਯਕੀਨੀ ਬਣਾਉਣ ਕਿ ਸਾਰੇ ਛੱਡੇ ਹੋਏ ਬੋਰਵੈੱਲ ਬੰਦ ਕਰ ਦਿੱਤੇ ਜਾਣ।
ਇਸ ਤੋਂ ਇਲਾਵਾ, ਗ੍ਰਾਮ ਪੰਚਾਇਤਾਂ ਦੇ ਸਾਰੇ ਮੈਂਬਰਾਂ ਤੋਂ ਤਸਦੀਕ ਕਰਵਾਉਣ ਤੋਂ ਬਾਅਦ ਗ੍ਰਾਮ ਪੰਚਾਇਤਾਂ ਮਤਾ ਪਾਸ ਕਰਨ ਤਾਂ ਜੋ ਪਿੰਡ ਦੇ ਰੈਵੇਨਿਊ ਅਸਟੇਟ (ਮੌਊਜਾ) ਵਿਚ ਕੋਈ ਬੋਰਵੈੱਲ ਖੁੱਲ੍ਹਾ ਨਾ ਰਹੇ। ਪਿੰਡ ਵਿੱਚ ਖੁੱਲ੍ਹੇ ਪਏ ਬੋਰਵੈਲਜ਼ ਬਾਰੇ ਤਸਦੀਕ ਕਰਨ ਲਈ ਪਿੰਡ ਦੇ ਪੰਚਾਇਤ ਸਕੱਤਰ ਵੀ ਪਿੰਡ ਦੇ ਸਾਰੇ ਨੰਬਰਦਾਰਾਂ ਨਾਲ ਸੰਪਰਕ ਕਰਨ।
ਇਸ ਤੋਂ ਇਲਾਵਾ ਉਪ ਡਵਿਜ਼ਨਲ ਮੈਜਿਸਟਰੇਟ ਅਤੇ ਸਬੰਧਤ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਮਿਲ ਕੇ ਆਪਣੇ ਖੇਤਰ ਦਾ ਦੌਰਾ ਕਰਨ ਅਤੇ ਇਸ ਮੁੱਦੇ ਦੀ ਗੰਭੀਰਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੇ ਬੋਰਵੈੱਲਾਂ ਨੂੰ ਢੱਕਣਾ ਯਕੀਨੀ ਬਣਾਉਣ।
ਨਗਰ ਨਿਗਮ ਸੰਸਥਾਵਾਂ ਦੇ ਕਾਰਜਕਾਰੀ ਅਧਿਕਾਰੀ/ਕਮਿਸ਼ਨਰ ਸਾਰੇ ਕਾਊਂਸਲਰਾਂ ਨਾਲ ਗੱਲਬਾਤ ਕਰਨ ਤਾਂ ਜੋ ਅੱਗੇ ਇਹ ਸਮੱਸਿਆ ਬਾਰੇ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ।
ਪੰਜਾਬ ਜਲ ਸਰੋਤ ਅਤੇ ਵਿਕਾਸ ਨਿਗਮ (ਟਿਊਬਵੇਲ ਕਾਰਪੋਰੇਸਨ) ਅਤੇ ਪੰਜਾਬ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜੋ ਭੂਮੀਗਤ ਪਾਣੀ ਦੀ ਸਪਲਾਈ ਅਤੇ ਸਿੰਜਾਈ ਦੀਆਂ ਸਕੀਮਾਂ ਚਲਾ ਰਹੇ ਹਨ, ਨੂੰ ਆਪਣੇ ਗੈਰ-ਵਰਤੋਂ ਵਾਲੇ ਬੋਰਵੈੱਲਜ਼ ਜੇ ਕੋਈ ਹੋਣ, ਨੂੰ ਇੱਕ ਮਹੀਨੇ ਦੀ ਮਿਆਦ ਵਿੱਚ ਬੰਦ ਕਰਨ।
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਹ ਪ੍ਰਸਤਾਵ ਦਿੱਤਾ ਗਿਆ ਹੈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਅਜਿਹੇ ਬੋਰਵੈੱਲ ਬੰਦ ਨਾ ਕਰਨ ਵਾਲੇ ਵਿਅਕਤੀ ਖਿਲਾਫ਼ ਅਪਰਾਧਕ ਕਾਰਵਾਈ ਕੀਤੀ ਜਾਵੇ। ਅਜਿਹੇ ਬੋਰਵੈੱਲਾਂ ਕਰਕੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ ‘ਤੇ ਅਜਿਹੇ ਵਿਅਕਤੀ ਦੇ ਖਿਲਾਫ਼ ਐਫ.ਆਈ.ਆਰ. ਦਰਜ ਕਰਕੇ ਭਾਰਤੀ ਦੰਡ ਨਿਯਮਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਜ਼ਮੀਨ ਦੇ ਮਾਲਕ ਨੂੰ ਜੁਰਮਾਨਾ ਵੀ ਲਗਾਇਆ ਜਾਵੇ।
ਪੱਤਰ ਅਨੁਸਾਰ, ਇਕ ਮਹੀਨੇ ਦੀ ਮਿਆਦ ਪਿੱਛੋਂ ਮਿਸ਼ਨ ਤੰਦਰੁਸਤ ਪੰਜਾਬ ਇਕ ਇਸ਼ਤਿਹਾਰ ਦੇਵੇਗਾ ਜਿਸ ਵਿੱਚ ਆਮ ਜਨਤਾ ਨੂੰ ਛੱਡੇ ਹੋਏ/ ਖੁੱਲ੍ਹੇ ਪਏ ਬੋਰਵੈੱਲਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਜਾਵੇਗਾ ਜੋ ਅਜੇ ਤੱਕ ਬੰਦ ਨਹੀਂ ਕੀਤੇ ਗਏ ਹਨ। ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਵੱਲੋਂ ਦਿੱਤੀ ਜਾਣਕਾਰੀ ਨੂੰ ਤਸਦੀਕ ਕਰਨ ਪਿੱਛੋਂ 5000 /-ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਸ ਸਬੰਧੀ ਰਿਪਰੋਟ ਮਿਸ਼ਨ ਡਾਇਰੈਕਟੋਰੇਟ ਦੁਆਰਾ ਇੱਕ ਮਹੀਨੇ ਵਿੱਚ ਮੰਗੀ ਗਈ ਹੈ।