ਕੋਰੋਨਾ ਦੇ ਖਿਲਾਫ਼ ਲੜ ਰਹੇ ਮੋਹਰੀ ਯੋਧਿਆਂ ਲਈ ਵਿੱਘੀ ਪੈਕੇਜ ਦਾ ਐਲਾਨ ਕਰੇ ਕੈਪਟਨ ਸਰਕਾਰ: ਹਰਪਾਲ ਚੀਮਾ

ਚੰਡੀਗੜ੍ਹ, 2 ਅਪ੍ਰੈਲ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜ ਰਹੇ ਫ਼ਰੰਟ-ਲਾਈਨ ਦੇ ਯੋਧਿਆਂ ਨੂੰ ਬਿਨਾ ਦੇਰੀ ਕੀਤੇ ਤੁਰੰਤ ਵਿੱਤੀ ਪੈਕੇਜ ਦਾ ਐਲਾਨ ਕਰੇ, ਕਿਉਂਕਿ ਜਿੱਥੇ ਮੌਜੂਦਾ ਸੰਕਟ ਵਿਚ ਹਰ ਇੱਕ ਨਾਗਰਿਕ ਆਪਣੀ ਜਾਨ ਬਚਾਉਣ ਲਈ ਹਿਦਾਇਤਾਂ ਅਨੁਸਾਰ ਆਪਣੇ ਘਰਾਂ ਵਿਚ ਬੈਠੇ ਹਨ, ਉੱਥੇ ਫ਼ਰੰਟ ਲਾਇਨ ਦੇ ਯੋਧੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਹੀ ਲੋਕਾਂ ਨੂੰ ਕੋਰੋਨਾ-ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਸਿੱਧੀ ਲੜਾਈ ਲੜ ਰਹੇ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ, ਸਿਹਤ ਸੇਵਾ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ, ਸੈਨੀਟੇਸ਼ਨ ਵਰਕਰਾਂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਮੁਲਾਜ਼ਮ ਜੋ ਇਸ ਸੰਕਟ ਦੀ ਘੜੀ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ, ਇਨ੍ਹਾਂ ਯੋਧਿਆਂ ਦੀ ਸੇਵਾ ਬਹੁਤ ਹੀ ਕਾਬਲੇ-ਤਾਰੀਫ਼ ਹੈ।

ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਨਾ ਵਜਾ ਦੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਦਿਆਂ ਇਨ੍ਹਾਂ ਫ਼ਰੰਟ-ਲਾਇਨ ਦੇ ਯੋਧਿਆਂ ਨੂੰ ਵਿਸ਼ੇਸ਼ ਵਿੱਤੀ ਰਾਹਤ ਪੈਕੇਜਾਂ ਦਾ ਐਲਾਨ ਕਰੇ ਤਾਂਕਿ ਇਨ੍ਹਾਂ ਦੇ ਹੌਂਸਲਿਆਂ ਨੂੰ ਹੋਰ ਬੁਲੰਦ ਕੀਤਾ ਜਾ ਸਕੇ।

ਹਰਪਾਲ ਸਿੰਘ ਚੀਮਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੀ ਇੱਕ ਉਦਾਹਰਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਕੌਵਿਡ-19 ਦੀ ਮਹਾਂਮਾਰੀ ਨਾਲ ਫ਼ਰੰਟ ਲਾਇਨ ‘ਤੇ ਲੜਾਈ ਦੌਰਾਨ ਕੋਈ ਵੀ ਕਾਮਾ (ਸਿਹਤ ਸੰਭਾਲ ਅਤੇ ਦੂਸਰੇ ਕਰਮਚਾਰੀ) ਸ਼ਹੀਦ ਹੁੰਦਾ ਹੈ ਤਾਂ ਉਸ ਦੇ ਪਰਿਵਾਰਿਕ ਮੈਂਬਰ ਨੂੰ 1 ਕਰੋੜ ਰੁਪਏ ਦੀ ਤੁਰੰਤ ਅਦਾਇਗੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਕੇਜਰੀਵਾਲ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਸਮੇਤ ਹਰ ਇੱਕ ਜ਼ਰੂਰਤਮੰਦਾਂ ਨੂੰ ਇਸ ਸੰਕਟ ਦੀ ਘੜੀ ਵਿਚ ਰਾਹਤ ਪਹੁੰਚਾਉਣ ਲਈ ਵੱਖ-ਵੱਖ ਵਿਸ਼ੇਸ਼ ਵਿੱਤੀ ਪੈਕੇਜਾਂ ਦਾ ਐਲਾਨ ਕੀਤਾ ਹੈ ਤਾਂ ਕਿ ਦਿੱਲੀ ਦੇ ਕਿਸੇ ਵੀ ਵਸਨੀਕ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ।

ਚੀਮਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਦਿੱਲੀ ਦੀ ਜਨਤਾ ਨੂੰ ਰਾਹਤ ਦੇਣ ਲਈ ਵੱਖ-ਵੱਖ ਵਿੱਤੀ ਪੈਕੇਜਾਂ ਦਾ ਐਲਾਨ ਕਰ ਸਕਦੀ ਹੈ ਤਾਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨੂੰ ਰਾਹਤ ਦੇਣ ਲਈ ਵੱਖ-ਵੱਖ ਪੈਕੇਜਾਂ ਦਾ ਐਲਾਨ ਕਿਉਂ ਨਹੀਂ ਕਰ ਸਕਦੀ? ਕੈਪਟਨ ਸਰਕਾਰ ਕੋਰੋਨਾ-ਵਾਇਰਸ ਦੇ ਖ਼ਿਲਾਫ਼ ਫ਼ਰੰਟ-ਲਾਇਨ ‘ਤੇ ਲੜਾਈ ਲੜ ਰਹੇ ਯੋਧੇ ਜੇਕਰ ਪੀੜਤਾਂ ਦੀ ਸਿਹਤ ਸੰਭਾਲ ਦੇ ਦੌਰਾਨ ਸ਼ਹੀਦ ਹੁੰਦੇ ਹਨ ਤਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ 1-1 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕਿਉਂ ਨਹੀਂ ਕਰ ਸਕਦੀ?

ਵਿਰੋਧੀ ਧਿਰ ਦੇ ਨੇਤਾ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ਤੋਂ ਜਾਨਲੇਵਾ ਕੋਰੋਨਾ-ਵਾਇਰਸ ਦੇ ਖ਼ਿਲਾਫ਼ ਲੜਾਈ ਲੜ ਰਹੇ ਲੋਕਾਂ ਲਈ ਇੱਕ ਵਿਸ਼ੇਸ਼ ਵਿੱਤੀ ਪੈਕੇਜ ਦੇ ਐਲਾਨ ਕਰਨ ਤੋਂ ਇਲਾਵਾ ਉਨ੍ਹਾਂ ਬਹਾਦਰ ਲੜਕੀਆਂ ਲਈ ਵੀ ਵਿਸ਼ੇਸ਼ ਵਾਧਾ, ਤਰੱਕੀਆਂ, ਸਮੂਹ ਠੇਕੇਦਾਰੀ, ਆਉਟਸੋਰਸ ਅਤੇ ਹੋਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵਿਸ਼ੇਸ਼ ਬੀਮਾ ਕਵਰ ਦੀ ਵੀ ਮੰਗ ਕੀਤੀ।

ਹਰਪਾਲ ਸਿੰਘ ਨੇ ਚੀਮਾ ਨੇ ਦੁਹਰਾਇਆ ਕਿ ਫ਼ੀਲਡ ਸਟਾਫ਼ ਦੀ ਸੁਰੱਖਿਆ ਸੂਬਾ ਸਰਕਾਰ ਦਾ ਪਹਿਲਾ ਅਤੇ ਸਭ ਤੋਂ ਵੱਡਾ ਫ਼ਰਜ਼ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ 1 ਕਰੋੜ ਰੁਪਏ ਦੀ ‘ਜੋਖ਼ਮ ਕਵਰ’ ਰਾਸ਼ੀ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ਦੇ ਸਟਾਫ਼ ਨੂੰ ਕੋਰੋਨਾ-ਵਾਇਰਸ ਵਰਗੀ ਮਹਾਂਮਾਰੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਤੁਰੰਤ ਸੇਫ਼ਟੀ ਕਿੱਟਾਂ ਵੀ ਮੁਹੱਈਆ ਕਰਵਾਏ।

ਅੰਤ ਵਿਚ ‘ਆਪ’ ਨੇਤਾ ਨੇ ਸਰਕਾਰ ਤੋਂ ਇਨ੍ਹਾਂ ਕਰਮਚਾਰੀਆਂ ਲਈ ਵਿਸੇਸ ਵਿੱਤੀ ਰਾਹਤ ਦਾ ਐਲਾਨ ਕਰਨ ਦੀ ਮੰਗ ਕਰਦਿਆਂ ਸੂਬਾ ਭਰ ਦੇ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਕੋਰੋਨਾ ਦੇ ਵਿਰੁੱਧ ਜ਼ਬਰਦਸਤ ਲੜਾਈ ਲੜਨ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂਕਿ ਕੋਰੋਨਾ-ਵਾਇਰਸ ਨੂੰ ਹਰਾਇਆ ਜਾ ਸਕੇ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES