ਕੈਪਟਨ-ਸਿੱਧੂ ਕੇਸ ਦੀ ‘ਪੈਰਵਾਈ’ ਲਈ ਪੰਜਾਬ ਦੇ ਤਿੰਨ ਮੰਤਰੀ ਅਹਿਮਦ ਪਟੇਲ ਨੂੰ ਮਿਲੇ

ਯੈੱਸ ਪੰਜਾਬ
ਨਵੀਂ ਦਿੱਲੀ, 5 ਜੁਲਾਈ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਿਚਲੀ ਮਤਭੇਦਾਂ ਦੀ ਲਕੀਰ ਲਗਾਤਾਰ ਗੂੜ੍ਹੀ ਹੁੰਦੀ ਜਾ ਰਹੀ ਹੈ।

ਸ: ਸਿੱਧੂ ਦੀ ਧਰਮਪਤਨੀ ਸ੍ਰੀਮਤੀ ਡਾ: ਨਵਜੋਤ ਕੌਰ ਸਿੰਧੂ ਦੇ ਦੋ ਦਿਨ ਪਹਿਲਾਂ ਸਾਹਮਣੇ ਆ ਕੇ ਦਿੱਤੇ ਇਕ ਸੰਖੇਪ ਬਿਆਨ ਤੋਂ ਤੁਰੰਤ ਬਾਅਦ ਪੰਜਾਬ ਦੇ ਤਿੰਨ ਮੰਤਰੀਆਂ ਵੱਲੋਂ ਵੀਰਵਾਰ ਨੂੰ ਦਿੱਲੀ ਵਿਖੇ ਸੀਨੀਅਰ ਕਾਂਗਰਸ ਆਗੂ ਸ੍ਰੀ ਅਹਿਮਦ ਪਟੇਲ ਨਾਲ ਕੀਤੀ ਗਈ ਮੁਲਾਕਾਤ ਹੁਣ ਇਸ ਮਾਮਲੇ ਨੂੰ ਹੋਰ ਦਿਲਚਸਪ ਪਰ ਪੇਚੀਦਾ ਬਣਾ ਗਈ ਹੈ

ਸੂਤਰਾਂ ਅਨੁਸਾਰ ਸਿੱਧੂ ਤੋਂ ਵਾਪਿਸ ਲਿਆ ਗਿਆ ਸਥਾਨਕ ਸਰਕਾਰਾਂ ਮਹਿਕਮਾ ਸੰਭਾਲਣ ਵਾਲੇ ਸ੍ਰੀ ਬ੍ਰਹਮ ਮਹਿੰਦਰਾ ਆਪਣੇ ਦੋ ਵਜ਼ੀਰ ਸਾਥੀਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸ: ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਸਣੇ ਸ੍ਰੀ ਅਹਿਮਦ ਪਟੇਲ ਨੂੰ ਮਿਲੇ। ਯਾਦ ਰਹੇ ਕਿ ਕਾਂਗਰਸ ਪ੍ਰਧਾਨ ਹੁੰਦਿਆਂ ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਅਹਿਮਦ ਪਟੇਲ ਦੀ ਜ਼ਿੰਮੇਵਾਰੀ ਲਗਾਈ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਸ: ਨਵਜੋਤ ਸਿੰਘ ਸਿੱਧੂ ਵਿਚਾਲੇ ਉੱਭਰੇ ਮਤਭੇਦਾਂ ਦਾ ਨਿਪਟਾਰਾ ਕਰਨ।

ਪਤਾ ਲੱਗਾ ਹੈ ਕਿ ਦਿੱਲੀ ਗਏ ਆਗੂਆਂ ਨੇ ਸ: ਸਿੱਧੂ ਦੀ ਬਤੌਰ ਮੰਤਰੀ ਕਾਰਗੁਜ਼ਾਰੀ ਅਤੇ ਉਨ੍ਹਾਂ ਵੱਲੋਂ ਵਿਭਾਗ ਬਦਲੇ ਜਾਣ ਮਗਰੋਂ ਆਪਣਾ ਮਹਿਕਮਾ ਨਾ ਸੰਭਾਲੇ ਜਾਣ ਬਾਰੇ ਸ੍ਰੀ ਅਹਿਮਦ ਪਟੇਲ ਨਾਲ ਗੱਲਬਾਤ ਕੀਤੀ।

ਜ਼ਿਕਰਯੋਗ ਹੈ ਕਿ ਸ: ਸਿੱਧੂ ਨੇ ਉਨ੍ਹਾਂ ’ਤੇ ਸਥਾਨਕ ਸਰਕਾਰਾਂ ਮਹਿਕਮੇ ਦਾ ਕੰਮ ਕਾਜ ਠੀਕ ਢੰਗ ਨਾਲ ਨਾ ਸੰਭਾਲਣ ਦੇ ਲਾਏ ਦੋਸ਼ ਅਤੇ ਇਸ ਕਾਰਨ ਹੀ ਕਾਂਗਰਸ ਪਾਰਟੀ ਦਾ ਸ਼ਹਿਰੀ ਖ਼ੇਤਰਾਂ ਵਿਚ ਚੋਣਾਂ ਦੌਰਾਨ ਪ੍ਰਦਰਸ਼ਨ ਠੀਕ ਨਾ ਹੋਣ ਦੇ ਕੈਪਟਨ ਕੈਂਪ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦੀ ਕਾਟ ਲਈ ਸ੍ਰੀ ਰਾਹੁਲ ਗਾਂਧੀ ਨੂੰ ਆਪਣੇ ਕਾਰਜਕਾਲ ਦੌਰਾਨ ਸਥਾਨਕ ਸਰਕਾਰਾਂ ਮਹਿਕਮੇ ਦੀ ਕਾਰਗੁਜ਼ਾਰੀ ਦਾ ਲੇਖ਼ਾ ਜੋਖ਼ਾ ਸੌਂਪਿਆ ਸੀ।

ਸੂਤਰਾਂ ਅਨੁਸਾਰ ਸ੍ਰੀ ਬ੍ਰਹਮ ਮਹਿੰਦਰਾ ਨੇ ਸ੍ਰੀ ਅਹਿਮਦ ਪਟੇਲ ਨੂੰ ਸ:ਸਿੱਧੂ ਦੇ ਸਮੇਂ ਦੀ ਸਥਾਨਕ ਸਰਕਾਰਾਂ ਮਹਿਕਮੇ ਦੀ ‘ਕਾਰਗੁਜ਼ਾਰੀ’ ਬਿਆਨ ਕੀਤੀ ਜਦਕਿ ਸ:ਚੰਨੀ ਨੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਦਾ ਹਾਲ ਬਿਆਨ ਕੀਤਾ।

ਸ੍ਰੀ ਅਹਿਮਦ ਪਟੇਲ ਨੂੂੰ ਇਹ ਵੀ ਦੱਸਿਆ ਗਿਆ ਕਿ ਸ: ਸਿੱਧੂ ਵੱਲੋਂ ਹੁਣ ਬਿਜਲੀ ਮਹਿਕਮੇ ਦਾ ਕਾਰਜਭਾਰ ਨਾ ਸੰਭਾਲੇ ਜਾਣ ਕਾਰਨ ਜਿੱਥੇ ਮਹਿਕਮੇ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਹੈ ਉੱਥੇ ਪਾਰਟੀ ਦੀ ਸੂਬੇ ਵਿਚ ਸਿਆਸੀ ਸਥਿਤੀ ਵੀ ਹਾਸੋਹੀਣੀ ਬਣੀ ਹੋਈ ਹੈ।

Share News / Article

YP Headlines