ਖਾਣਾ ਬਣਾਉਣ ਲਈ ਵਰਤੇ ਗਏ ਤੇਲ ਨੂੰ ਇਕੱਠਾ ਕਰਕੇ ਬਾਇਓਡੀਜ਼ਲ ਵਿੱਚ ਤਬਦੀਲ ਕੀਤਾ ਜਾਵੇਗਾ: ਪੰਨੂੰ

ਚੰਡੀਗੜ, 1 ਨਵੰਬਰ, 2019 –
ਸੂਬੇ ਵਿੱਚ ਅਸੁਰੱਖਿਅਤ, ਯੂਸਡ ਕੁਕਿੰਗ ਆਇਲ(ਯੂ.ਸੀ.ਓ) ਦੀ ਦੁਰਵਰਤੋਂ ਨੂੰ ਰੋਕਣ ਦੇ ਮੱਦੇਨਜ਼ਰ ਅਜਿਹਾ ਤੇਲ ਰੈਸਟੋਰੈਂਟਾਂ, ਹੋਟਲਾਂ ਤੇ ਭੋਜਨ ਵਪਾਰ ਨਾਲ ਸਬੰਧਤ ਹੋਰ ਇਕਾਈਆਂ ਤੋਂ ਇਕੱਠਾ ਕਰਕੇ ਬਾਇਓਡੀਜ਼ਲ ਵਿੱਚ ਤਬਦੀਲ ਕੀਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਦਿੱਤੀ ।

ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਖਾਣਾ ਬਣਾਉਣ ਵਾਲੇ ਤੇਲ ਦੀ ਵਰਤੋਂ ਦੋ ਜਾਂ ਤਿੰਨ ਵਾਰ ਤੋਂ ਵੱਧ ਕੀਤੀ ਜਾਂਦੀ ਤਾਂ ਉਸ ਵਿੱਚ ਵੱਡੀ ਮਾਤਰਾ ਵਿੱਚ ਟ੍ਰਾਂਸ ਫੈਟ ਪੈਦਾ ਹੋ ਜਾਂਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ।

ਇਸ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ) ਦੇ ਨਿਰਦੇਸ਼ਾਂ ਮੁਤਾਬਕ ਆਰ.ਯੂ.ਸੀ.ਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਯੂਜ਼ਡ ਕੁਕਿੰਗ ਆਇਲ (ਯੂ.ਸੀ.ਓ) ਨੂੰ ਇਕੱਠਾ ਕਰਕੇ ਬਾਇਓ ਫਿਊਲ ਵਿੱਚ ਤਬਦੀਲ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

ਪੰਨੂੰ ਨੇ ਦੱਸਿਆ ਕਿ ਮੋਹਾਲੀ ਦੀ ਕੰਪਨੀ ਨਾਰਦਰਨ ਬਾਇਓਫਿਊਲਜ਼ ਪ੍ਰਾਈਵੇਟ ਲਿਮਟਡ ਨੂੰ ਇਸ ਸ਼ਰਤ ’ਤੇ ਯੂ.ਸੀ.ਓ ਇਕੱਠਾ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ ਕਿ ਇਕੱਤਰ ਕੀਤੇ ਯੂ.ਸੀ.ਓ ਨੂੰ ਕੇਵਲ ਬਾਇਓਫਿਊਲ ਬਣਾਉਣ ਲਈ ਹੀ ਵਰਤਿਆ ਜਾਵੇ। ਇਸ ਤੋਂ ਇਲਾਵਾ ਯੂ.ਸੀ.ਓ ਦੀ ਕੀਮਤ ਸਬੰਧਤ ਇਕਾਈਆਂ ਦੀ ਆਪਸੀ ਸਹਿਮਤੀ ਨਾਲ ਤਹਿ ਕੀਤੀ ਜਾਵੇਗੀ।

ਸ੍ਰੀ ਪੰਨੂੰ ਨੇ ਦੱਸਿਆ ਕਿ ਕੰਪਨੀ ਨੂੰ ਹਰੇਕ ਜ਼ਿਲੇ ਤੋਂ ਇਕੱਠੇ ਕੀਤੇ ਤੇਲ ਦੀ ਮਾਸਿਕ ਰਿਪੋਰਟ ਕਮਿਸ਼ਨਰੇਟ ਵਿੱਚ ਜਮਾਂ ਕਰਵਾਉਣ ਲਈ ਵੀ ਹਦਾਇਤ ਕੀਤੀ ਗਈ ਹੈ।

Share News / Article

Yes Punjab - TOP STORIES