ਕੋਵਿਡ ਖ਼ਿਲਾਫ਼ ਲੜ ਰਹੇ ਫ਼ਰੰਟ ਲਾਈਨ ਯੋਧਿਆਂ ਨਾਲ ਦੁਰਵਿਉਹਾਰ ਕਰਨ ਵਾਲੇ 4 ਵਿਅਕਤੀਆਂ ਵਿਰੁੱਧ ਕੇਸ ਦਰਜ

ਪਟਿਆਲਾ, 11 ਜੁਲਾਈ, 2020 –
ਪਟਿਆਲਾ ਪੁਲਿਸ ਨੇ ਅੱਜ ਦੇਰ ਸ਼ਾਮ ਸਿਹਤ ਵਿਭਾਗ ਦੇ ਅਮਲੇ ਤੇ ਫਰੰਟ ਲਾਇਨ ਯੋਧਿਆਂ ਨਾਲ ਦੁਰਵਿਵਹਾਰ ਕਰਨ ਵਾਲੇ ਚਾਰ ਜਣਿਆਂ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦਿੰਦਿਆਂ ਚਿਤਾਵਨੀ ਦਿੱਤੀ ਕਿ ਡਾਕਟਰਾਂ ਸਮੇਤ ਮਨੁੱਖਤਾ ਦੀ ਦਿਨ ਰਾਤ ਸੇਵਾ ਕਰਨ ਵਾਲੇ ਕੋਰੋਨਾ ਯੋਧਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਮਾੜਾ ਵਰਤਾਓ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ।

ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਸਿਵਲ ਲਾਇਨ ਥਾਣੇ ਦੇ ਇਲਾਕੇ ਧੀਰੂ ਕ ਮਾਜਰੀ ਵਿੱਚ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਕੋਵਿਡ-19 ਕੇਸਾਂ ਦੇ ਕਰਕੇ ਬਣਾਏ ਗਏ ਮਾਈਕਰੋ ਕੰਟੇਨਮੈਂਟ ਜੋਨ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਿਹਤ ਅਮਲੇ ਨਾਲ ਦੁਰਵਿਵਹਾਰ ਕਰਨ ਅਤੇ ਮਾਈਕਰੋ ਕੰਟੇਨਮੈਂਟ ਜੋਨ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਧਾਰਾ 188, 186, 506 ਆਈ.ਪੀ.ਸੀ. ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਕੇਸ ਦਰਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਰਾਣੀ, ਪੂਜਾ, ਮੋਨੂ ਅਤੇ ਕਰਨ ਕੁਮਾਰ ਸ਼ਾਮਲ ਹਨ।

ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਨੇਮਾਂ ਦੀ ਪਾਲਣਾ ਕਰਨ ਅਤੇ ਕਰਵਾਉਣ ਲਈ ਤਤਪਰ ਹੈ ਤਾਂ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਮਿਸ਼ਨ ਫ਼ਤਿਹ ਤਹਿਤ ਹੀ ਸਮੂਹ ਮੈਡੀਕਲ ਸਟਾਫ਼ ਅਤੇ ਹੋਰ ਅਮਲਾ ਕੋਵਿਡ-19 ਮਹਾਂਮਾਰੀ ਨੂੰ ਰੋਕਣ ਤੇ ਮਨੁੱਖਤਾ ਦੇ ਭਲੇ ਲਈ ਆਪਣੀ ਡਿਊਟੀ ਦਿਨ ਰਾਤ ਨਿਭਾ ਰਿਹਾ ਹੈ ਪਰੰਤੂ ਉਨ੍ਹਾਂ ਦੀ ਡਿਊਟੀ ‘ਚ ਵਿਘਨ ਪਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਵੀ ਸਿਹਤ ਵਿਭਾਗ ਦੇ ਅਮਲੇ ਨਾਲ ਮਾੜਾ ਵਰਤਾਉ ਕੀਤਾ ਅਤੇ ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਇਆ ਸੀ।

ਐਸ.ਐਸ.ਪੀ. ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਡਾਕਟਰ ਸਾਡੇ ਫਰੰਟ ਲਾਇਨ ਯੋਧੇ ਹਨ, ਜਿਹੜੇ ਕਿ ਮਨੁੱਖਤਾ ਨੂੰ ਬਚਾਉਣ ਲਈ ਦਿਨ-ਰਾਤ ਬਹੁਤ ਹੀ ਸਖ਼ਤ ਡਿਊਟੀ ਬਹੁਤ ਤਨਦੇਹੀ ਨਾਲ ਨਿਭਾ ਰਹੇ ਹਨ। ਸ. ਸਿੱਧੂ ਨੇ ਕਿਹਾ ਕਿ ਪਟਿਆਲਾ ਪੁਲਿਸ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਬਾਕੀ ਅਮਲੇ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਨ੍ਹਾਂ ਨਾਲ ਕਿਸੇ ਵੀ ਵੱਲੋਂ ਕਿਸੇ ਤਰ੍ਹਾਂ ਦੀ ਬਦਸਲੂਕੀ ਜਾਂ ਇਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

Share News / Article

Yes Punjab - TOP STORIES