ਚੰਡੀਗੜ੍ਹ, 31 ਜਨਵਰੀ, 2020 –
ਪੰਜਾਬ ਤੇ ਹਰਿਆਣਾ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਮੰਤਰੀ ਮੰਡਲ ਨੇ ਸਾਬਕਾ ਫੌਜੀਆਂ/ਸਾਬਕਾ ਫੌਜੀਆਂ ਦੇ ਵਾਰਸਾਂ/ਬਹਾਦਰੀ ਪੁਰਸਕਾਰ ਜੇਤੂਆਂ ਦੇ ਪੋਤੇ/ਪੋਤੀਆਂ ਨੂੰ ਰਾਖਵਾਂਕਰਨ ਵਿੱਚ ਤਰਜੀਹ ਪੀੜ੍ਹੀ ਦਰ ਪੀੜ੍ਹੀ (ਲੀਨੀਅਲ ਹਈਰਾਰਕੀ) ਦੇ ਪ੍ਰਚਲਿਤ ਸਿਧਾਂਤ ਅਨੁਸਾਰ ਨਿਸ਼ਚਤ ਕਰਨ ਦਾ ਫੈਸਲਾ ਕੀਤਾ ਹੈ।
ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਪੇਸ਼ ਕੀਤੀ ਤਜਵੀਜ਼ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੰਤਰੀ ਮੰਡਲ ਨੇ ਪੰਜਾਬ ਰਿਕਰੂਟਮੈਂਟ ਆਫ ਐਕਸ-ਸਰਵਿਸਮੈਨ ਰੂਲਜ਼-1982 ਦੇ ਨਿਯਮ 4 ਦੇ ਤੀਜੇ ਉਪਬੰਧ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਸੋਧੀ ਹੋਏ ਇਸ ਉਪਬੰਧ ਮੁਤਾਬਕ ਰਾਖਵੀਂ ਅਸਾਮੀ ਵਿਰੁੱਧ ਭਰਤੀ ਲਈ ਜੇਕਰ ਕੋਈ ਸਾਬਕਾ ਫੌਜੀ ਨਾ ਹੋਵੇ ਅਤੇ ਅੱਗੇ ਉਸ ਦੀ ਪਤਨੀ ਜਾਂ ਆਸ਼ਰਿਤ ਬੱਚਾ ਮੌਜੂਦ ਨਾ ਹੋਵੇ ਤਾਂ ਅਜਿਹੀ ਅਸਾਮੀ ਨੂੰ ਬਹਾਦਰੀ ਪੁਰਸਕਾਰ ਜੇਤੂ ਦੇ ਪੋਤੇ/ਪੋਤੀ ਦੀ ਭਰਤੀ ਰਾਹੀਂ ਭਰਿਆ ਜਾਵੇਗਾ ਬਸ਼ਰਤੇ ਕਿ ਦੂਜੇ ਉਪਬੰਧ ਵਿੱਚ ਦਰਜ ਸ਼ਰਤਾਂ ਮੁਤਾਬਕ ਪੁਰਸਕਾਰ ਜੇਤੂ ਨੇ ਖੁਦ ਜਾਂ ਉਨ੍ਹਾਂ ਦੇ ਬੱਚਿਆਂ ਜਾਂ ਆਸ਼ਰਿਤਾਂ ਵਿੱਚੋਂ ਕਿਸੇ ਨੇ ਵੀ ਰਾਖਵਾਂਕਰਨ ਦਾ ਲਾਭ ਨਾ ਲਿਆ ਹੋਵੇ। ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬਹਾਦਰੀ ਪੁਰਸਕਾਰ ਜੇਤੂਆਂ ਦੇ ਪੋਤੇ/ਪੋਤੀਆਂ ਨੂੰ ਰਾਖਵਾਂਕਰਨ ਦਾ ਲਾਭ ਦੇਣ ਦਾ ਫੈਸਲਾ ਪਹਿਲਾਂ ਹੀ ਕੀਤਾ ਹੋਇਆ ਹੈ।
ਮੇਜਰ ਰਵਿੰਦਰ ਸਿੰਘ ਸੰਧੂ ਦੇ ਆਸ਼ਰਿਤ ਲਈ ਨੌਕਰੀ ਦੇਣ ਦੀ ਪ੍ਰਵਾਨਗੀ ਮੰਤਰੀ ਮੰਡਲ ਨੇ ਭਾਰਤੀ ਫੌਜ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਮੇਜਰ ਰਵੀਇੰਦਰ ਸਿੰਘ ਸੰਧੂ ਜਿਨ੍ਹਾਂ ਦੀ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦੌਰਾਨ ਸੁਡਾਨ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਸੀ, ਦੇ ਅਗਲੇ ਵਾਰਸ ਨੂੰ ਨੌਕਰੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ।
ਮੰਤਰੀ ਮੰਡਲ ਨੇ ‘ਮਾਣ ਤੇ ਸ਼ੁਕਰਾਨੇ ਦੀ ਨੌਕਰੀ’ ਦੀ ਨੀਤੀ ਤਹਿਤ ਆਉਂਦੇ ਲਾਭਾਂ ਦੇ ਬਰਾਬਰ ਲਾਭ ਦੇਣ ਦਾ ਫੈਸਲਾ ਕੀਤਾ ਹੈ।
ਇਹ ਜ਼ਿਕਰਯੋਗ ਹੈ ਕਿ ਮੇਜਰ ਰਵੀਇੰਦਰ ਸਿੰਘ ਸੰਧੂ ਕਾਰਪਸ ਆਫ ਸਿਗਨਲ ਸੁਡਾਨ ਵਿੱਚ ਯੂ.ਐਨ. ਮਿਸ਼ਨ ਵਿੱਚ ਸੇਵਾ ਨਿਭਾਅ ਰਹੇ ਸਨ।
ਇਸ ਅਧਿਕਾਰੀ ਦੀ ਦਿਲ ਤੇ ਫੇਫੜੇ ਦੀ ਬਿਮਾਰੀ ਕਾਰਨ 6 ਨਵੰਬਰ, 2019 ਨੂੰ ਮੌਤ ਹੋ ਗਈ ਸੀ। ਇਸ ਅਧਿਕਾਰੀ ਦੀ ਮੌਤ ਨੂੰ ਜੰਗੀ ਮੌਤ ਨਹੀਂ ਐਲਾਨਿਆ ਗਿਆ ਸੀ ਜਿਸ ਕਾਰਨ ਉਨ੍ਹਾਂ ਦੇ ਆਸ਼ਰਿਤ ਨੂੰ ਕਿਸੇ ਵੀ ਮੌਜੂਦਾ ਨੀਤੀ ਤਹਿਤ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਸੀ ਅਤੇ ਇਸ ਕਰਕੇ ਮੰਤਰੀ ਮੰਡਲ ਨੇ ਉਪਰੋਕਤ ਲਾਭ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।