ਕੰਢੀ ਖੇਤਰ ਦੇ ਕਿਸਾਨਾਂ ਨੂੰ ਕੰਡਿਆਲੀ ਤਾਰ ਲਗਾਉਣ ਲਈ ਮਿਲੇਗੀ 50 ਫੀਸਦੀ ਵਿਤੀ ਸਹਾਇਤਾ: ਸਾਧੂ ਸਿੰਘ ਧਰਮਸੋਤ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 18 ਜੁਲਾਈ:

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੰਢੀ ਖੇਤਰ ਨਾਲ ਸਬੰਧਤ ਕਿਸਾਨਾਂ ਨੂੰ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ ਲਈ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਜੰਗਲੀ ਜਾਨਵਰਾਂ ਤੋਂ ਆਪਣੇ ਖੇਤਾਂ/ਫਸਲਾਂ ਦੀ ਸੁਰੱਖਿਆ ਕਰ ਸਕਣ।

ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੂਬੇ ਦੇ ਕੰਡੀ ਖੇਤਰ ਵਿੱਚ ਇੱਕ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਬੰਧਤ ਖੇਤਰ ਦੇ ਕਿਸਾਨ ਆਪਣੇ ਖੇਤਾਂ ਵਿੱਚ ਕੰਡਿਆਲੀ ਤਾਰ ਲਗਾਉਣ ਲਈ 50 ਫੀਸਦੀ ਤੱਕ ਵਿਤੀ ਸਹਾਇਤਾ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਆਦਿ ਜ਼ਿਲਿ੍ਹਆਂ ਦੇ ਕੰਢੀ ਖੇਤਰ ਅਧੀਨ ਆਉਂਦੇ ਕਿਸਾਨ ਵਿੱਤੀ ਸਹਾਇਤਾ ਹਾਸਲ ਕਰ ਸਕਦੇ ਹਨ।

ਜੰਗਲਾਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਬੱਲੀਆਂ ਰਾਹੀਂ ਅਤੇ ਐਂਗਲ ਆਇਰਨ/ਸੀਮੈਂਟ ਫੈਂਨਸ ਪੋਸਟ ਰਾਹੀਂ ਦੋ ਤਰ੍ਹਾਂ ਤਾਰਬੰਦੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੱਲੀਆਂ ਰਾਹੀਂ ਤਾਰਬੰਦੀ ਕਰਨ ‘ਤੇ ਕਿਸਾਨਾਂ ਨੂੰ 125 ਰੁਪਏ ਪ੍ਰਤੀ ਰਨਿੰਗ ਮੀਟਰ ਅਤੇ ਐਂਗਲ ਆਇਰਨ/ਸੀਮੈਂਟ ਫੈਂਨਸ ਪੋਸਟ ਰਾਹੀਂ ਤਾਰਬੰਦੀ ਕਰਨ ‘ਤੇ 175 ਰੁਪਏ ਪ੍ਰਤੀ ਰਨਿੰਗ ਮੀਟਰ ਦੇ ਹਿਸਾਬ ਨਾਲ ਵਿਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਵੱਲੋਂ ਆਪਣੇ ਖਰਚੇ ‘ਤੇ ਅਗਾਊਂ ਤਾਰਬੰਦੀ ਕਰਨ ਉਪਰੰਤ ਵਿਤੀ ਸਹਾਇਤਾ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਡੀ.ਬੀ.ਟੀ./ਚੈੱਕ ਰਾਹੀਂ ਦੇਣ ਦੀ ਵਿਵਸਥਾ ਕੀਤੀ ਗਈ ਹੈ।

ਸ. ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਕੰਡੀ ਖੇਤਰ ‘ਚ ਕੁਦਰਤੀ ਜੰਗਲ ਵੱਡੀ ਤਾਦਾਦ ਵਿੱਚ ਹਨ ਅਤੇ ਇੱਥੇ ਕੁਦਰਤੀ ਤੌਰ ‘ਤੇ ਜੰਗਲੀ ਜਾਨਵਰਾਂ ਦੀ ਵੀ ਬਹੁਤਾਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜੰਗਲਾਂ ਵਿੱਚ ਹਿਰਨ, ਜੰਗਲੀ ਸੂਰ, ਨੀਲ ਗਾਂ ਅਤੇ ਬਾਂਦਰ ਆਦਿ ਹਨ। ਇਹ ਜਾਨਵਰ ਆਪਣੀ ਖੁਰਾਕ ਲਈ ਕਈ ਵਾਰ ਕਿਸਾਨਾਂ ਦੇ ਖੇਤਾਂ ‘ਚ ਫਸਲਾਂ ਦਾ ਨੁਕਸਾਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਨਾਲ ਕਿਸਾਨਾਂ ਅਤੇ ਜੰਗਲੀ ਜਾਨਵਰਾਂ ਵਿਚਕਾਰ ਤਣਾਓ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਣਾਓ ਨੂੰ ਘਟਾਉਣਾ ਹੀ ਇਸ ਯੋਜਨਾ ਦਾ ਮੁੱਖ ਉਦੇਸ਼ ਹੈ।

ਜੰਗਲਾਤ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਸਕੀਮ ਤਹਿਤ ਮਾਰਚ, 2019 ਤੱਕ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਆਦਿ ਜ਼ਿਲਿ੍ਹਆਂ ਵਿੱਚ ਲੱਗਭੱਗ 1280 ਲਾਭਪਾਤਰੀਆਂ ਨੂੰ 8.13 ਕਰੋੜ ਰੁਪਏ ਦੀ ਵਿਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •