ਕੈਪਟਨ ਸਰਕਾਰ ਨੇ ਪੰਜਾਬ ਵਿੱਚ ਹੜ੍ਹ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 475.56 ਕਰੋੜ ਰੁਪਏ ਰੱਖੇ

ਚੰਡੀਗੜ, 28 ਅਗਸਤ, 2019:

ਸੂਬੇ ਦੇ ਹੜ ਪ੍ਰਭਾਵਿਤ ਜ਼ਿਲਿਆਂ ਲਈ 475.56 ਕਰੋੜ ਰੁਪਏ ਦੀ ਰਕਮ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਤੋਂ ਬਾਅਦ ਫੌਰੀ ਤੌਰ ’ਤੇ ਕੀਤੇ ਜਾਣ ਵਾਲੇ ਕੰਮਾਂ ਸਮੇਤ ਵਿਆਪਕ ਤੌਰ ’ਤੇ ਮੁੜ ਵਸੇਬਾ ਯੋਜਨਾਵਾਂ ਤਿਆਰ ਕਰਨ ਦੇ ਹੁਕਮ ਦਿੱਤੇ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 242.33 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਕੰਮਾਂ ਅਤੇ ਰਾਹਤ ਕਾਰਜਾਂ ਲਈ ਵਰਤੇ ਜਾ ਰਹੇ ਹਨ ਜਦਕਿ 233.32 ਕਰੋੜ ਰੁਪਏ ਨੁਕਸਾਨ ਦਾ ਸਹੀ ਢੰਗ ਨਾਲ ਅਨੁਮਾਨ ਲਾਉਣ ਅਤੇ ਯੋਜਨਾਵਾਂ ਤਿਆਰ ਕਰਨ ਤੋਂ ਬਾਅਦ ਘੱਟ ਅਤੇ ਲੰਮੇ ਸਮੇਂ ਵਿਚ ਮੁਹੱਈਆ ਕਰਵਾਏ ਜਾਣਗੇ।

ਹੜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਫਤ ਪ੍ਰਬੰਧਨ ਗਰੁੱਪ ਦੀ ਅਗਵਾਈ ਕਰ ਰਹੇ ਮੁੱਖ ਸਕੱਤਰ ਨੂੰ ਹੜਾਂ ਤੋਂ ਬਾਅਦ ਬੁਨਿਆਦੀ ਢਾਂਚੇ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਆਖਿਆ ਕਿਉਂ ਜੋ ਸੂਬੇ ਵਿਚ ਭਾਰੀ ਹੜਾਂ ਕਾਰਨ ਜਨਤਕ ਜਾਇਦਾਦਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ।

ਉਨਾਂ ਨੇ ਹੜਾਂ ਤੋਂ ਬਾਅਦ ਦੇ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਕਿ ਪ੍ਰਭਾਵਿਤ ਜ਼ਿਲਿਆਂ ਵਿਚ ਉਲੀਕੀਆਂ ਗਈਆਂ ਯੋਜਨਾਵਾਂ ਮੁਤਾਬਿਕ ਤੈਅ ਸਮੇਂ ਵਿਚ ਕਾਰਜ ਯਕੀਨੀ ਬਣਾਏ ਜਾ ਸਕਣ।

ਮੁੱਖ ਮੰਤਰੀ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵਿਆਪਕ ਪੱਧਰ ’ਤੇ ਮੁੜ ਵਸੇਬਾ ਯੋਜਨਾਵਾਂ ਉਲੀਕਣ ਲਈ ਆਖਿਆ। ਉਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਹੜ ਪੀੜਤ ਲੋਕਾਂ ਨੂੰ ਪੀਣ ਵਾਲਾ ਪਾਣੀ, ਭੋਜਨ, ਛੱਤ ਅਤੇ ਦਵਾਈਆਂ ਉਸ ਸਮੇਂ ਤੱਕ ਮੁਹੱਈਆ ਕਰਵਾਉਣੀਆਂ ਜਾਰੀ ਰੱਖੀਆਂ ਜਾਣ, ਜਦੋਂ ਤੱਕ ਉਨਾਂ ਨੂੰ ਇਸ ਦੀ ਲੋੜ ਹੈ।

ਮੁੱਖ ਮੰਤਰੀ ਨੇ ਪਸ਼ੂ ਪਾਲਣ ਵਿਭਾਗ ਨੂੰ ਵੀ ਪ੍ਰਭਾਵਿਤ ਇਲਾਕਿਆਂ ਵਿਚ ਪਹਿਲ ਦੇ ਅਧਾਰ ’ਤੇ ਪਸ਼ੂਆਂ ਲਈ ਦਵਾਈਆਂ ਤੇ ਚਾਰਾ ਮੁਹੱਈਆ ਕਰਵਾਉਣ ਲਈ ਆਖਿਆ।

ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਹੜ ਰਾਹਤ ਅਤੇ ਬੁਨਿਆਦੀ ਢਾਂਚੇ ਦੇ ਕੰਮ ਕਰਨ ਲਈ ਕੁਲ 475.56 ਕਰੋੜ ਰੁਪਏ ਰੱਖੇ ਗਏ ਹਨ ਜਿਨਾਂ ਵਿਚੋਂ 68.75 ਕਰੋੜ ਰੁਪਏ ਰੂਪਨਗਰ ਜ਼ਿਲੇ ਵਿਚ ਲੋੜੀਂਦੇ ਕਾਰਜਾਂ ’ਤੇ ਖਰਚੇ ਜਾਣਗੇ। ਇਸੇ ਤਰਾਂ ਮੋਗਾ ਲਈ 91.38 ਕਰੋੜ ਰੁਪਏ, ਜਲੰਧਰ ਲਈ 119.85 ਕਰੋੜ ਰੁਪਏ, ਕਪੂਰਥਲਾ ਲਈ 189.62 ਕਰੋੜ ਰੁਪਏ, ਫਾਜ਼ਿਲਕਾ ਲਈ 54 ਲੱਖ ਰੁਪਏ ਅਤੇ ਫਿਰੋਜ਼ਪੁਰ ਲਈ 5.42 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਨੂੰ ਆਖਿਆ ਕਿ ਅਗਲੀਆਂ ਫਸਲਾਂ ਦੀ ਬੀਜਾਈ ਤੋਂ ਪਹਿਲਾਂ ਪ੍ਰਭਾਵਿਤ ਹੋਈ ਖੇਤੀ ਜ਼ਮੀਨ ਨੂੰ ਮੁੜ ਵਰਤੋਂ ਯੋਗ ਬਣਾਇਆ ਜਾਵੇ। ਇਸ ਸਬੰਧ ਵਿਚ ਉਨਾਂ ਕਿਹਾ ਕਿ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਨਾ ਸਿਰਫ ਮੁਆਵਜ਼ਾ ਦਿੱਤਾ ਜਾਵੇਗਾ ਸਗੋਂ ਅਗਲੀ ਫਸਲ ਦੀ ਬੀਜਾਈ ਲਈ ਮੁਫ਼ਤ ਬੀਜ ਵੀ ਮੁਹੱਈਆ ਕਰਵਾਇਆ ਜਾਵੇਗਾ।

ਇਸੇ ਦੌਰਾਨ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਹੜ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ 12 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਵਿਚ ਪੰਜ ਹਜ਼ਾਰ ਰੁਪਏ ਭਾਰਤ ਸਰਕਾਰ ਦਾ ਅਤੇ ਸੱਤ ਹਜ਼ਾਰ ਰੁਪਏ ਸੂਬਾ ਸਰਕਾਰ ਦੀ ਹਿੱਸੇਦਾਰੀ ਹੈ। ਇਸ ਮੁਆਵਜ਼ੇ ਵਿਚ ਹੜਾਂ ਨਾਲ ਖਰਾਬ ਹੋਈ ਜ਼ਮੀਨ ਵਿਚੋਂ ਗਾਰ ਕੱਢਣਾ ਵੀ ਸ਼ਾਮਲ ਹੈ। ਇਹ ਮੁਆਵਜ਼ਾ ਵਿਸ਼ੇਸ਼ ਗਿਰਦਾਵਰੀ ਮੁਕੰਮਲ ਹੋਣ ਤੋਂ ਬਾਅਦ ਵੰਡਿਆ ਜਾਵੇਗਾ ਅਤੇ ਸੂਬੇ ਦੇ ਮਾਲ ਵਿਭਾਗ ਵੱਲੋਂ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਦਿੱਤੇ ਹੋਏ ਹਨ।

ਹੜਾਂ ਨਾਲ ਪ੍ਰਭਾਵਿਤ ਕਿਸਾਨਾਂ ਵੱਲੋਂ ਸਹਿਕਾਰੀ ਬੈਂਕਾਂ ਤੋਂ ਚੁੱਕੇ ਫਸਲੀ ਕਰਜ਼ੇ ਦੀ ਵਸੂਲੀ ਅੱਗੇ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਵਪਾਰਕ ਬੈਂਕਾਂ ਵੱਲੋਂ ਵੀ ਅਜਿਹਾ ਹੀ ਫੈਸਲਾ ਲੈਣ ਲਈ ਉਹ ਇਸ ਮਸਲੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ।

ਇਸੇ ਦੌਰਾਨ ਸੂਬਾ ਸਰਕਾਰ ਨੇ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੜਾਂ ਨਾਲ ਮਾਰੇ ਗਏ ਪਸ਼ੂਆਂ ਦੇ ਮਾਲਕਾਂ ਨੂੰ ਵੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਹੈ ਜਿਸ ਤਹਿਤ ਦੁਧਾਰੂ ਪਸ਼ੂ ਲਈ 30 ਹਜ਼ਾਰ ਰੁਪਏ, ਬਲਦਾਂ ਲਈ 25 ਹਜ਼ਾਰ ਰੁਪਏ ਅਤੇ ਭੇਡ, ਬੱਕਰੀ ਤੇ ਸੂਰ ਲਈ ਤਿੰਨ ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਸੂਬਾ ਸਰਕਾਰ ਵੱਲੋਂ ਆਪਣੀ ਨੀਤੀ ਤਹਿਤ ਪੂਰੀ ਤਰਾਂ ਨੁਕਸਾਨੇ ਗਏ ਪੱਕੇ ਘਰ ਲਈ ਇੱਕ ਲੱਖ ਰੁਪਏ ਅਤੇ ਪੂਰੀ ਤਰਾਂ ਨੁਕਸਾਨੇ ਗਏ ਕੱਚੇ ਘਰ ਲਈ 95 ਹਜ਼ਾਰ ਰੁਪਏ ਦਾ ਮੁਆਵਜ਼ਾ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਇਸੇ ਤਰਾਂ ਜੇਕਰ ਖੇਤ ਮਜ਼ਦੂਰ ਅਤੇ ਹੋਰ ਕਾਮੇ ਸਰਕਾਰ ਵੱਲੋਂ ਸਥਾਪਤ ਕਿਸੇ ਵੀ ਰਾਹਤ ਕੈਂਪ ਵਿਚ ਨਹੀਂ ਰਹੇ ਤਾਂ ਇਸ ਸੂਰਤ ਵਿਚ ਖੇਤ ਮਜ਼ਦੂਰਾਂ ਅਤੇ ਹੋਰ ਕਾਮਿਆਂ ਨੂੰ 60 ਰੁਪਏ ਪ੍ਰਤੀ ਦਿਨ ਅਤੇ 45 ਰੁਪਏ ਪ੍ਰਤੀ ਬੱਚਾ ਪ੍ਰਤੀ ਦਿਨ ਦੇ ਰੂਪ ਵਿਚ ਮੁਆਵਜ਼ਾ ਦਿੱਤਾ ਜਾਵੇਗਾ।

ਹੁਣ ਤੱਕ ਹੜਾਂ ਨਾਲ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ ਜਿਨਾਂ ਵਿਚੋਂ ਫਾਜ਼ਿਲਕਾ, ਰੂਪਨਗਰ ਅਤੇ ਜਲੰਧਰ ਜ਼ਿਲਿਆਂ ’ਚ ਇੱਕ-ਇੱਕ ਵਿਅਕਤੀ ਜਦਕਿ ਲੁਧਿਆਣਾ ਜ਼ਿਲੇ ਵਿਚ ਪੰਜ ਵਿਅਕਤੀ ਮਾਰੇ ਗਏ। ਇੱਕ ਹੋਰ ਲਾਪਤਾ ਹੈ ਅਤੇ 12 ਵਿਅਕਤੀ ਜ਼ਖ਼ਮੀ ਹੋਏ ਹਨ। ਹੜਾਂ ਨਾਲ 1.72 ਲੱਖ ਏਕੜ ਫਸਲੀ ਰਕਬਾ ਪ੍ਰਭਾਵਿਤ ਹੋਇਆ ਹੈ।

ਹੜਾਂ ਨਾਲ ਘਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ ਜਿਨਾਂ ਵਿਚ 298 ਪੱਕੇ ਘਰਾਂ ਨੂੰ ਅੰਸ਼ਕ ਤੌਰ ’ਤੇ ਅਤੇ 1457 ਪੱਕੇ ਘਰਾਂ ਨੂੰ ਪੂਰੀ ਤਰਾਂ ਨੁਕਸਾਨ ਪਹੁੰਚਿਆ ਹੈ। ਇਸੇ ਤਰਾਂ 64 ਕੱਚੇ ਘਰ ਅੰਸ਼ਕ ਤੌਰ ’ਤੇ ਅਤੇ 49 ਕੱਚੇ ਘਰ ਪੂਰੀ ਤਰਾਂ ਨੁਕਸਾਨੇ ਗਏ ਹਨ। ਹੜ ਪ੍ਰਭਾਵਿਤ ਇਲਾਕਿਆਂ ਵਿਚ 4228 ਪਸ਼ੂਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਹੜਾਂ ਦੀ ਲਪੇਟ ’ਚ ਆਏ 5973 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ।

ਪ੍ਰਭਾਵਿਤ ਲੋਕਾਂ ਲਈ 99 ਰਾਹਤ ਕੈਂਪ ਲਾਏ ਗਏ ਜਿੱਥੇ 2776 ਵਿਅਕਤੀ ਪਹੁੰਚੇ। ਇਸੇ ਤਰਾਂ ਚਾਰ ਰਾਹਤ ਕੈਂਪਾਂ ਵਿਚ ਲਗਭਗ ਤਿੰਨ ਹਜ਼ਾਰ ਪਸ਼ੂਆਂ ਨੂੰ ਰੱਖਿਆ ਗਿਆ। 22 ਜ਼ਿਲਿਆਂ ਵਿਚ ਔਸਤਨ 317.63 ਐਮ.ਐਮ ਮੀਂਹ ਪਿਆ ਜਿਸ ਨਾਲ 18 ਜ਼ਿਲਿਆਂ ਦੇ 544 ਪਿੰਡਾਂ ਨੂੰ ਨੁਕਸਾਨ ਹੋਇਆ ਅਤੇ 13,635 ਵਿਅਕਤੀ ਪ੍ਰਭਾਵਿਤ ਹੋਏ।

Share News / Article

YP Headlines