ਕੋਰੋਨਾ ਦੇ ਸਮਿਆਂ ’ਚ ਸਮਾਜ ਸੇਵਾ ਕਰਨ ਵਾਲੇ ਯੋਧਿਆਂ ਦਾ ਵੀ ਸਰਕਾਰੀ ਤਰਜ਼ ’ਤੇ ਹੋਵੇ ਸਨਮਾਨ: ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 23 ਅਪ੍ਰੈਲ, 2020 –

ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਸੰਯੋਜਕ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸਹਿ ਸੰਯੋਜਕ ਜਸਵਿੰਦਰ ਸਿੰਘ ਐਡਵੋਕੇਟ ਚੇਅਰਮੈਨ ਅਕਾਲ ਪੁਰਖ ਕੀ ਫੌਜ ਨੇ ਕਿਹਾ ਕਿ ਕਰੋਨਾ ਵਿਸ਼ਵ ਮਹਾਂਮਾਰੀ ਮੌਕੇ ਜਿੱਥੇ ਡਾਕਟਰਜ਼, ਸਿਹਤ ਕਰਮਚਾਰੀ, ਸਫ਼ਾਈ ਕਰਮਚਾਰੀ ਅਤੇ ਪੁਲਿਸ ਕਰਮਚਾਰੀ ਵੱਡੀ ਜ਼ਿੰਮੇਵਾਰੀ ਨਿਭਾਅ ਰਹੇ ਹਨ, ਉੱਥੇ ਸੇਵਾ-ਸੰਸਥਾਵਾਂ ਤੇ ਸਮਾਜ ਸੇਵਕ ਵੀ ਪੂਰੇ ਸਿਦਕ ਤੇ ਸਿਰੜ ਨਾਲ ਯੋਗਦਾਨ ਪਾ ਰਹੇ ਹਨ।

ਸਿੱਖ ਜਥੇਬੰਦੀਆਂ ਨੇ ਕੌਮਾਂਤਰੀ ਪੱਧਰ’ਤੇ ਆਈ ਹਰ ਬਿਮਾਰੀ, ਮਹਾਂਮਾਰੀ ਅਤੇ ਆਰਥਿਕ ਮੰਦਹਾਲੀ ਦੌਰਾਨ ਲੰਗਰ ਸੇਵਾ, ਦਵਾਈਆਂ ਸੇਵਾ ਅਤੇ ਵਿੱਤੀ ਸੇਵਾ ਨਿਭਾ ਕੇ ਇਤਿਹਾਸ ਸਿਰਜਿਆ ਹੈ। ਸਿੱਖ ਨੌਜਵਾਨਾਂ ਨੇ ਦੇਸ਼-ਵਿਦੇਸ਼ਾਂ ਅੰਦਰ ਆਪਣੇ ਅਮੀਰ ਵਿਰਸੇ ਦੇ ਵਾਰਸ ਬਣ ਸੇਵਾ ਦੀ ਕਲਗ਼ੀ ਨੂੰ ਸੰਭਾਲਿਆ ਹੈ। ਗੁਰੂ ਸਾਹਿਬਾਨ ਵਲੋਂ ਬਖਸ਼ੀ ਵਿਰਾਸਤ ਦੀ ਬਦੌਲਤ ਕਰੜੀ ਘਾਲਣਾ ਇਕ ਵੱਡੇ ਅਹਿਦ ਦਾ ਸੁਨੇਹਾ ਹੈ ਕਿ ਸਿੱਖ ਕੌਮ ਤਨ ਮਨ ਧਨ ਕਰਕੇ ਮਨੁੱਖਤਾ ਦੀ ਸੇਵਾ ਲਈ ਤਤਪਰ ਰਹੇਗੀ।

ਪਿਛਲੇ ਦਿਨੀਂ ਮਹਾਂਰਾਸ਼ਟਰ ਵਿਚ ਲੰਗਰ ਸੇਵਾ ਯਾਤਰਾ ਦੌਰਾਨ ਸੜਕੀ ਦੁਰਘਟਨਾ ਦਾ ਸ਼ਿਕਾਰ ਹੋਏ ਸਿੱਖ ਨੌਜਵਾਨ ਪੂਰੇ ਹੌਂਸਲੇ ਨਾਲ ਸੇਵਾ ਨੂੰ ਸਮਰਪਿਤ ਹਨ।

ਇਸੇ ਦਰਮਿਆਨ ਸਮਾਜ ਸੇਵਕਾਂ ਦੀਆਂ ਮੌਤ ਦੀਆਂ ਦੁੱਖਦਾਈ ਖ਼ਬਰਾਂ ਵੀ ਆ ਰਹੀਆਂ ਹਨ। ਖ਼ਾਲਸਾ ਏਡ ਮਿਸ਼ਨ ਤਹਿਤ ਪੀਪੀਈ ਕਿੱਟਾਂ ਪਹੁੰਚਾਉਣ ਦੀ ਸੇਵਾ ਦੌਰਾਨ ਫਰੀਦਕੋਟ ਨੇੜੇ ਸੜਕ ਦੁਰਘਟਨਾ ਵਿਚ ਭਾਈ ਇੰਦਰਜੀਤ ਸਿੰਘ ਨੌਜਵਾਨ ਸ਼ਹੀਦ ਹੋ ਗਏ ਹਨ। ਇਸੇ ਤਰ੍ਹਾਂ ਭਾਈ ਜੱਜ ਸਿੰਘ ਨੌਜਵਾਨ ਕਰੋਨਾ ਸਬੰਧੀ ਠੀਕਰੀ ਪਹਿਰੇ ਦੀ ਸੇਵਾ ਕਰਦਿਆਂ ਮਖੂ ਨੇੜੇ ਪਿੰਡ ਕਿਲੀ ਬੋਦਲਾਂ ਵਿਖੇ ਨਸ਼ਾ ਤਸਕਰਾਂ ਦੀ ਗੋਲੀ ਨਾਲ ਸ਼ਹੀਦ ਹੋਏ ਹਨ।

ਪੰਜਾਬ ਸਰਕਾਰ ਵਲੋਂ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਮਨੋਬਲ ਦਾ ਧਿਆਨ ਰੱਖਦਿਆਂ ਐਲਾਨ ਕੀਤਾ ਹੈ ਕਿ ਕਰੋਨਾ ਕਾਰਨ ਮੌਤ ਹੋਣ’ ਤੇ ਪੰਜਾਹ ਲੱਖ ਨਗਦ ਰਾਸ਼ੀ ਸਹਾਇਤਾ ਦਿੱਤੀ ਜਾਵੇਗੀ। ਸਸਕਾਰ ਮੌਕੇ ਸਲਾਮੀਆਂ ਦੇ ਕੇ ਸਤਿਕਾਰ ਵੀ ਦਿੱਤਾ ਜਾ ਰਿਹਾ ਹੈ। ਇਸ ਪਿਰਤ ਦਾ ਦਾਇਰਾ ਹੋਰ ਵੱਡਾ ਕੀਤਾ ਜਾਣਾ ਬਣਦਾ ਹੈ।

ਜਿਸ ਵਿਚ ਉਹਨਾਂ ਸਮਾਜ ਸੇਵਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜੋ ਇਸ ਸੰਕਟ ਦੀ ਘੜੀ ਵਿਚ ਹਰ ਜੋਖ਼ਮ ਨੂੰ ਝੱਲਦੇ ਹੋਏ ਮੂਹਰਲੀਆਂ ਕਤਾਰਾਂ ਵਿਚ ਸੇਵਾ ਦੇ ਰਹੇ ਹਨ ਅਤੇ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਇਹ ਸ਼ਹੀਦ ਹੋਏ ਨੌਜਵਾਨ ਵੀ ਇਸ ਸਮਾਜ ਦੇ ਯੋਧੇ ਹਨ। ਇਹਨਾਂ ਦਾ ਸਨਮਾਨ ਵੀ ਸਰਕਾਰੀ ਤਰਜ਼’ਤੇ ਹੋਣਾ ਚਾਹੀਦਾ ਹੈ, ਜਿਸ ਨਾਲ ਸਮਾਜ-ਸੇਵਾ ਨੂੰ ਭਾਰੀ ਉਤਸ਼ਾਹ ਦੇਣ ਦਾ ਇਤਿਹਾਸ ਸਿਰਜਿਆ ਜਾਵੇਗਾ ਅਤੇ ਪਰਿਵਾਰਾਂ ਨੂੰ ਵੱਡਾ ਹੌਂਸਲਾ ਵੀ ਮਿਲੇਗਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES