ਯੈੱਸ ਪੰਜਾਬ
ਚੰਡੀਗੜ੍ਹ, 14 ਜੂਨ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਿਚਾਲੇ ਮਤਭੇਦਾਂ ਦੇ ਚੱਲਦਿਆਂ ਦੋਹਾਂ ਧਿਰਾਂ ਦੇ ਰਿਸ਼ਤਿਆਂ ਵਿਚ ਆਈ ਖ਼ਟਾਸ ਇਕ ਨਵੀਂ ਸਿਖ਼ਰ ਵੇਖ਼ ਸਕਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਦੇ ਬਿਜਲੀ ਵਿਭਾਗ ਦਾ ਚਾਰਜ ਨਾ ਸੰਭਾਲਣ ਤੋਂ ਔਖ਼ੇ ਦੱਸੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਹੁਣ ਖ਼ੁਦ ਇਸ ਵਿਭਾਗ ਦਾ ਚਾਰਜ ਸੰਭਾਲ ਸਕਦੇ ਹਨ। ਇਸ ਲਈ ਇਹੀ ਆਧਾਰ ਬਣਾਇਆ ਜਾ ਰਿਹਾ ਹੈ ਕਿ ਸ:ਸਿੱਧੂ ਆਪਣੇ ਨਵੇਂ ਵਿਭਾਗ ਦਾ ਚਾਰਜ ਨਹੀਂ ਸੰਭਾਲ ਰਹੇ ਅਤੇ ਹੁਣ ਝੋਨੇ ਦੀ ਲੁਆਈ ਕਰਕੇ ਰਾਜ ਦੀਆਂ ਬਿਜਲੀ ਲੋੜਾਂ ਵਿਚ ਹੋਏ ਵਾਧੇ ਸਦਕਾ ਇਹ ਮਹਿਕਮਾ ਖ਼ਾਲੀ ਨਹੀਂ ਛੱਡਿਆ ਜਾ ਸਕਦਾ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਦੇ ਵਿਭਾਗਾਂ ਵਿਚ 6 ਜੂਨ ਨੂੰ ਕੀਤੇ ਵਿਭਾਗਾਂ ਦੀ ਫ਼ੇਰਬਦਲ ਦੌਰਾਨ ਸ: ਸਿੱਧੂ ਤੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਵਾਪਿਸ ਲੈ ਕੇ ਉਨ੍ਹਾਂ ਨੂੰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮਹਿਕਮੇ ਦਿੱਤੇ ਗਏ ਸਨ ਪਰ ਇਸਨੂੰ ਆਪਣੀ ਹੇਠੀ ਅਤੇ ਆਪਣੇ ਨਾਲ ਵਿਤਕਰਾ ‘ਕਰਾਰ’ ਦਿੰਦਿਆਂ ਸ:ਸਿੱਧੂ ਨੇ ਅੱਜ 8 ਦਿਨ ਲੰਘ ਜਾਣ ਬਾਅਦ ਵੀ ਇਸ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ।
ਵਰਨਣਯੋਗ ਹੈ ਕਿ ਭਾਵੇਂ ਸ: ਸਿੱਧੂ ਨੇ ਇਸ ਸੰਬੰਧੀ ਪਾਰਟੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਸ੍ਰੀਮਤੀ ਪਿਅੰਕਾ ਗਾਂਧੀ ਨੂੰ ਮਿਲ ਕੇ ਆਪਣੀ ‘ਸ਼ਿਕਾਇਤ’ ਦਰਜ ਕਰਵਾਈ ਸੀ ਅਤੇ ਉਨ੍ਹਾਂ ਨੇ ਦੋਹਾਂ ਨੇਤਾਵਾਂ ਦੇ ਮਤਭੇਦ ਦੂਰ ਕਰਾਉਣ ਲਈ ਸ੍ਰੀ ਅਹਿਮਦ ਪਟੇਲ ਦੀ ਡਿਊਟੀ ਲਗਾਈ ਸੀ ਪਰ ਹਾਲਾਤ ਇਹ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸ:ਸਿੱਧੂ ਵਿਚਾਲੇ ਗੱਲਬਾਤ ਦਾ ਕੋਈ ਰਾਹ ਨਹੀਂ ਖੁਲ੍ਹਾ ਹੈ ਜਿਸ ਕਰਕੇ ਅਜੇ ਇਸ ਗੱਲ ਬਾਰੇ ਭੰਬਲਭੂਸਾ ਬਰਕਰਾਰ ਹੈ ਕਿ ਸ: ਸਿੱਧੂ ਆਪਣੇ ਨਵੇਂ ਮਹਿਕਮੇ ਦਾ ਚਾਰਜ ਸੰਭਾਲਣਗੇ ਵੀ ਜਾਂ ਨਹੀਂ।
ਉਂਜ ਮਹਿਕਮਾ ਬਦਲੇ ਜਾਣ ਤੋਂ ਨਾਰਾਜ਼ ਸਿੱਖ਼ਿਆ ਮੰਤਰੀ ਸ੍ਰੀ ਉ.ਪੀ.ਸੋਨੀ ਨੇ ਵੀ ਅਜੇ ਤਾਈਂ ਮੈਡੀਕਲ ਸਿੱਖਿਆ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ।