ਕ੍ਰਿਸ਼ਨ ਕੁਮਾਰ ਵੱਲੋਂ 100 ਫ਼ੀਸਦੀ ਨਤੀਜੇ ਦੇਣ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਲੇ ਫਾਜ਼ਿਲਕਾ ਦੇ 1800 ਅਧਿਆਪਕ ਸਨਮਾਨਿਤ

ਫ਼ਾਜ਼ਿਲਕਾ, 19 ਸਤੰਬਰ, 2019 –
ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ ਸੌ ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 1800 ਕਰਮਚਾਰੀਆਂ ਤੇ ਅਧਿਕਾਰੀਆਂ, ਜਿਨ੍ਹਾਂ ਵਿੱਚ ਸਕੂਲ ਮੁਖੀ, ਲੈਕਚਰਾਰ ਅਤੇ ਅਧਿਆਪਕ ਸ਼ਾਮਲ ਸਨ, ਨੂੰ ਸਨਮਾਨਿਤ ਕੀਤਾ ਗਿਆ।

ਸਥਾਨਕ ਰਿਜ਼ੌਰਟ ਵਿਖੇ ਹੋਏ ਭਰਵੇਂ ਸਮਾਗਮ ਦੌਰਾਨ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸੌ ਫ਼ੀਸਦੀ ਨਤੀਜਾ ਦੇਣ ਵਾਲੇ 1219 ਸਕੂਲ ਮੁਖੀਆਂ/ਅਧਿਆਪਕਾਂ, ਸਮਾਰਟ ਸਕੂਲ ਬਣਾਉਣ ਵਾਲੇ ਪ੍ਰਾਇਮਰੀ ਪੱਧਰ ਦੇ 180 ਅਤੇ ਮਿਡਲ ਤੇ ਸੈਕੰਡਰੀ ਪੱਧਰ ਦੇ 301 ਸਕੂਲ ਮੁਖੀਆਂ/ਅਧਿਆਪਕਾਂ ਅਤੇ ਪੜ੍ਹੋ੍ਹ ਪੰਜਾਬ ਪ੍ਰਾਜੈਕਟ, ਸਿੱਖਿਆ ਸੁਧਾਰ ਤੇ ਸਮਾਰਟ ਸਕੂਲ ਪਲਾਨਿੰਗ ਤੇ ਰਿਸੋਰਸ ਪਰਸਨਜ਼ ਦੀ ਕਰੀਬ 100 ਮੈਂਬਰੀ ਟੀਮ ਦਾ ਉਚੇਚਾ ਸਨਮਾਨ ਕੀਤਾ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਵਧੀਆ ਨਤੀਜੇ ਲਿਆਉਣ ਵਾਲੇ ਅਤੇ ਸਵੈ ਨਿਰਮਿਤ ਸਮਾਰਟ ਸਕੂਲ ਬਣਾਉਣ ਵਾਲੇ ਸਕੂਲ ਮੁਖੀਆਂ/ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੱਧ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਕੇ ਨਤੀਜਿਆਂ ਨੂੰ ਮਿਆਰੀ ਬਣਾ ਕੇ ਰੱਖਣਾ ਹੋਵੇਗਾ। ਉਨ੍ਹਾਂ ਖਾਸ ਤੌਰ ’ਤੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ, ਸਕੂਲ ਮੁਖੀ ਅਤੇ ਅਧਿਕਾਰੀ ਸਕੂਲੀ ਸਿੱਖਿਆ ਨੂੰ ਮਿਆਰੀ ਅਤੇ ਗੁਣਾਤਮਕ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਜਿਸ ਕਾਰਨ ਪਿਛਲੇ ਸਾਲ ਸਕੂਲਾਂ ਦੇ ਨਤੀਜੇ ਬਹੁਤ ਵਧੀਆ ਆਏ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਵਿਸ਼ੇਸ਼ ਤੌਰ ’ਤੇ ਈ-ਕੰਟੈਂਟ ਤਿਆਰ ਕਰਕੇ ਦਿੱਤਾ ਗਿਆ ਹੈ। ਅਧਿਆਪਕ ਸਮਾਰਟ ਕਲਾਸ ਰੂਮਾਂ ਵਿੱਚ ਈ-ਕੰਟੈਂਟ ਵਰਤ ਕੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵਿੱਚ ਸੁਧਾਰ ਲਿਆਉਣ ਲਈ ਨਿਰੰਤਰ ਉਪਰਾਲੇ ਕਰ ਸਕਦੇ ਹਨ। ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਸਮਾਗਮ ਵਿੱਚ ਪਹੁੰਚੇ ਅਧਿਆਪਕਾਂ ਨੂੰ ਈ-ਕੰਟੈਂਟ ਦੀ ਵਰਤੋਂ ਲਈ ਵਰਤੇ ਜਾਣ ਵਾਲੇ ਹਾਰਡਵੇਅਰ ਸਬੰਧੀ ਵਿਭਾਗ ਦੇ ਐਜੂਸੈੱਟ ਕੰਪੋਨੈਂਟ ਵੱਲੋਂ ਵਿਸਤਾਰ ਸਹਿਤ ਜਾਣਕਾਰੀ ਬਲਵਿੰਦਰ ਸਿੰਘ ਏਐੱਸਪੀਡੀ ਮੀਡੀਆ ਅਤੇ ਟੀਮ ਨੇ ਦਿੱਤੀ।

ਇਸ ਮੌਕੇ ਸਹਾਇਕ ਡਾਇਰੈਕਟਰ ਟ੍ਰੇਨਿੰਗ ਸ. ਜਰਨੈਲ ਸਿੰਘ, ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿ) ਸ੍ਰੀ ਪਵਨ ਕੁਮਾਰ, ਜ਼ਿਲ੍ਹਾ ਸਿਖਿਆ ਅਫ਼ਸਰ (ਐ.ਸਿ) ਪ੍ਰਦੀਪ ਕੁਮਾਰ, ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿ) ਸ੍ਰੀ ਬਿ੍ਰਜ ਮੋਹਨ ਬੇਦੀ, ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ (ਐ.ਸਿ) ਸ੍ਰੀ ਪਰਦੀਪ ਖਨਗਵਾਲ, ਸਪੋਕਸਪਰਸਨ ਸਿੱਖਿਆ ਵਿਭਾਗ ਸ੍ਰੀ ਰਾਜਿੰਦਰ ਸਿੰਘ ਚਾਨੀ ਤੇ ਸ੍ਰੀ ਮੇਜਰ ਸਿੰਘ, ਜ਼ਿਲ੍ਹਾ ਸੁਧਾਰ ਟੀਮ ਸ੍ਰੀ ਵਿਪਿਨ ਕਟਾਰੀਆ, ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਸ. ਪੰਮੀ ਸਿੰਘ, ਬੱਡੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਸ੍ਰੀ ਵਿਜੈ ਪਾਲ, ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਰਜਿੰਦਰ ਪਾਲ ਸਿੰਘ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੋਪਾਲ ਕਿ੍ਰਸ਼ਨ ਤੋਂ ਇਲਾਵਾ ਸਕੂਲ ਮੁਖੀ ਅਤੇ ਅਧਿਆਪਕ ਮੌਜੂਦ ਰਹੇ।

ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਸ੍ਰੀ ਿਸ਼ਨ ਕੁਮਾਰ ਨੇ ਫ਼ਾਜ਼ਿਲਕਾ ਦੇ ਵਧੀਆ ਦਿੱਖ ਤੇ ਕਾਰਗੁਜ਼ਾਰੀ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ, ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਚਾਨਣਵਾਲਾ ਤੇ ਦੋਨਾ ਨਾਨਕਾ ਅਤੇ ਸਰਕਾਰੀ ਹਾਈ ਸਕੂਲ ਕਾਵਾਂ ਵਾਲੀ ਦਾ ਦੌਰਾ ਕੀਤਾ। ਉਨ੍ਹਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਬਣਾਏ ਗਏ ਸ਼ਾਨਦਾਰ ਸਕੂਲਾਂ ਨੂੰ ਸਰਾਹਿਆ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਦਾ ਸੁਝਾਅ ਦਿੱਤਾ ਤੇ ਵੱਖ-ਵੱਖ ਸਿੱਖਿਆ ਸਕੀਮਾਂ ਦੀ ਜਾਣਕਾਰੀ ਦਿੱਤੀ।

Share News / Article

Yes Punjab - TOP STORIES