ਕ੍ਰਿਸ਼ਨ ਕੁਮਾਰ ਬਾਵਾ ਨੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 24 ਜੁਲਾਈ, 2019:
ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਹਾਜ਼ਰੀ ਵਿੱਚ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ।

ਅੱਜ ਇਥੇ ਉਦਯੋਗ ਭਵਨ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਹੁਦਾ ਸੰਭਾਲਦਿਆਂ ਸ੍ਰੀ ਬਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ।

ਸ੍ਰੀ ਬਾਵਾ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਲਈ ਕਸਬਿਆਂ ਵਿੱਚ ਉਦਯੋਗਕ ਵਿਕਾਸ ਕਰਨ ਦੀ ਲੋੜ ਹੈ, ਇਸ ਸਬੰਧੀ ਮੁੱਖ ਮੰਤਰੀ ਜੀ ਤੇ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦੀ ਦਿਸ਼ਾ ਨਿਰਦੇਸ਼ਨਾ ਅਧੀਨ ਪਾਰਦਰਸ਼ੀ ਸਮਰੱਥ ਨੀਤੀ ਤਿਆਰ ਕੀਤੀ ਜਾਵੇਗੀ ਅਤੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਨਵੇਂ ਉੱਦਮੀਆਂ ਨੂੰ ਪੰਜਾਬ ‘ਚ ਉਦਯੋਗ ਲਾਉਣ ਲਈ ਪ੍ਰੇਰਿਆ ਜਾਵੇਗਾ।

ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਤੇ ਮਾਲਵਾ ਸਭਿਆਚਾਰ ਮੰਚ ਦੇ ਮੌਜੂਦਾ ਚੇਅਰਮੈਨ ਅਤੇ ਹਾਊਸਫੈਡ ਪੰਜਾਬ ਦੇ ਦੋ ਵਾਰ ਰਹਿ ਚੁੱਕੇ ਸ੍ਰੀ ਬਾਵਾ ਨੇ ਸ. ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਨਾਲ ਸਿਆਸਤ, ਸਮਾਜ ਸੇਵਾ, ਪੇਂਡੂ ਵਿਕਾਸ ਤੇ ਸਭਿਆਚਾਰ ਦੇ ਖੇਤਰ ਵਿੱਚ ਸਰਗਰਮੀ ਸ਼ੁਰੂ ਕੀਤੀ।

ਪਿੰਡ ਰਕਬਾ (ਲੁਧਿਆਣਾ) ਜੰਮਪਲ ਸ੍ਰੀ ਬਾਵਾ ਨੇ 26 ਸਾਲ ਪਹਿਲਾਂ ਧੀਆਂ ਦਾ ਲੋਹੜੀ ਬਣਾਉਣੀ ਸ਼ੁਰੂ ਕੀਤੀ ਅਤੇ ਹਰ ਸਾਲ ਉਹ ਲੋਹੜੀ ਮੇਲਾ ਲਗਾ ਕੇ ਭਰੂਣ ਹੱਤਿਆ ਦੇ ਖਿਲਾਫ਼ ਲੋਕ ਆਵਾਜ਼ ਬੁਲੰਦ ਕਰਦੇ ਹਨ।

ਸ੍ਰੀ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਤੇ ਇਤਿਹਾਸਕ ਯੋਗਦਾਨ ਬਾਰੇ ਦੇਸ਼ ਵਿਦੇਸ਼ ਵਿੱਚ ਲੋਕਾਂ ਨੂੰ ਲਗਾਤਾਰ ਸੁਚੇਤ ਕੀਤਾ ਅਤੇ ਰਕਬਾ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਬਾਣੀਕਾਰਾਂ ਦੇ ਚਿੱਤਰ ਆਰ.ਐਮ. ਸਿੰਘ ਤੋਂ ਤਿਆਰ ਕਰਵਾ ਕੇ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਰੂਪ ਵਿੱਚ ਕੌਮ ਨੂੰ ਸਮਰਪਿਤ ਕੀਤਾ ਹੈ।

ਸ੍ਰੀ ਬਾਵਾ ਦੇ ਅਹੁਦਾ ਸੰਭਾਲਣ ਮੌਕੇ ਸ੍ਰੀ ਅਮਰੀਕ ਸਿੰਘ ਢਿੱਲੋਂ, ਸ੍ਰੀ ਰਾਕੇਸ਼ ਪਾਂਡੇ, ਸ੍ਰੀ ਗੁਰਕੀਰਤ ਸਿੰਘ ਕੋਟਲੀ, ਸ੍ਰੀ ਕੁਲਦੀਪ ਸਿੰਘ ਵੈਦ, ਸ੍ਰੀ ਸੁਖਪਾਲ ਸਿੰਘ ਭੁੱਲਰ, ਸ੍ਰੀ ਸੁਨੀਲ ਦੱਤੀ ਤੇ ਸ੍ਰੀ ਗੁਰਪ੍ਰੀਤ ਸਿੰਘ ਜੀਪੀ ਅਤੇ ਸਾਬਕਾ ਮੰਤਰੀ ਸ੍ਰੀ ਤੇਜ ਪ੍ਰਕਾਸ਼ ਸਿੰਘ ਤੇ ਸ੍ਰੀ ਮਲਕੀਤ ਸਿੰਘ ਦਾਖਾਹਾਜ਼ਰ ਸਨ।

Share News / Article

Yes Punjab - TOP STORIES