ਕੈਪਟਨ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਜੀ.ਐਸ.ਟੀ. ਭੁਗਤਾਨ ਲਈ ਸ਼੍ਰੋਮਣੀ ਕਮੇਟੀ ਦੇ ਖ਼ਾਤੇ ਵਿਚ 1.96 ਕਰੋੜ ‘ਟਰਾਂਸਫ਼ਰ’

ਚੰਡੀਗੜ, 24 ਸਤੰਬਰ, 2019 –
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਲੰਗਰ ’ਤੇ ਲਗਦੇ ਜੀ.ਐਸ.ਟੀ. ਦਾ ਭੁਗਤਾਨ ਕਰਨ ਲਈ ਸਾਰੀ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਖਾਤੇ ਵਿੱਚ 1,96,57,190 ਰੁਪਏ ਤਬਦੀਲ ਕਰ ਦਿੱਤੇ ਹਨ ਜਿਸ ਨਾਲ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਸਮੁੱਚੇ ਬਕਾਏ ਦਾ ਨਿਪਟਾਰਾ ਹੋ ਗਿਆ ਹੈ।

ਸੂਬੇ ਦੇ ਵਿਸ਼ੇਸ਼ ਮੁੱਖ ਸਕੱਤਰ ਮਾਲ ਕੇ.ਬੀ.ਐਸ. ਸਿੱਧੂ ਨੇ ਦੱਸਿਆ ਕਿ ਇਸ ਨਾਲ ਐਸ.ਜੀ.ਪੀ.ਸੀ. ਵੱਲ ਸੂਬੇ ਦੀ ਕੋਈ ਵੀ ਦੇਣਦਾਰੀ ਬਾਕੀ ਨਹੀਂ ਰਹਿ ਗਈ। ਉਨਾਂ ਦੱਸਿਆ ਕਿ ਬਾਕੀ ਦੋ ਧਾਰਮਿਕ ਸਥਾਨਾਂ ਸ੍ਰੀ ਦੁਰਗਿਆਨਾ ਮੰਦਰ, ਅੰਮਿ੍ਰਤਸਰ ਅਤੇ ਸ੍ਰੀ ਵਾਲਮੀਕਿ ਸਥਲ ਰਾਮ ਤੀਰਥ, ਅੰਮਿ੍ਰਤਸਰ ਪਾਸੋਂ ਸਰਕਾਰ ਨੇ ਅਜੇ ਤੱਕ ਕੋਈ ਵੀ ਕਲੇਮ ਹਾਸਲ ਨਹੀਂ ਕੀਤਾ ਜਿਸ ਲਈ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਮਈ ਮਹੀਨੇ ਵਿੱਚ ਚਾਰ ਕਰੋੜ ਰੁਪਏ ਦੀ ਰਾਸ਼ੀ ਸੌਂਪ ਦਿੱਤੀ ਸੀ।

ਜੀ.ਐਸ.ਟੀ. ਬਿਲਾਂ ਦੇ ਬਕਾਏ ਦੇ ਭੁਗਤਾਨ ਲਈ ਰਾਸ਼ੀ ਦੀ ਕੀਤੀ ਵੰਡ ਮੁਤਾਬਕ ਸ੍ਰੀ ਦਰਬਾਰ ਸਾਹਿਬ ਲਈ 3.5 ਕਰੋੜ ਰੁਪਏ ਰੱਖੇ ਗਏ ਸਨ ਜਦਕਿ ਦੁਰਗਿਆਨਾ ਮੰਦਰ ਲਈ 35 ਹਜ਼ਾਰ ਰੁਪਏ ਅਤੇ ਬਾਕੀ ਰਹਿੰਦੀ ਰਕਮ ਵਾਲਮੀਕਿ ਸਥਲ ਰਾਮ ਤੀਰਥ ਲਈ ਰੱਖੇ ਗਏ ਹਨ।

ਸ੍ਰੀ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਦੇ ਵਿੱਤ ਤੇ ਮਾਲ ਵਿਭਾਗਾਂ ਨੂੰ ਇਨਾਂ ਤਿੰਨਾਂ ਧਾਰਮਿਕ ਸਥਾਨਾਂ ਵੱਲੋਂ 1 ਅਗਸਤ, 2017 ਤੋਂ ਜੀ.ਐਸ.ਟੀ. ਵਿਰੁੱਧ ਕੀਤੇ ਕਿਸੇ ਵੀ ਕਲੇਮ ਦਾ ਫੌਰੀ ਭੁਗਤਾਨ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਹੋਏ ਹਨ। ਉਨਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਨੇ ਇਨਾਂ ਤਿੰਨਾਂ ਸਥਾਨਾਂ ਦੇ ਭਵਿੱਖ ਵਿੱਚ ਵੀ ਸਾਰੇ ਕਲੇਮ ਦਾ ਤੁਰੰਤ ਭੁਗਤਾਨ ਕਰਨ ਦੀ ਹਦਾਇਤ ਕੀਤੀ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਇਨਾਂ ਤਿੰਨਾਂ ਧਾਰਮਿਕ ਸਥਾਨਾਂ ਲਈ ਲਗਦੇ ਜੀ.ਐਸ.ਟੀ. ਨੂੰ ਸਹਿਣ ਕਰਨ ਲਈ ਪੂਰਨ ਤੌਰ ’ਤੇ ਵਚਨਬੱਧ ਹੈ ਅਤੇ ਇਸੇ ਆਧਾਰ ’ਤੇ ਪੰਜਾਬ ਨੇ ਆਪਣੇ ਹਿੱਸੇ ਦਾ 100 ਫੀਸਦੀ ਰਿਫੰਡ ਕਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਚੋਣਾਂ ਵਿੱਚ ਲਾਹਾ ਲੈਣ ਖਾਤਰ ਧਰਮ ਦੀ ਦੁਰਵਰਤੋਂ ਕਰਨ ਦੀਆਂ ਨਿਰਾਸ਼ ਕੋਸ਼ਿਸ਼ਾਂ ਕਰ ਰਹੇ ਸਨ, ਪਰ ਅਸਲ ਤੱਥ ਇਹ ਸੀ ਕਿ ਪੰਜਾਬ ਵਿਧਾਨ ਸਭਾ ਵਿਚ ਬਜਟ ਸੈਸ਼ਨ ਤੋਂ ਲੋੜੀਂਦੀ ਬਜਟ ਪ੍ਰਵਾਨਗੀ ਲਏ ਜਾਣ ਤੋਂ ਤੁਰੰਤ ਬਾਅਦ ਜੀ.ਐਸ.ਟੀ. ਰਿਫੰਡ ਦੀ ਬਕਾਇਆ ਰਾਸ਼ੀ ਨੂੰ ਜਾਰੀ ਕਰਨ ਦੀ ਪ੍ਰਕਿ੍ਰਆ ਸੁਰੂ ਕਰ ਦਿੱਤੀ ਗਈ ਸੀ ਅਤੇ ਵਿੱਤ ਵਿਭਾਗ ਨੇ ਰਾਸ਼ੀ ਤਿਮਾਹੀ ਤੌਰ ‘ਤੇ ਜਾਰੀ ਕਰਨ ਦੇ ਆਪਣੇ ਦਿਸ਼ਾ ਨਿਰਦੇਸ਼ਾਂ ਵਿਚ ਢਿੱਲ ਦਿੱਤੀ ਸੀ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਨਵੇਂ ਬਜਟ ਹੈੱਡ ਕਾਇਮ ਕਰਨ ਤੋਂ ਬਾਅਦ ਵਿੱਤ ਵਿਭਾਗ ਵੱਲੋਂ ਨਵੇਂ ਡੀਡੀਓ (ਡਰਾਅਇੰਗ ਐਂਡ ਡਿੱਸਬਰਸਿੰਗ ਆਫੀਸਰ) ਕੋਡ ਬਣਾਉਣ ਦੀ ਪ੍ਰਕਿਰਿਆ ਅਕਾੳੂਟੈਂਟ ਜਨਰਲ, ਪੰਜਾਬ ਕੋਲ ਉਠਾਈ ਗਈ ਹੈ। ਜਿਵੇਂ ਹੀ ਇਹ ਪ੍ਰਕਿਰਿਆ ਮੁਕੰਮਲ ਹੋ ਗਈ ਤਾਂ ਬਕਾਇਆ ਜੀਐਸਟੀ ਰੀਫੰਡ 1,96,57,190 ਰੁਪਏ ਐਸਜੀਪੀਸੀ ਦੇ ਖਾਤੇ ਵਿੱਚ ਪਾ ਦਿੱਤੇ ਗਏ।

ਇਸ ਸੰਵੇਦਨਸ਼ੀਲ ਧਾਰਮਿਕ ਮੁੱਦੇ ’ਤੇ ਲੋਕਾਂ ਨੂੰ ਝੂਠ ਸਹਾਰੇ ਗੁੰਮਰਾਹ ਕਰਨ ਲਈ ਅਕਾਲੀ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਨਾਂ ਹੀ ਨਹੀਂ, ਸੂਬਾਈ ਸਰਕਾਰ ਵੱਲੋਂ ਪੂਰੀ ਬਕਾਇਆ ਰਾਸ਼ੀ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਸ ਦੀ ਨਿਰਵਿਘਨ ਵੰਡ ਯਕੀਨੀ ਬਣਾਈ ਜਾ ਸਕੇ।

ਇਸ ਮੁੱਦੇ ’ਤੇ ਅਕਾਲੀ ਦਲ ਦੇ ਬਿਆਨਾਂ ਨੂੰ ਸ਼ਰਮਨਾਕ ਅਤੇ ਨਿੰਦਣਯੋਗ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਦੇ ਉਲਟ ਕਾਂਗਰਸ ਨੂੰ ਆਪਣੇ ਵਾਅਦਿਆਂ ਤੋਂ ਮੁਕਰਨ ਦੀ ਆਦਤ ਨਹੀਂ ਅਤੇ ਅਕਾਲੀ ਆਗੂਆਂ ਵੱਲੋਂ ਆਪਣੇ ਨਿੱਜੀ ਅਤੇ ਰਾਜਸੀ ਹਿੱਤਾਂ ਖ਼ਾਤਰ ਧਰਮ ਦੀ ਦੁਰਵਰਤੋਂ ਨੂੰ ਜਾਇਜ਼ ਮੰਨਿਆ ਜਾਂਦਾ ਹੈ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES